ਕੋਲਕਾਤਾ (ਪੀਟੀਆਈ) : ਖਿਡਾਰੀਆਂ ਦੇ ਬਾਇਓ-ਬਬਲ (ਖਿਡਾਰੀਆਂ ਦੇ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ਨੂੰ ਚੁਣੌਤੀਪੂਰਨ ਕਰਾਰ ਦਿੰਦੇ ਹੋਏ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਨੂੰ ਕਿਹਾ ਕਿ ਇੰਗਲੈਂਡ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਕ੍ਰਿਕਟਰਾਂ ਦੀ ਤੁਲਨਾ ਵਿਚ ਭਾਰਤੀ ਖਿਡਾਰੀ ਮਾਨਸਿਕ ਸਿਹਤ ਦੇ ਮੁੱਦਿਆਂ ਨਾਲ ਨਜਿੱਠਣ ਲਈ ਵੱਧ ਸਹਿਣਸ਼ੀਲ ਹਨ। ਕੋਵਿਡ-19 ਦੌਰ ਵਿਚ ਮੁੜ ਅੰਤਰਰਾਸ਼ਟਰੀ ਕ੍ਰਿਕਟ ਸ਼ੁਰੂ ਹੋਣ ਤੋਂ ਬਾਅਦ ਤੋਂ ਖਿਡਾਰੀਆਂ ਨੂੰ ਬਾਇਓ-ਬਬਲ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ ਜਿੱਥੇ ਉਨ੍ਹਾਂ ਦਾ ਜੀਵਨ ਹੋਟਲਾਂ ਤੇ ਸਟੇਡੀਅਮਾਂ ਤਕ ਸੀਮਤ ਹੈ। ਖਿਡਾਰੀ ਬਾਇਓ-ਬਬਲ ਤੋਂ ਬਾਹਰ ਕਿਸੇ ਨੂੰ ਮਿਲ ਨਹੀਂ ਸਕਦੇ ਜਿਸ ਨਾਲ ਉਨ੍ਹਾਂ ਲਈ ਖ਼ੁਦ ਨੂੰ ਤਰੋਤਾਜ਼ਾ ਤੇ ਪ੍ਰਰੇਰਿਤ ਰੱਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਭਾਰਤ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਵੀ ਪਿਛਲੇ ਦਿਨੀਂ ਕਿਹਾ ਸੀ ਕਿ ਇਸ ਸਥਿਤੀ ਨਾਲ ਖਿਡਾਰੀਆਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਂਗੁਲੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਵਿਦੇਸ਼ੀ ਖਿਡਾਰੀਆਂ ਦੀ ਤੁਲਨਾ ਵਿਚ ਅਸੀਂ ਭਾਰਤੀ ਥੋੜ੍ਹੇ ਵੱਧ ਸਹਿਨਸ਼ੀਲ ਹਾਂ। ਮੈਂ ਇੰਗਲੈਂਡ, ਆਸਟ੍ਰੇਲੀਆ ਤੇ ਵੈਸਟਇੰਡੀਜ਼ ਦੇ ਬਹੁਤ ਸਾਰੇ ਕ੍ਰਿਕਟਰਾਂ ਨਾਲ ਖੇਡਿਆ ਹਾਂ। ਉਹ ਮਾਨਸਿਕ ਸਿਹਤ 'ਤੇ ਜਲਦੀ ਹਾਰ ਮੰਨ ਜਾਂਦੇ ਹਨ। ਪਿਛਲੇ ਛੇ-ਸੱਤ ਮਹੀਨੇ ਤੋਂ ਬਾਇਓ-ਬਬਲ ਵਿਚ ਕ੍ਰਿਕਟ ਹੋ ਰਹੀ ਹੈ ਤੇ ਇਹ ਕਾਫੀ ਮੁਸ਼ਕਲ ਹੈ। ਹੋਟਲ ਦੇ ਕਮਰੇ ਤੋਂ ਮੈਦਾਨ 'ਤੇ ਜਾਣਾ, ਖੇਡ ਦੇ ਦਬਾਅ ਨੂੰ ਸੰਭਾਲਣਾ ਤੇ ਵਾਪਿਸ ਕਮਰੇ ਵਿਚ ਆ ਜਾਣਾ ਤੇ ਮੁੜ ਮੈਦਾਨ 'ਤੇ ਜਾਣਾ, ਇਹ ਬਿਲਕੁਲ ਵੱਖ ਤਰ੍ਹਾਂ ਦੀ ਜ਼ਿੰਦਗੀ ਹੈ।

ਸਕਾਰਾਤਮਕ ਰਹਿਣ ਦੀ ਲੋੜ 'ਤੇ ਦਿੱਤਾ ਜ਼ੋਰ :

