ਨਵੀਂ ਦਿੱਲੀ (ਪੀਟੀਆਈ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 'ਚ ਹਿੱਸਾ ਲੈਣ ਵਾਲੇ ਆਸਟ੍ਰੇਲੀਆ ਤੇ ਇੰਗਲੈਂਡ ਦੇ ਕ੍ਰਿਕਟਰਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਬੇਨਤੀ ਕੀਤੀ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਪੁੱਜਣ ਤੋਂ ਬਾਅਦ ਛੇ ਦਿਨਾਂ ਦੇ ਕੁਆਰੰਟਾਈਨ ਸਮੇਂ ਨੂੰ ਘੱਟ ਕਰ ਕੇ ਤਿੰਨ ਦਿਨਾਂ ਦਾ ਕੀਤਾ ਜਾਵੇ ਤਾਂਕਿ ਉਹ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਚੋਣ ਲਈ ਉਪਲੱਬਧ ਰਹਿਣ। ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਸੀਮਤ ਓਵਰਾਂ ਦੀ ਮੌਜੂਦਾ ਸੀਰੀਜ਼ 'ਚ ਦੋਵਾਂ ਦੇਸ਼ਾਂ ਦੇ 21 ਖਿਡਾਰੀ ਹਨ ਜੋ ਚਾਰਟਰ ਜਹਾਜ਼ ਰਾਹੀਂ ਮਾਨਚੈਸਟਰ ਤੋਂ 17 ਸਤੰਬਰ ਨੂੰ ਯੂਏਈ ਪੁੱਜਣਗੇ। ਮੌਜੂਦਾ ਕੁਆਰੰਟਾਈਨ ਨਿਯਮਾਂ ਦੇ ਤਹਿਤ ਉਹ ਚੋਣ ਲਈ 23 ਸਤੰਬਰ ਤੋਂ ਉਪਲੱਬਧ ਰਹਿਣਗੇ ਜਦਕਿ ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਵੱਡੇ ਸ਼ਾਟ ਲਾਉਣ ਲਈ ਮਸ਼ਹੂਰ ਇਕ ਬੱਲੇਬਾਜ਼ ਨੇ ਇਨ੍ਹਾਂ ਖਿਡਾਰੀਆਂ ਵੱਲੋਂ ਬੀਸੀਸੀਆਈ ਪ੍ਰਧਾਨ ਗਾਂਗੁਲੀ ਨੂੰ ਬੇਨਤੀ ਕੀਤੀ ਹੈ ਕਿ ਕੁਆਰੰਟਾਈਨ ਸਮੇਂ ਨੂੰ ਤਿੰਨ ਦਿਨਾਂ ਦਾ ਕੀਤਾ ਜਾਵੇ। ਟੂਰਨਾਮੈਂਟ ਦੀਆਂ ਤਿਆਰੀਆਂ ਦੀ ਦੇਖਰੇਖ ਲਈ ਗਾਂਗੁਲੀ ਬੋਰਡ ਦੇ ਹੋਰ ਅਹੁਦੇਦਾਰਾਂ ਦੇ ਨਾਲ ਯੂਏਈ ਵਿਚ ਹਨ। ਉਨ੍ਹਾਂ ਤੋਂ ਇਸ ਮਾਮਲੇ ਵਿਚ ਪ੍ਰਤੀਕਿਰਿਆ ਨਹੀਂ ਮਿਲ ਸਕੀ ਪਰ ਬੋਰਡ ਦੇ ਇਕ ਸੂਤਰ ਨੇ ਦੱਸਿਆ ਕਿ ਅਜਿਹੀ ਮੰਗ ਕੀਤੀ ਗਈ ਹੈ।

ਇਸ ਲਈ ਨਿਯਮ 'ਚ ਤਬਦੀਲੀ ਦੀ ਮੰਗ :

