ਵੇਲਿੰਗਟਨ : ਪਹਿਲੇ ਮੈਚ 'ਚ ਮਿਲੀ ਹਾਰ ਮਗਰੋਂ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਇੱਥੇ ਦੂਜੇ ਟੀ-20 ਮੈਚ 'ਚ ਉਤਰੇਗੀ। ਪਹਿਲੇ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 23 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਵਾਧਾ ਬਣਾਇਆ ਸੀ।

ਭਾਰਤੀ ਟੀਮ ਜਦੋਂ ਦੂਜੇ ਮੈਚ 'ਚ ਨਿਊਜ਼ੀਲੈਂਡ ਖ਼ਿਲਾਫ਼ ਉਤਰੇਗੀ ਤਾਂ ਸਭ ਤੋਂ ਵੱਡਾ ਸਵਾਲ ਤਜਰਬੇਕਾਰ ਮਿਤਾਲੀ ਰਾਜ ਦੀ ਚੋਣ ਦਾ ਹੋਵੇਗਾ। ਜਿਨ੍ਹਾਂ ਨੂੰ ਪਿਛਲੇ ਮੈਚ 'ਚ ਬਾਹਰ ਰੱਖਿਆ ਗਿਆ ਸੀ। ਭਾਰਤੀ ਬੱਲੇਬਾਜ਼ਾਂ ਨੇ ਪਹਿਲੇ ਮੈਚ 'ਚ ਜਿੱਤ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇਕ ਸਮੇਂ ਇਕ ਵਿਕਟ 'ਤੇ 102 ਦੌੜਾਂ ਬਣਾ ਲਈਆਂ ਸਨ। ਸਮਿ੍ਤੀ ਮੰਧਾਨਾ ਤੇ ਜੇਮਿਮਾ ਰੋਡਰਿਗਜ਼ ਦੇ ਆਊਟ ਹੋਣ ਮਗਰੋਂ ਹਾਲਾਂਕਿ ਪੂਰੀ ਟੀਮ 136 ਦੌੜਾਂ 'ਤੇ ਆਊਟ ਹੋ ਗਈ। ਇਸ ਨਾਲ 2017 ਵਿਸ਼ਵ ਕੱਪ ਫਾਈਨਲ 'ਚ ਇੰਗਲੈਂਡ ਤੋਂ ਮਿਲੀ ਹਾਰ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਪਹਿਲੇ ਮੈਚ 'ਚ ਮਿਤਾਲੀ ਦਾ ਤਜਰਬਾ ਟੀਮ ਲਈ ਜ਼ਰੂਰੀ ਸੀ, ਪਰ ਉਨ੍ਹਾਂ ਨੂੰ ਆਖ਼ਰੀ ਇਲੈਵਨ 'ਚ ਨਹੀਂ ਰੱਖਿਆ ਗਿਆ। ਪਹਿਲੀ ਵਾਰ ਉਤਰੀ ਪਿ੍ਯਾ ਪੂਨੀਆ ਨੇ ਮੰਧਾਨਾ ਨਾਲ ਪਾਰੀ ਦਾ ਆਗਾਜ਼ ਕੀਤਾ, ਪਰ ਪੰਜ ਗੇਂਦਾਂ ਹੀ ਖੇਡ ਸਕੀ। ਯੁਵਾ ਦਯਾਲਨ ਹੇਮਲਤਾ ਵੀ ਚੌਥੇ ਨੰਬਰ 'ਤੇ ਨਾਕਾਮ ਰਹੀ।

ਟੀਮ ਪ੍ਬੰਧਨ ਅਗਲੇ ਵਰ੍ਹੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ ਤਾਲਮੇਲ ਤਿਆਰ ਕਰਨ 'ਚ ਜੁਟਿਆ ਹੈ ਤੇ ਇਹੀ ਵਜ੍ਹਾ ਹੈ ਕਿ ਮਿਤਾਲੀ ਨੂੰ ਬਾਹਰ ਰੱਖਿਆ ਗਿਆ। ਨੌਜਵਾਨਾਂ ਦੇ ਨਾਕਾਮ ਰਹਿਣ ਮਗਰੋਂ ਇੰਨੇ ਅਹਿਮ ਮੁਕਾਬਲੇ 'ਚ ਉਨ੍ਹਾਂ ਨੂੰ ਉਤਾਰਿਆ ਜਾ ਸਕਦਾ ਹੈ।