ਗਾਂਗੁਲੀ ਨੇ ਆਸਟ੍ਰੇਲੀਆ ਦੇ ਦੱਖਣੀ ਅਫਰੀਕਾ ਦੇ ਦੌਰੇ ਤੋਂ ਹਟਣ ਦੀ ਮਿਸਾਲ ਦਿੱਤੀ। ਆਸਟ੍ਰੇਲੀਆ ਨੇ ਖਿਡਾਰੀਆਂ, ਸਹਾਇਕ ਕਰਮਚਾਰੀਆਂ ਤੇ ਸਮੂਹ ਲਈ ਸਿਹਤ ਤੇ ਸੁਰੱਖਿਆ ਜੋਖ਼ਮ ਦੇ ਜ਼ਰੂਰੀ ਪੱਧਰ ਦਾ ਹਵਾਲਾ ਦਿੰਦੇ ਹੋਏ ਤਿੰਨ ਮੈਚਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਦਾ ਦੌਰਾ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲਿਆਈ ਟੀਮ ਨੂੰ ਦੇਖੋ, ਭਾਰਤ ਖ਼ਿਲਾਫ਼ ਸੀਰੀਜ਼ ਤੋਂ ਬਾਅਦ ਉਨ੍ਹਾਂ ਨੇ ਦੱਖਣੀ ਅਫਰੀਕਾ ਦਾ ਦੌਰਾ ਕਰਨਾ ਸੀ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਕੋਵਿਡ-19 ਦਾ ਖ਼ਤਰਾ ਹਮੇਸ਼ਾ ਬਣਿਆ ਰਹੇਗਾ। ਤੁਹਾਨੂੰ ਸਕਾਰਾਤਮਕ ਰਹਿਣਾ ਪਵੇਗਾ। ਤੁਹਾਨੂੰ ਖ਼ੁਦ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਨਾ ਪਵੇਗਾ। ਸਾਨੂੰ ਸਾਰਿਆਂ ਨੂੰ ਖ਼ੁਦ ਨੂੰ ਮਾਨਸਿਕ ਤੌਰ 'ਤੇ ਸਿੱਖਿਅਤ ਕਰਨਾ ਪਵੇਗਾ ਤਾਂਕਿ ਸਾਡੇ ਨਾਲ ਚੰਗਾ ਹੋਵੇ। ਇਹ ਤਿਆਰੀ 'ਤੇ ਨਿਰਭਰ ਕਰਦਾ ਹੈ।

ਕਿਰਨ ਮੋਰੇ ਕੋਰੋਨਾ ਟੈਸਟ 'ਚ ਪਾਜ਼ੇਟਿਵ :

ਮੁੰਬਈ (ਪੀਟੀਆਈ) : ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਤੇ ਮੁੰਬਈ ਇੰਡੀਅਨਜ਼ ਦੇ ਯੋਗਤਾ ਭਾਲ ਅਧਿਕਾਰੀ ਕਿਰਨ ਮੋਰੇ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਇਸ ਫਰੈਂਚਾਈਜ਼ੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 58 ਸਾਲ ਦੇ ਮੋਰੇ ਇਸ ਪੰਜ ਵਾਰ ਦੀ ਆਈਪੀਐੱਲ ਚੈਂਪੀਅਨ ਟੀਮ ਦੇ ਵਿਕਟਕੀਪਿੰਗ ਸਲਾਹਕਾਰ ਵੀ ਹਨ। ਮੁੰਬਈ ਇੰਡੀਅਨਜ਼ ਨੇ ਕਿਹਾ ਕਿ ਮੋਰੇ ਵਿਚ ਅਜੇ ਲੱਛਣ ਨਜ਼ਰ ਨਹੀਂ ਆ ਰਹੇ ਹਨ ਤੇ ਉਨ੍ਹਾਂ ਨੂੰ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ। ਮੁੰਬਈ ਇੰਡੀਅਨਜ਼ ਤੇ ਕਿਰਨ ਮੋਰੇ ਭਾਰਤੀ ਕਿ੍ਕਟ ਬੋਰਡ ਦੇ ਸਿਹਤ ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ। ਮੁੰਬਈ ਇੰਡੀਅਨਜ਼ ਦੀ ਮੈਡੀਕਲ ਟੀਮ ਮੋਰੇ ਦੀ ਸਿਹਤ ਦੀ ਨਿਗਰਾਨੀ ਕਰਦੀ ਰਹੇਗੀ ਤੇ ਬੀਸੀਸੀਆਈ ਦੇ ਨਿਯਮਾਂ ਦਾ ਪਾਲਣ ਕਰੇਗੀ।