ਨਵੀਂ ਦਿੱਲੀ (ਪੀਟੀਆਈ) : ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਕਾਰਨ ਆਈਪੀਐੱਲ ਨੂੰ ਪਹਿਲਾਂ ਹੀ 15 ਅਪ੍ਰਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਆਈਪੀਐੱਲ 'ਤੇ ਅੱਗੇ ਦੀਆਂ ਯੋਜਨਾਵਾਂ ਲਈ ਬੀਸੀਸੀਆਈ ਨੇ ਇਸ ਲੀਗ ਦੀਆਂ ਸਾਰੀਆਂ ਫਰੈਂਚਾਈਜ਼ੀਆਂ ਨਾਲ ਮੰਗਲਵਾਰ ਨੂੰ ਟੈਲੀ ਕਾਨਫਰੰਸ 'ਤੇ ਮੀਟਿੰਗ ਕਰਨੀ ਸੀ ਪਰ ਬੀਸੀਸੀਆਈ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਇਸ ਮੀਟਿੰਗ ਨੂੰ ਰੱਦ ਕਰਨ ਤੋਂ ਬਾਅਦ ਹੁਣ ਇਹ ਕਿਆਸ ਅਰਾਈਆਂ ਤੇਜ਼ ਹੋ ਗਈਆਂ ਹਨ ਕਿ ਕਿਤੇ ਇਸ ਸਾਲ ਇਸ ਪੇਸ਼ੇਵਰ ਲੀਗ ਨੂੰ ਰੱਦ ਤਾਂ ਨਹੀਂ ਕਰ ਦਿੱਤਾ ਜਾਵੇਗਾ। ਭਾਰਤ ਨੇ ਮਹਾਮਾਰੀ ਬਣੇ ਇਸ ਵਾਇਰਸ ਨੂੰ ਕੰਟਰੋਲ ਵਿਚ ਰੱਖਣ ਦੇ ਮਕਸਦ ਨਾਲ ਪੂਰੇ ਦੇਸ਼ ਵਿਚ 31 ਮਾਰਚ ਤਕ ਲਾਕਡਾਊਨ ਕਰ ਦਿੱਤਾ ਹੈ। ਪੂਰੀ ਦੁਨੀਆ ਵਿਚ ਇਸ ਖ਼ਤਰਨਾਕ ਵਾਇਰਸ ਨਾਲ ਹੁਣ ਤਕ 16,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਕਿੰਗਜ਼ ਇਲੈਵਨ ਪੰਜਾਬ ਦੇ ਸਹਿ ਮਾਲਕ ਨੈੱਸ ਵਾਡੀਆ ਨੇ ਇਸ ਮੁੱਦੇ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਾਨਵਤਾ ਪਹਿਲਾਂ ਹੈ, ਇਸ ਤੋਂ ਬਾਅਦ ਕੁਝ ਵੀ ਦੂਜੇ ਨੰਬਰ 'ਤੇ ਆਉਂਦਾ ਹੈ। ਅਜੇ ਤਕ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ ਤਾਂ ਇਸ ਕਾਰਨ ਇਸ ਦਾ ਕੋਈ ਮਤਲਬ ਨਹੀਂ ਹੈ ਕਿ ਅਜੇ ਇਸ (ਆਈਪੀਐੱਲ) 'ਤੇ ਗੱਲ ਕੀਤੀ ਜਾਵੇ। ਜੇ ਆਈਪੀਐੱਲ ਨਹੀਂ ਹੁੰਦਾ ਤਾਂ ਨਾ ਸਹੀ। ਆਈਪੀਐੱਲ ਦੀ ਇਕ ਹੋਰ ਫਰੈਂਚਾਈਜ਼ੀ ਮਾਲਕ ਨੇ ਨਾਂ ਸਾਹਮਣੇ ਨਾ ਲਿਆਉਣ ਦੀ ਗੱਲ ਕਹਿ ਕੇ ਕਿਹਾ ਕਿ ਇਸ ਸਮੇਂ ਇਸ ਮਸਲੇ 'ਤੇ ਕੋਈ ਵੀ ਗੱਲ ਕਰਨ ਦਾ ਕੋਈ ਅਰਥ ਨਹੀਂ ਹੈ। ਪੂਰਾ ਦੇਸ਼ ਲਾਕਡਾਊਨ ਵਿਚ ਹੈ। ਅਸੀਂ ਅਜੇ ਉਨ੍ਹਾਂ ਮਾਮਲਿਆਂ ਨੂੰ ਨਜਿੱਠਣਾ ਹੈ ਜੋ ਆਈਪੀਐੱਲ ਤੋਂ ਵੀ ਬਹੁਤ ਜ਼ਿਆਦਾ ਜ਼ਰੂਰੀ ਹਨ। ਦੇਸੀ ਵਿਦੇਸ਼ੀ ਸਿਤਾਰਿਆਂ ਨਾਲ ਭਰੀਆਂ ਅੱਠ ਟੀਮਾਂ ਵਾਲੀ ਇਸ ਲੀਗ ਨੇ ਪਹਿਲਾਂ 29 ਮਾਰਚ ਤੋਂ ਸ਼ੁਰੂ ਹੋਣਾ ਸੀ। ਇਸ ਲੀਗ ਦਾ ਪਹਿਲਾ ਮੈਚ ਮੁੰਬਈ 'ਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਣਾ ਸੀ ਪਰ ਕੋਵਿਡ-19 ਵਾਇਰਸ ਦੇ ਖ਼ਤਰੇ ਦੇ ਵਧਣ ਕਾਰਨ ਇਸ ਨੂੰ 15 ਅਪ੍ਰਰੈਲ ਤਕ ਟਾਲ਼ ਦਿੱਤਾ ਗਿਆ।

