ਹੈਮਿਲਟਨ (ਪੀਟੀਆਈ) : ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਜਦ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਦੇ ਤੀਜੇ ਤੇ ਆਖ਼ਰੀ ਟੀ-20 ਮੈਚ ਲਈ ਮੈਦਾਨ ਵਿਚ ਉਤਰੇਗੀ ਤਾਂ ਉਸ ਦੀ ਕੋਸ਼ਿਸ਼ ਜਿੱਤ ਦਰਜ ਕਰ ਕੇ ਆਤਮਸਨਮਾਨ ਬਚਾਉਣ ਦੀ ਹੋਵੇਗੀ। ਇਸ ਨਾਲ ਹੀ ਭਾਰਤੀ ਟੀਮ ਇਸ ਦੌਰੇ ਦਾ ਅੰਤ ਜਿੱਤ ਨਾਲ ਕਰਨਾ ਚਾਹੇਗੀ। ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਟੀਮ ਇਸ ਵਾਰ ਬੱਲੇਬਾਜ਼ੀ ਨਾਲ ਬਿਹਤਰ ਪ੍ਦਰਸ਼ਨ ਕਰਨਾ ਚਾਹੇਗੀ। ਵਨ ਡੇ ਸੀਰੀਜ਼ 2-1 ਨਾਲ ਆਪਣੇ ਨਾਂ ਕਰਨ ਵਾਲੀ ਭਾਰਤੀ ਟੀਮ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਲੈਅ ਕਾਇਮ ਨਹੀਂ ਰੱਖ ਸਕੀ ਤੇ ਸ਼ੁਰੂਆਤੀ ਦੋ ਮੈਚ ਗੁਆ ਕੇ ਸੀਰੀਜ਼ ਵੀ ਹਾਰ ਗਈ।

ਮਿਤਾਲੀ ਨੂੰ ਮਿਲ ਸਕਦਾ ਹੈ ਮੌਕਾ :

ਆਈਸੀਸੀ ਟੀ-20 ਵਿਸ਼ਵ ਕੱਪ ਲਈ ਟੀਮ ਤਿਆਰ ਕਰਨ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਨੇ ਪਹਿਲੇ ਦੋ ਮੈਚਾਂ ਵਿਚ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਮੌਕਾ ਨਹੀਂ ਦਿੱਤਾ। ਟੀਮ ਮੈਨੇਜਮੈਂਟ ਨੂੰ ਇਸ ਫ਼ੈਸਲੇ ਨਾਲ ਕੋਈ ਫ਼ਾਇਦਾ ਨਹੀਂ ਹੋਇਆ ਤੇ ਟੀਮ ਪਹਿਲੇ ਦੋਵੇਂ ਮੈਚ ਹਾਰ ਗਈ। ਭਾਰਤੀ ਟੀਮ ਪਹਿਲਾ ਮੈਚ 23 ਦੌੜਾਂ ਤੇ ਦੂਜਾ ਮੈਚ ਚਾਰ ਵਿਕਟਾਂ ਨਾਲ ਹਾਰ ਗਈ ਸੀ। ਹੁਣ ਉਮੀਦ ਹੈ ਕਿ ਰਾਜ ਨੂੰ ਇਸ ਮੈਚ ਵਿਚ ਮੌਕਾ ਮਿਲ ਸਕਦਾ ਹੈ।

ਮੱਧਕ੍ਰਮ ਨੇ ਵਧਾਈ ਚਿੰਤਾ :

