ਨਿਖਿਲ ਸ਼ਰਮਾ, ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਟਲ਼ ਚੁੱਕਾ ਹੈ। ਬੀਸੀਸੀਆਈ ਨੇ ਯੂਏਈ ਵਿਚ ਆਈਪੀਐੱਲ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। 19 ਸਤੰਬਰ ਤੋਂ 10 ਨਵੰਬਰ ਤਕ ਪੂਰੀ ਦੁਨੀਆ ਦੇ ਕ੍ਰਿਕਟਰ ਸਭ ਤੋਂ ਦਿਲਚਸਪ ਕ੍ਰਿਕਟ ਲੀਗ ਵਿਚ ਦਮ ਦਿਖਾਉਣ ਉਤਰਨਗੇ। ਹੁਣ ਜਦ ਸਾਰਾ ਕੁਝ ਸਹੀ ਰਾਹ 'ਤੇ ਚੱਲ ਰਿਹਾ ਹੈ ਤਾਂ ਲੰਬੇ ਸਮੇਂ ਤੋਂ ਘਰਾਂ ਵਿਚ ਬੰਦ ਖਿਡਾਰੀਆਂ ਨੇ ਵੀ ਕਮਰ ਕੱਸ ਲਈ ਹੈ ਤੇ ਮੈਦਾਨ 'ਤੇ ਪਸੀਨਾ ਵਹਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ੁਰੂਆਤ ਵਿਚ ਜਿੱਥੇ ਸੁਰੇਸ਼ ਰੈਨਾ, ਕੁਲਦੀਪ ਯਾਦਵ ਤੇ ਰਿਸ਼ਭ ਪੰਤ ਵਰਗੇ ਖਿਡਾਰੀਆਂ ਨੂੰ ਸਭ ਤੋਂ ਪਹਿਲਾਂ ਮੈਦਾਨ 'ਤੇ ਅਭਿਆਸ ਕਰਦੇ ਦੇਖਿਆ ਗਿਆ ਤਾਂ ਹੁਣ ਲੀਗ ਦੇ ਸਾਰੇ ਮੁੱਖ ਭਾਰਤੀ ਖਿਡਾਰੀ ਮੈਦਾਨ 'ਤੇ ਵਾਪਸੀ ਕਰ ਚੁੱਕੇ ਹਨ। ਪਿਛਲੇ ਦਿਨੀਂ ਮਹਿੰਦਰ ਸਿੰਘ ਧੋਨੀ ਦੇ ਵੀ ਰਾਂਚੀ ਵਿਚ ਅਭਿਆਸ ਸ਼ੁਰੂ ਕਰਨ ਦੀ ਖ਼ਬਰ ਆਈ ਸੀ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਭਾਰਤੀ ਕ੍ਰਿਕਟਰਾਂ ਦੀਆਂ ਤਿਆਰੀਆਂ ਦੇ ਚਰਚੇ ਆਮ ਹਨ।

ਉੱਤਰ ਪ੍ਰਦੇਸ਼ ਦੇ ਸਾਥੀਆਂ ਨਾਲ ਭੁਵਨੇਸ਼ਵਰ ਕਰ ਰਹੇ ਨੇ ਅਭਿਆਸ

ਸਨਰਾਈਜਰਜ਼ ਹੈਦਰਾਬਾਦ ਦੇ ਮੁੱਖ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀਆਂ ਕੋਰੋਨਾ ਵਾਇਰਸ ਤੋਂ ਬਾਅਦ ਪਹਿਲੀ ਵਾਰ ਮੈਦਾਨ 'ਤੇ ਅਭਿਆਸ ਕਰਦੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਦਿਖਾਈ ਦਿੱਤੀਆਂ। ਹਾਲਾਂਕਿ ਇਹ ਪਤਾ ਨਹੀਂ ਲੱਗਾ ਕਿ ਭੁਵੀ ਕਿੱਥੇ ਅਭਿਆਸ ਕਰ ਰਹੇ ਹਨ। ਭੁਵਨੇਸ਼ਵਰ ਇੱਥੇ ਉੱਤਰ ਪ੍ਰਦੇਸ਼ ਰਣਜੀ ਟੀਮ ਦੇ ਪੁਰਾਣੇ ਮੈਂਬਰਾਂ ਪਰਵਿੰਦਰ ਸਿੰਘ ਤੇ ਤਨਮੇ ਸ਼੍ਰੀਵਾਸਤਵ ਨਾਲ ਪਸੀਨਾ ਵਹਾਉਂਦੇ ਦਿਖਾਈ ਦਿੱਤੇ। ਮੌਜੂਦਾ ਸਮੇਂ ਵਿਚ ਪਰਵਿੰਦਰ ਉੱਤਰ ਪ੍ਰਦੇਸ਼ ਰਣਜੀ ਟੀਮ ਦੇ ਬੱਲੇਬਾਜ਼ੀ ਕੋਚ ਹਨ ਤੇ 2008 ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਤਨਮੇ ਪਿਛਲੇ ਰਣਜੀ ਸੈਸ਼ਨ ਵਿਚ ਉੱਤਰਾਖੰਡ ਲਈ ਖੇਡੇ ਸਨ।

