ਨਵੀਂ ਦਿੱਲੀ (ਜੇਐੱਨਐੱਨ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 12ਵੇਂ ਐਡੀਸ਼ਨ ਲਈ ਹੋਣ ਵਾਲੀ ਨਿਲਾਮੀ ਵਿਚ 332 ਖਿਡਾਰੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ। ਆਈਪੀਐੱਲ 2020 ਲਈ ਇਸ ਵਾਰ ਕੋਲਕਾਤਾ ਵਿਚ 19 ਦਸੰਬਰ ਨੂੰ ਲੀਗ ਦੀਆਂ ਅੱਠ ਫਰੈਂਚਾਈਜ਼ੀਆਂ ਆਪੋ-ਆਪਣੀਆਂ ਟੀਮਾਂ ਵਿਚ ਬਾਕੀ ਬਚੇ ਸਥਾਨਾਂ ਲਈ ਬੋਲੀ ਲਾਉਣਗੀਆਂ। ਇਸ ਲੀਗ ਵਿਚ ਐਂਟਰੀ ਕਰਨ ਦੇ ਇਰਾਦੇ ਨਾਲ ਇਸ ਵਾਰ 997 ਖਿਡਾਰੀਆਂ ਨੇ ਆਪਣੇ ਨਾਂ ਰਜਿਸਟਰ ਕਰਵਾਏ ਸਨ। ਇਨ੍ਹਾਂ ਨਾਵਾਂ ਵਿਚ ਅੱਠ ਫਰੈਂਚਾਈਜ਼ਿਆਂ ਨੇ ਇਨ੍ਹਾਂ ਖਿਡਾਰੀਆਂ ਵਿਚੋਂ ਆਪਣੇ ਪਸੰਦੀਦਾ ਕ੍ਰਿਕਟਰਾਂ ਦੇ ਨਾਂ ਦਿੱਤੇ ਸਨ ਜਿਨ੍ਹਾਂ ਤੋਂ ਬਾਅਦ 332 ਨਾਵਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਵਾਰ ਨਿਲਾਮੀ ਵਿਚ ਕੁੱਲ 73 ਖਾਲੀ ਥਾਵਾਂ ਨੂੰ ਭਰਿਆ ਜਾਣਾ ਹੈ। ਕੋਲਕਾਤਾ ਵਿਚ ਵੀਰਵਾਰ (19 ਦਸੰਬਰ) ਨੂੰ ਹੋਣ ਜਾ ਰਹੀ ਇਹ ਨਿਲਾਮੀ ਦੁਪਹਿਰ ਸਾਢੇ ਤਿੰਨ ਵਡੇ ਸ਼ੁਰੂ ਹੋਵੇਗੀ। ਇਸ ਵਾਰ ਨਿਲਾਮੀ ਵਿਚ ਕੁੱਲ 186 ਭਾਰਤੀ ਖਿਡਾਰੀ ਸ਼ਾਮਲ ਹਨ ਜਦਕਿ 143 ਵਿਦੇਸ਼ੀ ਖਿਡਾਰੀ ਹੋਣਗੇ। ਇਨ੍ਹਾਂ ਵਿਚੋਂ ਤਿੰਨ ਖਿਡਾਰੀ ਐਸੋਸੀਏਟਸ ਦੇਸ਼ਾਂ ਵਿਚੋਂ ਹਨ। ਉੱਤਰ ਪ੍ਰਦੇਸ਼ ਦੇ ਮੇਰਠ ਦੇ ਪ੍ਰਿਅਮ ਗਰਗ ਸਮੇਤ ਅੰਡਰ-19 ਭਾਰਤੀ ਟੀਮ ਦੇ ਖਿਡਾਰੀਆਂ 'ਤੇ ਨਿਲਾਮੀ ਵਿਚ ਵੱਡੀ ਬੋਲੀ ਲੱਗਣ ਦੀ ਉਮੀਦ ਹੈ। ਦੱਖਣੀ ਅਫਰੀਕਾ ਵਿਚ ਅਗਲੇ ਸਾਲ 17 ਜਨਵਰੀ ਤੋਂ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਲਈ ਪਿ੍ਰਅਮ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਪਿ੍ਅਮ ਪਿਛਲੇ ਇਕ ਸਾਲ ਤੋਂ ਅੰਡਰ-19 ਟੀਮ ਦੀ ਕਪਤਾਨੀ ਕਰ ਰਹੇ ਹਨ। ਰਣਜੀ ਟਰਾਫੀ ਸ਼ੁਰੂਆਤ ਵਿਚ ਸੈਂਕੜਾ ਲਾਉਣ ਵਾਲੇ ਪਿ੍ਰਅਮ ਨੇ ਆਪਣੇ ਕਰੀਅਰ ਵਿਚ ਹੁਣ ਤਕ ਸਾਰੇ ਬੋਰਡ ਟਰਾਫੀ ਮੈਚਾਂ ਵਿਚ ਕੁੱਲ ਮਿਲਾ 10 ਦੋਹਰੇ ਸੈਂਕੜੇ ਲਾਏ ਹਨ। ਪ੍ਰਿਅਮ ਤੋਂ ਇਲਾਵਾ ਹਾਪੁੜ ਦੇ ਹੀ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ, ਮੁੰਬਈ ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਵੀ ਨਿਲਾਮੀ ਵਿਚ ਵੱਡੀ ਰਕਮ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ 2018 ਵਿਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਪਿ੍ਥਵੀ ਸ਼ਾਅ, ਸ਼ੁਭਮ ਮਾਵੀ, ਸ਼ੁਭਮਨ ਗਿੱਲ ਵਰਗੇ ਖਿਡਾਰੀਆਂ ਨੂੰ ਫਰੈਂਚਾਈਜ਼ੀਆਂ ਨੇ ਆਈਪੀਐੱਲ ਨਿਲਾਮੀ ਵਿਚ ਹੱਥੋਂ-ਹੱਥ ਲਿਆ ਸੀ।

