ਨਵੀਂ ਦਿੱਲੀ : ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਚੱਕਰਵਿਊ ਵਿਚ ਭਾਰਤ ਦੀਆਂ ਸਿਆਸੀ ਪਾਰਟੀਆਂ ਹੀ ਨਹੀਂ ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਕ੍ਰਿਕਟ ਲੀਗ ਆਈਪੀਐੱਲ ਵੀ ਫਸੀ ਹੋਈ ਹੈ। ਦੇਸ਼ ਦੀਆਂ ਸਿਆਸੀ ਪਾਰਟੀਆਂ ਹੀ ਨਹੀਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੀ ਚੋਣ ਕਮਿਸ਼ਨ ਵੱਲ ਦੇਖ ਰਿਹਾ ਹੈ ਕਿਉਂਕਿ ਆਮ ਚੋਣਾਂ ਦੀ ਤਰੀਕ ਐਲਾਨ ਹੋਣ ਤੋਂ ਬਾਅਦ ਹੀ ਉਹ ਆਈਪੀਐੱਲ ਦਾ ਵਿਸਥਾਰਤ ਪ੍ਰੋਗਰਾਮ ਜਾਰੀ ਕਰ ਸਕੇਗਾ। ਬੀਸੀਸੀਆਈ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਹ ਤਾਂ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਕਿ ਇਸ ਵਾਰ ਆਮ ਚੋਣਾਂ ਹੋਣ ਦੇ ਬਾਵਜੂਦ ਆਈਪੀਐੱਲ ਭਾਰਤ ਵਿਚ ਹੀ ਹੋਵੇਗਾ। 2009 ਵਿਚ ਆਈਪੀਐੱਲ ਦਾ ਦੂਜਾ ਐਡੀਸ਼ਨ ਚੋਣਾਂ ਕਾਰਨ ਦੱਖਣੀ ਅਫਰੀਕਾ ਵਿਚ ਤੇ 2014 ਵਿਚ ਇਸ ਲੀਗ ਦੇ ਅੱਧੇ ਮੈਚ ਦੁਬਈ ਵਿਚ ਕਰਵਾਏ ਗਏ ਸਨ। ਫਰੈਂਚਾਈਜ਼ੀ ਤੇ ਇਸ਼ਤਿਹਾਰਦਾਤਾ ਇਸ ਵਾਰ ਟੂਰਨਾਮੈਂਟ ਇੱਥੇ ਕਰਵਾਉਣ ਦੇ ਪੱਖ ਵਿਚ ਸਨ ਤੇ ਬੀਸੀਸੀਆਈ ਨੇ ਉਨ੍ਹਾਂ ਦੀ ਰਾਇ ਨੂੰ ਤਵੱਜੋ ਦਿੱਤੀ। ਬੋਰਡ ਵੱਲੋਂ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਇਸ ਵਾਰ ਇਹ ਘਰੇਲੂ ਟੂਰਨਾਮੈਂਟ 23 ਮਾਰਚ ਤੋਂ 31 ਅਪ੍ਰੈਲ ਤਕ ਕਰਵਾਇਆ ਜਾਵੇਗਾ। ਆਮ ਚੋਣਾਂ ਵੀ ਅਪ੍ਰੈਲ ਤੋਂ ਮਈ ਵਿਚਾਲੇ ਹੀ ਹੋਣੀਆਂ ਹਨ। ਬੋਰਡ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਅਸੀਂ ਆਈਪੀਐੱਲ ਦਾ ਪ੍ਰੋਗਰਾਮ ਤਿਆਰ ਕਰ ਲਿਆ ਹੈ ਪਰ ਉਸ ਨੂੰ ਕਰਵਾਉਣ ਵਾਲੀਆਂ ਥਾਵਾਂ ਤੈਅ ਨਹੀਂ ਹਨ। ਜੇ ਅਸੀਂ ਹੁਣੇ ਪ੍ਰੋਗਰਾਮ ਜਾਰੀ ਕਰਾਂਗੇ ਤਾਂ ਉਸ ਵਿਚ ਮੈਦਾਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।