ਇਨ੍ਹਾਂ ਦੋਵਾਂ ਮੈਚਾਂ ਵਿਚ ਭਾਰਤੀ ਟੀਮ 140 ਦੌੜਾਂ ਦੇ ਅੰਕੜੇ ਤਕ ਵੀ ਨਹੀਂ ਪੁੱਜ ਸਕੀ ਜਿਸ ਨੂੰ ਨਿਊਜ਼ੀਲੈਂਡ ਵਰਗੀ ਚੋਟੀ ਦੀ ਟੀਮ ਦੇ ਖ਼ਿਲਾਫ਼ ਘੱਟ ਸਕੋਰ ਮੰਨਿਆ ਜਾਂਦਾ ਹੈ। ਟੀਮ ਦੇ ਨਾਲ ਸਭ ਤੋਂ ਵੱਡੀ ਮੁਸ਼ਕਲ ਮੱਧਕ੍ਰਮ ਦੇ ਬੱਲੇਬਾਜ਼ਾਂ ਦਾ ਦੌੜਾਂ ਨਾ ਬਣਾਉਣਾ ਹੈ। ਸਮਿ੍ਤੀ ਮੰਧਾਨਾ ਤੇ ਜੇਮਿਮਾ ਰਾਡਰਿਗਜ਼ ਪਹਿਲੇ ਦੋ ਮੈਚਾਂ ਵਿਚ ਟੀਮ ਦੀਆਂ ਚੋਟੀ ਦੀਆਂ ਸਕੋਰਰ ਰਹੀਆਂ। ਸੀਰੀਜ਼ ਦੇ ਪਹਿਲੇ ਮੈਚ ਵਿਚ ਸ਼ੁਰੂਆਤ ਕਰਨ ਵਾਲੀ ਪਿ੍ਆ ਪੂਨੀਆ ਦੀ ਬੱਲੇਬਾਜ਼ੀ ਵਿਚ ਤਜਰਬੇ ਦੀ ਕਮੀ ਸਾਫ਼ ਨਜ਼ਰ ਆਈ ਪਰ ਟੀਮ ਨੂੰ ਸਭ ਤੋਂ ਜ਼ਿਆਦਾ ਨਿਰਾਸ਼ਾ ਕਪਤਾਨ ਹਰਮਨਪ੍ਰੀਤ ਦੇ ਖ਼ਰਾਬ ਪ੍ਦਰਸ਼ਨ ਨਾਲ ਹੋਈ। ਭਾਰਤੀ ਕਪਤਾਨ ਨੇ ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿਚ ਕ੍ਰਮਵਾਰ 17 ਤੇ ਪੰਜ ਦੌੜਾਂ ਬਣਾਈਆਂ। ਉਨ੍ਹਾਂ ਦੀ ਖ਼ਰਾਬ ਬੱਲੇਬਾਜ਼ੀ ਦਾ ਇਕ ਕਾਰਨ ਵਨ ਡੇ ਸੀਰੀਜ਼ ਦੌਰਾਨ ਬੱਲੇ ਨਾਲ ਜ਼ਿਆਦਾ ਮੌਕਾ ਨਾ ਮਿਲਣਾ ਵੀ ਹੈ। ਟੀਮ ਲਈ ਦੀਪਤੀ ਸ਼ਰਮਾ ਦੀ ਭੂਮਿਕਾ ਦਾ ਤੈਅ ਕਰਨਾ ਵੀ ਵੱਡੀ ਸਮੱਸਿਆ ਰਹੀ ਹੈ। ਆਫ ਸਪਿੰਨਰ ਵਜੋਂ ਉਹ ਰਾਧਾ ਯਾਦਵ ਵਾਂਗ ਦੌੜਾਂ ਰੋਕਣ 'ਚ ਨਾਕਾਮ ਰਹੀ ਹੈ। ਉਹ ਲੈੱਗ ਸਪਿੰਨਰ ਪੂਨਮ ਯਾਦਵ ਦੀ ਤਰ੍ਹਾਂ ਹਮਲਾਵਰ ਗੇਂਦਬਾਜ਼ੀ ਵੀ ਨਹੀਂ ਕਰ ਪਾ ਰਹੀ ਹੈ। ਵਨ ਡੇ ਸੀਰੀਜ਼ ਦੇ ਪਹਿਲੇ ਦੋ ਮੈਚਾਂ ਨੂੰ ਗੁਆਉਣ ਤੋਂ ਬਾਅਦ ਨਿਊਜ਼ੀਲੈਂਡ ਟੀਮ ਲਗਾਤਾਰ ਤਿੰਨ ਮੈਚ ਜਿੱਤਣ ਵਿਚ ਕਾਮਯਾਬ ਰਹੀ। ਤੀਜੇ ਵਨ ਡੇ ਵਿਚ 57 ਦੌੜਾਂ ਬਣਾਉਣ ਵਾਲੀ ਤਜਰਬੇਕਾਰ ਸੂਜ਼ੀ ਬੇਟਸ ਨੇ ਦੂਜੇ ਟੀ-20 ਵਿਚ 62 ਦੌੜਾਂ ਦੀ ਪਾਰੀ ਖੇਡੀ।

ਟੀਮਾਂ :

ਭਾਰਤ :

ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਤੀ ਮੰਧਾਨਾ, ਮਿਤਾਲੀ ਰਾਜ, ਜੇਮੀਮਾ ਰਾਡਰਿਗਜ਼, ਦੀਪਤੀ ਸ਼ਰਮਾ, ਤਾਨੀਆ ਭਾਟੀਆ, ਪੂਨਮ ਯਾਦਵ, ਰਾਧਾ ਯਾਦਵ, ਅਨੂਜਾ ਪਾਟਿਲ, ਏਕਤਾ ਬਿਸ਼ਟ, ਹੇਮਲਤਾ, ਮਾਨਸੀ ਜੋਸ਼ੀ, ਅਰੁੰਧਤੀ ਰੈੱਡੀ, ਸ਼ਿਖਾ ਪਾਂਡੇ, ਪਿ੍ਆ ਪੂਨੀਆ।

ਨਿਊਜ਼ੀਲੈਂਡ :

ਐਮੀ ਸੈਟਰਥਵੇਟ (ਕਪਤਾਨ), ਸੂਜ਼ੀ ਬੇਟਸ, ਬਰਨਾਡਾਈਨ ਬੀ, ਸੋਫੀ ਡੇਵਾਈਨ, ਹੀਲੀ ਜੇਂਸਨ, ਕੈਟਲਿਨ ਗੁਰੀ, ਲੇ ਕਾਸਪੇਰੇਕ, ਅਮੇਲੀਆ ਕੇਰ, ਫਰਾਂਸਿਸ ਮੈਕੇ, ਕੇਟੇ ਮਾਰਟਿਨ, ਰੋਸਮਰੀ ਮਾਇਰ , ਹੰਨਾ ਰੋਵ, ਲੀਆ ਤਾਹੁਹੂ।