ਉਥੱਪਾ ਦੀ ਮੁੱਢਲੀ ਕੀਮਤ ਸਭ ਤੋਂ ਜ਼ਿਆਦਾ :

ਨਿਲਾਮੀ 'ਚ ਭਾਰਤੀ ਖਿਡਾਰੀਆਂ ਵਿਚੋਂ ਸਭ ਤੋਂ ਜ਼ਿਆਦਾ ਰਿਜ਼ਰਵ ਬੇਸ ਪ੍ਰਰਾਈਜ਼ ਰਾਬਿਨ ਉਥੱਪਾ ਦਾ ਹੈ। ਰਾਬਿਨ ਨਿਲਾਮੀ ਦੀ ਦੂਜੀ ਸਭ ਤੋਂ ਮਹਿੰਗੀ ਰਿਜ਼ਰਵ ਸਲੈਬ 1.5 ਕਰੋੜ ਵਿਚ ਸ਼ਾਮਲ ਹਨ। ਰਾਬਿਨ ਤੋਂ ਬਾਅਦ ਭਾਰਤੀ ਸਿਤਾਰਿਆਂ ਵਿਚ ਪਿਊਸ਼ ਚਾਵਲਾ, ਯੂਸਫ਼ ਪਠਾਨ ਤੇ ਜੈਦੇਵ ਉਨਾਦਕਟ ਦਾ ਨਾਂ ਇਕ ਕਰੋੜ ਦੀ ਮੁਢੱਲੀ ਕੀਮਤ ਵਿਚ ਸ਼ਾਮਲ ਹੈ।

ਘਰੇਲੂ ਖਿਡਾਰੀਆਂ ਦਾ ਦਾਅਵਾ :

ਘਰੇਲੂ ਖਿਡਾਰੀਆਂ ਵਿਚ 183 ਖਿਡਾਰੀ (167 ਭਾਰਤੀ ਤੇ 16 ਵਿਦੇਸ਼ੀ) 20 ਲੱਖ ਦੀ ਮੁਢੱਲੀ ਕੀਮਤ 'ਚ, ਅੱਠ ਖਿਡਾਰੀ (ਇਕ ਭਾਰਤੀ ਤੇ ਸੱਤ ਵਿਦੇਸ਼ੀ) 40 ਲੱਖ ਮੁੱਢਲੀ ਕੀਮਤ 'ਚ, ਅੱਠ ਖਿਡਾਰੀ (ਪੰਜ ਭਾਰਤੀ ਤੇ ਤਿੰਨ ਵਿਦੇਸ਼ੀ) 30 ਲੱਖ ਦੀ ਮੁਢੱਲੀ ਕੀਮਤ 'ਚ ਸ਼ਾਮਲ ਹਨ।