ਬੀਸੀਸੀਆਈ ਦੇ ਸੂਤਰ ਨੇ ਕਿਹਾ ਕਿ ਹਾਂ ਬੀਸੀਸੀਆਈ ਪ੍ਰਧਾਨ ਨੂੰ ਇਕ ਬੇਨਤੀ ਪ੍ਰਰਾਪਤ ਹੋਈ ਹੈ। ਇਹ ਇਕ ਖਿਡਾਰੀ ਵੱਲੋਂ ਲਿਖੀ ਗਈ ਹੋ ਸਕਦੀ ਹੈ ਪਰ ਇਸ ਨਾਲ ਇੰਗਲੈਂਡ ਤੇ ਆਸਟ੍ਰੇਲੀਆ ਦੇ ਸਾਰੇ ਖਿਡਾਰੀ ਸਹਿਮਤ ਹਨ। ਇਨ੍ਹਾਂ ਖਿਡਾਰੀਆਂ ਨੂੰ ਲਗਦਾ ਹੈ ਕਿ ਉਹ ਪਹਿਲਾਂ ਤੋਂ ਆਸਟ੍ਰੇਲੀਆ ਤੇ ਫਿਰ ਬਰਤਾਨੀਆ ਵਿਚ ਬਾਇਓ-ਬਬਲ (ਖਿਡਾਰੀਆਂ ਦੇ ਖੇਡਣ ਲਈ ਬਣਾਏ ਗਏ ਨਿਯਮਾਂ ਦੇ ਤਹਿਤ ਸੁਰੱਖਿਅਤ ਮਾਹੌਲ) ਵਿਚ ਹਨ। ਇਸ ਕਾਰਨ ਇਹ ਤਰਕਸੰਗਤ ਹੋਵੇਗਾ ਕਿ ਉਨ੍ਹਾਂ ਨੂੰ ਇਕ ਬਾਇਓ-ਬਬਲ ਤੋਂ ਦੂਜੇ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਸਾਰੇ ਬਾਇਓ ਬਬਲ ਦੇ ਬਾਹਰ ਕਿਸੇ ਦੇ ਸੰਪਰਕ ਵਿਚ ਨਹੀਂ ਆਏ ਹਨ।

ਸ਼ਾਨਦਾਰ ਹਨ ਇੰਗਲੈਂਡ ਕ੍ਰਿਕਟ ਬੋਰਡ ਦੇ ਇੰਤਜ਼ਾਮ :

ਸੂਤਰ ਨੇ ਕਿਹਾ ਕਿ ਇਹ ਖਿਡਾਰੀ ਸਾਊਥੈਂਪਟਨ ਤੇ ਮਾਨਚੈਸਟਰ ਦੋਵਾਂ ਥਾਵਾਂ 'ਤੇ ਹਿਲਟਨ ਹੋਟਲ ਵਿਚ ਰੁਕੇ ਸਨ ਜੋ ਸਟੇਡੀਅਮ ਦਾ ਹਿੱਸਾ ਹੈ। ਉਨ੍ਹਾਂ ਦਾ ਹਰ ਪੰਜਵੇਂ ਦਿਨ ਟੈਸਟ ਕੀਤਾ ਜਾ ਰਿਹਾ ਹੈ ਤੇ ਇੱਥੇ ਤਕ ਕਿ ਬਿ੍ਟੇਨ ਤੋਂ ਉਨ੍ਹਾਂ ਦੀ ਰਵਾਨਗੀ ਦੇ ਦਿਨ ਵੀ ਜਾਂਚ ਕੀਤੀ ਜਾਵੇਗੀ। ਇੱਥੇ ਪੁੱਜਣ ਦੇ ਪਹਿਲੇ ਤੇ ਤੀਜੇ ਦਿਨ ਵੀ ਜਾਂਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੇ ਸੁਰੱਖਿਆ ਇੰਤਜ਼ਾਮ ਦੇਖੋਗੇ ਤਾਂ ਖਿਡਾਰੀਆਂ ਦੇ ਕਮਰਿਆਂ ਵਿਚ ਸਫਾਈ ਕਰਮਚਾਰੀਆਂ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਉਹ ਇਕ ਚਾਰਟਰਡ ਜਹਾਜ਼ ਰਾਹੀਂ ਆਉਣਗੇ।