ਦੂਜੇ ਪਾਸੇ, ਨਿਊਜ਼ੀਲੈਂਡ ਦੇ ਹੌਸਲੇ ਬੁਲੰਦ ਹਨ, ਜਿਸ ਨੇ ਆਖ਼ਰੀ ਵਨ-ਡੇ ਤੇ ਪਹਿਲੇ ਟੀ-20 'ਚ ਭਾਰਤ ਨੂੰ ਹਰਾਇਆ। ਮੰਧਾਨਾ ਨੇ ਹਾਰ ਮਗਰੋਂ ਕਿਹਾ ਸੀ, 'ਮੈਨੂੰ 20ਵੇਂ ਓਵਰ ਤਕ ਬੱਲੇਬਾਜ਼ੀ ਕਰਨੀ ਚਾਹੀਦੀ ਸੀ। ਜੇਕਰ ਟਾਪ ਲੜੀ ਦੇ ਬੱਲੇਬਾਜ਼ ਟਿਕ ਕੇ ਖੇਡ ਸਕਣ ਤਾਂ ਦਬਾਅ ਨਹੀਂ ਬਣੇਗਾ ਤੇ ਹੁਣ ਮੈਂ ਇਹੀ ਕੋਸ਼ਿਸ਼ ਕਰਾਂਗੀ।' ਕਪਤਾਨ ਹਰਮਨਪ੍ਰੀਤ ਕੌਰ ਵੀ ਵੱਡੀ ਪਾਰੀ ਨਹੀਂ ਖੇਡ ਸਕੀ। ਭਾਰਤੀ ਟੀਮ ਨੂੰ ਤੇਜ਼ ਗੇਂਦਬਾਜ਼ ਲਿਆ ਤਾਹੂਹੂ ਨੂੰ ਸੰਭਲ ਕੇ ਖੇਡਣਾ ਹੋਵੇਗਾ, ਜਿਸ ਨੇ ਵੈਲਿੰਗਟਨ 'ਚ ਤਿੰਨ ਵਿਕਟ ਲਏ ਤੇ ਪਲੇਅਰ ਆਫ਼ ਦਿ ਮੈਚ ਰਹੀ ਸੀ।

ਟੀਮਾਂ : ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਤੀ ਮੰਧਾਨਾ, ਮਿਤਾਲੀ ਰਾਜ, ਜੇਮਿਮਾ ਰੋਡਰਿਗਜ਼, ਦੀਪਤੀ ਸ਼ਰਮਾ, ਤਾਨੀਆ ਭਾਟੀਆ, ਪੂਨਮ ਯਾਦਵ, ਰਾਧਾ ਯਾਦਵ, ਅਨੁਜਾ ਪਾਟਿਲ, ਏਕਤਾ ਬਿਸ਼ਟ, ਦਯਾਲਨ ਹੇਮਲਤਾ, ਮਾਨਸੀ ਜੋਸ਼ੀ, ਅਰੁੰਧਤੀ ਰੈੱਡੀ, ਸ਼ਿਖਾ ਪਾਂਡੇ, ਪਿ੍ਯਾ ਪੂਨੀਆ।

ਨਿਊਜ਼ੀਲੈਂਡ : ਏਮੀ ਸੈਟਰਥਵੇਟ (ਕਪਤਾਨ), ਸੂਜੀ ਬੈਟਸ, ਬਰਨਾਡਾਈਨ ਬੀ, ਸੋਫੀ ਡੇਵਾਈਨ, ਹੀਲੀ ਜੇਂਸਨ, ਕੈਟਲਿਨ ਗੁਰੀ, ਲੇ ਕਾਸਪੇਰੇਕ, ਅਮੇਲਿਆ ਕੇਰ, ਫਰਾਂਸਿਸ ਮੈਕੇ, ਕੇਟੇ ਮਾਰਟਿਨ, ਰੋਸਮਰੀ ਮਾਇਰ, ਹੰਨਾ ਰੋਵ, ਲਿਆ ਤਾਹੂਹੂ।