50 ਲੱਖ ਰੁਪਏ ਦੀ ਮੁੱਢਲੀ ਕੀਮਤ ਵਾਲੇ ਭਾਰਤੀ :

ਭਾਰਤੀ ਟੈਸਟ ਟੀਮ ਦੇ ਮਾਹਿਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਤੇ ਹਨੂਮਾ ਵਿਹਾਰੀ ਦੀ ਮੁੱਢਲੀ ਕੀਮਤ 50 ਲੱਖ ਰੁਪਏ ਹੈ। ਪੁਜਾਰਾ ਨੂੰ ਬੀਤੇ ਸਾਲ ਦੀ ਨਿਲਾਮੀ ਵਿਚ ਕਿਸੇ ਨੇ ਨਹੀਂ ਖ਼ਰੀਦਿਆ ਸੀ ਉਥੇ ਵਿਹਾਰੀ ਦਿੱਲੀ ਕੈਪੀਟਲਜ਼ ਦਾ ਹਿੱਸਾ ਸਨ। ਉਨ੍ਹਾਂ ਨੂੰ ਇਸ ਫਰੈਂਚਾਈਜ਼ੀ ਟੀਮ ਨੇ ਇਸ ਵਾਰ ਰਿਲੀਜ਼ ਕਰ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਹਰਫ਼ਨਮੌਲਾ ਸਟੂਅਰਟ ਬਿੰਨੀ, ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ, ਬਰਿੰਦਰ ਸਰਾਂ, ਮਨੋਜ ਤਿਵਾੜੀ, ਸੌਰਭ ਤਿਵਾੜੀ ਤੇ ਵਿਕਟਕੀਪਰ ਬੱਲੇਬਾਜ਼ ਨਮਨ ਓਝਾ ਦੀ ਵੀ ਮੁਢੱਲੀ ਕੀਮਤ 50 ਲੱਖ ਰੁਪਏ ਹੈ।

ਸਭ ਤੋਂ ਉਮਰਦਰਾਜ਼ ਤੇ ਸਭ ਤੋਂ ਨੌਜਵਾਨ ਖਿਡਾਰੀ :

ਭਾਰਤ ਦੇ ਪ੍ਰਵੀਣ ਤਾਂਬੇ ਨਿਲਾਮੀ ਦੀ ਸੂਚੀ ਵਿਚ ਸ਼ਾਮਲ ਸਭ ਤੋਂ ਉਮਰਦਰਾਜ਼ ਖਿਡਾਰੀ ਹਨ। ਇਸ ਲੈੱਗ ਸਪਿੰਨਰ ਦੀ ਮੌਜੂਦਾ ਉਮਰ 48 ਸਾਲ ਹੈ। ਉਨ੍ਹਾਂ ਨੇ 61 ਟੀ-20 ਮੁਕਾਬਲਿਆਂ ਵਿਚ 67 ਵਿਕਟਾਂ ਲਈਆਂ ਹਨ। ਵਿਦੇਸ਼ ਖਿਡਾਰੀਆਂ 'ਚ ਸਭ ਤੋਂ ਉਮਰਦਰਾਜ ਆਸਟ੍ਰੇਲੀਆ ਦੇ ਲੈੱਗ ਸਪਿੰਨਰ ਫਵਾਦ ਅਹਿਮਦ ਹਨ। 37 ਸਾਲ ਦੇ ਇਸ ਗੇਂਦਬਾਜ਼ ਨੇ 88 ਟੀ-20 ਮੈਚਾਂ ਵਿਚ 91 ਵਿਕਟਾਂ ਲਈਆਂ ਹਨ। ਉਥੇ ਅਫ਼ਗਾਨਿਸਤਾਨ ਦੇ ਖੱਬੇ ਹੱਥ ਦੇ ਚਾਈਨਾਮੈਨ ਗੇਂਦਬਾਜ਼ ਨੂਰ ਅਹਿਮਦ ਸਭ ਤੋਂ ਨੌਜਵਾਨ ਖਿਡਾਰੀ ਹਨ। ਉਹ 14 ਸਾਲ ਦੇ ਹਨ। ਉਨ੍ਹਾਂ ਨੇ ਸੱਤ ਟੀ-20 ਮੈਚਾਂ ਵਿਚ ਅੱਠ ਵਿਕਟਾਂ ਲਈਆਂ ਹਨ।