ਰੈਨਾ ਮੈਦਾਨ 'ਤੇ ਵਹਾਅ ਰਹੇ ਪਸੀਨਾ

ਚੇਨਈ ਸੁਪਰ ਕਿੰਗਜ਼ ਦੇ ਅਹਿਮ ਬੱਲੇਬਾਜ਼ ਸੁਰੇਸ਼ ਰੈਨਾ ਪਿਛਲੇ ਕਾਫੀ ਸਮੇਂ ਤੋਂ ਗਾਜ਼ੀਆਬਾਦ ਮੌਜੂਦ ਆਪਣੇ ਮੈਦਾਨ 'ਤੇ ਪਸੀਨਾ ਵਹਾਅ ਰਹੇ ਸਨ। ਰੈਨਾ ਦੇ ਨਾਲ ਦਿੱਲੀ ਕੈਪਟੀਲਜ਼ ਦੇ ਖੱਬੇ ਹੱਥ ਦੇ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਪਸੀਨਾ ਵਹਾਇਆ ਸੀ। ਹੁਣ ਰੈਨਾ ਦਾ ਸਾਥ ਕੋਲਕਾਤਾ ਨਾਈਟਰਾਈਡਰਜ਼ ਦੇ ਤੇਜ਼ ਗੇਂਦਬਾਜ਼ ਤੇ ਉੱਤਰ ਪ੍ਰਦੇਸ਼ ਰਣਜੀ ਟੀਮ ਦੇ ਕਪਤਾਨ ਅੰਕਿਤ ਰਾਜਪੂਤ ਦੇ ਰਹੇ ਹਨ ਜਿਨ੍ਹਾਂ ਨੂੰ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਰੈਨਾ ਨੂੰ ਗੇਂਦਬਾਜ਼ੀ ਕਰਦੇ ਦੇਖਿਆ ਗਿਆ ਸੀ।

ਪ੍ਰਿਥਵੀ ਜਿਮ 'ਚ ਪੁੱਜੇ

ਭਾਰਤ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ 'ਚ ਪੂਰੇ ਦੇਸ਼ ਵਿਚ ਜਿਮ ਖੋਲ੍ਹਣ ਦੇ ਹੁਕਮ ਦੇ ਦਿੱਤੇ ਗਏ ਸਨ। ਇਕ ਅਗਸਤ ਤੋਂ ਜਦ ਜਿਮ ਖੁੱਲ੍ਹੇ ਤਾਂ ਖਿਡਾਰੀਆਂ ਨੇ ਸੁੱਖ ਦਾ ਸਾਹ ਲਿਆ। ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ਵੀ ਲੰਬੇ ਸਮੇਂ ਬਾਅਦ ਜਿਮ ਵਿਚ ਹੱਥ ਅਜ਼ਮਾਏ। ਉਨ੍ਹਾਂ ਨੇ ਸ਼ਨਿਚਰਵਾਰ ਨੂੰ ਇੰਸਟਾਗ੍ਰਾਮ 'ਤੇ ਜਿਮ ਵਿਚ ਕਸਰਤ ਕਰਨ ਦੀ ਵੀਡੀਓ ਸ਼ੇਅਰ ਕੀਤੀ।

ਨੌਜਵਾਨ ਫ਼ੌਜ ਵੀ ਤਿਆਰ

2020 ਅੰਡਰ-19 ਵਿਸ਼ਵ ਕੱਪ ਵਿਚ ਉੱਪ ਜੇਤੂ ਰਹੀ ਭਾਰਤੀ ਟੀਮ ਦੇ ਮੈਂਬਰ ਵੀ ਆਈਪੀਐੱਲ ਦੀਆਂ ਤਿਆਰੀਆਂ ਵਿਚ ਰੁੱਝ ਗਏ ਹਨ। ਟੀਮ ਦੇ ਕਪਤਾਨ ਰਹੇ ਪਿ੍ਰਅਮ ਗਰਗ ਮੇਰਠ ਤੋਂ ਸੋਨੀਪਤ ਅਭਿਆਸ ਕਰਨ ਲਈ ਪੁੱਜ ਗਏ ਹਨ ਜਿੱਥੇ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਤੋਂ ਇਲਾਵਾ ਲੈੱਗ ਸਪਿੰਨਰ ਰਵੀ ਬਿਸ਼ਨੋਈ ਵੀ ਆਪਣੇ ਘਰੇਲੂ ਮੈਦਾਨ 'ਤੇ ਦੋਸਤਾਂ ਨਾਲ ਅਭਿਆਸ ਕਰ ਰਹੇ ਹਨ। ਇਸ ਤੋਂ ਇਲਾਵਾ ਆਪਣੀ ਤੇਜ਼ ਗੇਂਦਬਾਜ਼ੀ ਨਾਲ ਪ੍ਰਭਾਵਿਤ ਕਰਨ ਵਾਲੇ ਕਾਰਤਿਕ ਤਿਆਗੀ ਵੀ ਹਾਪੁੜ ਮੌਜੂਦ ਛੋਟੇ ਜਿਹੇ ਮੈਦਾਨ 'ਤੇ ਰਫ਼ਤਾਰ ਵਧਾਉਣ 'ਤੇ ਕੰਮ ਕਰ ਰਹੇ ਹਨ।