ਨੈੱਸ ਵਾਡੀਆ ਨੇ ਕੀਤੀ ਸਰਕਾਰ ਦੀ ਤਾਰੀਫ਼ :

ਕੋਵਿਡ-19 'ਤੇ ਕੰਟਰੋਲ ਕਰਨ ਦੇ ਮਕਸਦ ਨਾਲ ਸਰਕਾਰ ਜੋ ਕਦਮ ਉਠਾ ਰਹੀ ਹੈ। ਨੈੱਸ ਵਾਡੀਆ ਨੇ ਉਸ ਦੀ ਤਾਰੀਫ਼ ਕੀਤੀ ਹੈ। ਵਾਡੀਆ ਨੇ ਕਿਹਾ ਕਿ ਸਰਕਾਰ ਨੇ ਇਸ 'ਤੇ ਫ਼ੈਸਲਾਕੁਨ ਕਦਮ ਉਠਾਏ ਹਨ। ਅਸੀਂ ਅਕਸਰ ਸਰਕਾਰ ਦੀ ਨਿੰਦਾ ਕਰਦੇ ਹਾਂ ਪਰ ਸਰਕਾਰ ਨੇ ਸਮੇਂ 'ਤੇ ਅੱਗੇ ਵਧ ਕੇ ਕੋਵਿਡ-19 ਲਈ ਜੋ ਕਦਮ ਉਠਾਏ ਹਨ ਸਾਨੂੰ ਉਸ ਦੀ ਸ਼ਲਾਘਾ ਵੀ ਕਰਨੀ ਚਾਹੀਦੀ ਹੈ। ਭਾਰਤ ਵਰਗੇ ਵੱਡੇ ਦੇਸ਼ ਵਿਚ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਇਹ ਬਹੁਤ ਵੱਡਾ ਤੇ ਸਕਾਰਾਤਮਕ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤੀਜੇ ਵਿਸ਼ਵ ਯੁੱਧ ਵਰਗੀ ਸਥਿਤੀ ਹੈ ਜਿਸ ਵਿਚ ਅਸੀਂ ਇੰਨੇ ਸਾਰੇ ਲੋਕਾਂ ਦੀ ਮਦਦ ਲਈ ਲੜ ਰਹੇ ਹਾਂ। ਹਾਲਾਂਕਿ ਬੀਸੀਸੀਆਈ ਅਜੇ ਆਈਪੀਐੱਲ ਰੱਦ ਕਰਨ ਵਰਗੇ ਮੁੱਦੇ 'ਤੇ ਸੰਭਲ ਕੇ ਚੱਲ ਰਿਹਾ ਹੈ। ਉਸ ਨੂੰ ਉਮੀਦ ਹੈ ਕਿ ਚੀਜ਼ਾਂ ਵਿਚ ਸੁਧਾਰ ਆਵੇਗਾ ਤਾਂ ਫਿਰ ਇਸ 'ਤੇ ਸਹੀ ਫ਼ੈਸਲਾ ਲਿਆ ਜਾ ਸਕਦਾ ਹੈ।

ਵਿਦੇਸ਼ੀਆਂ ਦੇ ਵੀਜ਼ੇ ਬਾਰੇ ਸੋਚਿਆ ਨਹੀਂ ਜਾ ਸਕਦਾ :

ਇਸ ਵਿਚਾਲੇ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਜੇ ਓਲੰਪਿਕ ਵਰਗੀਆਂ ਖੇਡਾਂ ਇਕ ਸਾਲ ਲਈ ਮੁਲਤਵੀ ਹੋ ਸਕਦੀਆਂ ਹਨ ਤਾਂ ਆਈਪੀਐੱਲ ਉਸ ਦੇ ਸਾਹਮਣੇ ਬਹੁਤ ਛੋਟੀ ਚੀਜ਼ ਹੈ। ਇਸ ਸਮੇਂ ਸਰਕਾਰ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਦੇਣ 'ਤੇ ਸੋਚ ਵੀ ਨਹੀਂ ਰਹੀ ਹੈ ਤਾਂ ਅਸੀਂ ਆਈਪੀਐੱਲ ਕਰਵਾਉਣ 'ਤੇ ਕਿਵੇਂ ਕੁਝ ਸੋਚ ਲਈਏ।