ਨੰਬਰ ਗੇਮ

-02 ਕਰੋੜ ਦੀ ਮੁੱਢਲੀ ਕੀਮਤ 'ਚ ਸੱਤ ਖਿਡਾਰੀ (ਕ੍ਰਿਸ ਲਿਨ, ਪੈਟ ਕਮਿੰਸ, ਗਲੇਨ ਮੈਕਸਵੈਲ, ਡੇਲ ਸਟੇਨ, ਮਿਸ਼ੇਲ ਮਾਰਸ਼, ਜੋਸ਼ ਹੇਜ਼ਲਵੁਡ, ਏਂਜੇਲੋ ਮੈਥਿਊਜ਼) ਸ਼ਾਮਲ ਹਨ ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਪੰਜ ਖਿਡਾਰੀ ਆਸਟ੍ਰੇਲੀਆ ਦੇ ਹਨ।

-1.5 ਕਰੋੜ ਦੀ ਮੁਢੱਲੀ ਕੀਮਤ 'ਚ ਕੁੱਲ 10 ਖਿਡਾਰੀ ਸ਼ਾਮਲ ਹਨ ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਚਾਰ ਇੰਗਲੈਂਡ (ਇਆਨ ਮਾਰਗਨ, ਜੇਸਨ ਰਾਏ, ਕ੍ਰਿਸ ਵਾਕਸ ਤੇ ਡੇਵਿਡ ਵਿਲੀ) ਦੇ ਹਨ, ਜਦਕਿ ਦੋ ਦੱਖਣੀ ਅਫਰੀਕਾ (ਕਾਇਲੀ ਏਬਾਟ ਤੇ ਕ੍ਰਿਸ ਮਾਰਿਸ) ਦੇ ਹਨ। ਇਸ ਸੂਚੀ ਵਿਚ ਇਕਲੌਤਾ ਭਾਰਤੀ ਰਾਬਿਨ ਉਥੱਪਾ ਹੈ।

-01 ਕਰੋੜ ਦੀ ਮੁੱਢਲੀ ਕੀਮਤ 'ਚ ਕੁੱਲ 23 ਖਿਡਾਰੀ ਹਨ ਜਿਨ੍ਹਾਂ ਵਿਚ ਤਿੰਨ ਭਾਰਤੀ ਤੇ 20 ਵਿਦੇਸ਼ੀ ਹਨ।

-75 ਲੱਖ ਦੀ ਮੁਢੱਲੀ ਕੀਮਤ 'ਚ ਕੁੱਲ 16 ਖਿਡਾਰੀ ਸ਼ਾਮਲ ਹਨ ਤੇ ਇਹ ਸਾਰੇ ਵਿਦੇਸ਼ੀ ਹਨ।

-50 ਲੱਖ ਦੀ ਮੁੱਢਲੀ ਕੀਮਤ 'ਚ ਕੁੱਲ 78 ਖਿਡਾਰੀ ਸ਼ਾਮਲ ਹਨ ਜਿਨ੍ਹਾਂ ਵਿਚ ਨੌਂ ਭਾਰਤੀ ਤੇ 69 ਵਿਦੇਸ਼ੀ ਹਨ।

-108 ਅਨਕੈਪਡ ਖਿਡਾਰੀ ਵੀ ਨਿਲਾਮੀ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ 40 ਲੱਖ, 30 ਲੱਖ ਤੇ 20 ਲੱਖ ਦੀਆਂ ਤਿੰਨ ਮੁੱਢਲੀਆਂ ਕੀਮਤਾਂ 'ਚ ਵੰਡਿਆ ਗਿਆ ਹੈ।