ਲੰਡਨ (ਪੀਟੀਆਈ) : ਬਾਇਓ-ਬਬਲ (ਕੋਰੋਨਾ ਤਾਂ ਬਚਾਅ ਲਈ ਬਣਾਇਆ ਗਿਆ ਸੁਰੱਖਿਅਤ ਮਾਹੌਲ) ਵਿਚ ਲੰਬੇ ਸਮੇਂ ਤਕ ਰਹਿਣ ਕਾਰਨ ਮਾਨਸਿਕ ਥਕਾਵਟ ਦੇ ਸ਼ੱਕ ਨੂੰ ਦੇਖਦੇ ਹੋਏ ਭਾਰਤੀ ਟੀਮ ਮੈਨੇਜਮੈਂਟ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਤੋਂ ਬਾਅਦ ਆਪਣੇ ਖਿਡਾਰੀਆਂ ਨੂੰ ਤਿੰਨ ਹਫ਼ਤੇ ਦੀ ਬ੍ਰੇਕ ਦੇਣ ਦਾ ਫ਼ੈਸਲਾ ਕੀਤਾ ਹੈ। ਭਾਰਤ ਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਾਲੇ 18 ਜੂਨ ਤੋਂ ਸਾਊਥੈਂਪਟਨ ਦੇ ਏਜਿਆਸ ਬਾਊਲ ਵਿਚ ਡਬਲਯੂਟੀਸੀ ਫਾਈਨਲ ਖੇਡਿਆ ਜਾਣਾ ਹੈ। ਇਸ ਮੁਕਾਬਲੇ ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ ਲਗਭਗ ਤਿੰਨ ਹਫ਼ਤੇ ਦਾ ਬ੍ਰੇਕ ਮਿਲੇਗਾ ਤੇ ਉਹ 14 ਜੁਲਾਈ ਨੂੰ ਦੁਬਾਰਾ ਇਕੱਠੇ ਹੋ ਕੇ ਇੰਗਲੈਂਡ ਖ਼ਿਲਾਫ਼ ਚਾਰ ਅਗਸਤ ਤੋਂ ਨਾਟਿੰਘਮ ਵਿਚ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੀ ਤਿਆਰੀ ਕਰਨਗੇ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਵੇਂ ਕਿ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਨੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਰੈੱਸ ਕਾਨਫਰੰਸ ਵਿਚ ਕਿਹਾ ਸੀ, ਬ੍ਰੇਕ ਦਿੱਤੀ ਜਾਵੇਗੀ। ਡਬਲਯੂਟੀਸੀ ਫਾਈਨਲ ਤੇ ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਵਿਚਾਲੇ ਛੇ ਹਫਤੇ ਦਾ ਫ਼ਰਕ ਹੈ ਇਸ ਲਈ ਸਾਨੂੰ ਖਿਡਾਰੀਆਂ ਦੀ ਦੇਖਭਾਲ ਦੇ ਮੁੱਦੇ 'ਤੇ ਵੀ ਧਿਆਨ ਦੇਣਾ ਪਵੇਗਾ। ਬਰਤਾਨੀਆ ਅੰਦਰ ਹੀ ਉਨ੍ਹਾਂ ਨੂੰ ਛੁੱਟੀ ਮਿਲੇਗੀ। ਬੇਸ਼ੱਕ ਟੀਮ ਦੇ ਖਿਡਾਰੀਆਂ ਨੂੰ ਇਕੱਠੇ ਸਮਾਂ ਬਿਤਾਉਣ ਦਾ ਮੌਕਾ ਵੀ ਮਿਲ ਸਕਦਾ ਹੈ ਪਰ ਖਿਡਾਰੀ ਇਹ ਚੁਣਨ ਲਈ ਆਜ਼ਾਦ ਹੋਣਗੇ ਕਿ ਉਹ ਆਪਣਾ ਸਮਾਂ ਕਿਵੇਂ ਬਿਤਾਉਣਾ ਚਾਹੁੰਦੇ ਹਨ। ਸੂਤਰ ਨੇ ਕਿਹਾ ਕਿ ਜ਼ਿਆਦਾਤਰ ਕਈ ਖਿਡਾਰੀ ਕਈ ਵਾਰ ਬਰਤਾਨੀਆ ਆਏ ਹਨ ਤੇ ਇਸ ਦੇਸ਼ ਵਿਚ ਉਨ੍ਹਾਂ ਦੇ ਮਿੱਤਰ ਤੇ ਸਾਥੀ ਹਨ। ਇਹ ਵਾਜਬ ਰਹੇਗਾ ਕਿ ਉਹ ਉਨ੍ਹਾਂ ਨੂੰ ਮਿਲ ਸਕਣ। ਕੋਹਲੀ ਨੇ ਵੀ ਦੋ ਜੂਨ ਨੂੰ ਰਵਾਨਾ ਹੋਣ ਤੋਂ ਪਹਿਲਾਂ ਪ੍ਰਰੈੱਸ ਕਾਨਫਰੰਸ ਵਿਚ ਇਕ ਸਵਾਲ ਦਾ ਜਵਾਬ ਦਿੱਤਾ ਸੀ ਕਿ ਕੀ ਦੋ ਸੀਰੀਜ਼ਾਂ ਵਿਚਾਲੇ 42 ਦਿਨ ਦੇ ਫ਼ਰਕ ਨਾਲ ਟੀਮ ਦੀਆਂ ਤਿਆਰੀਆਂ ਪ੍ਰਭਾਵਿਤ ਹੋਣਗੀਆਂ ਤਾਂ ਭਾਰਤੀ ਕਪਤਾਨ ਨੇ ਇਸ ਨੂੰ ਟੀਮ ਲਈ ਸਵਾਗਤ ਯੋਗ ਛੁੱਟੀ ਕਰਾਰ ਦਿੱਤਾ ਸੀ ਤੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਉਨ੍ਹਾਂ ਨਾਲ ਸਹਿਮਤੀ ਜ਼ਾਹਰ ਕੀਤੀ ਸੀ।

ਫਾਈਨਲ 'ਚ ਅੰਪਾਇਰ ਹੋਣਗੇ ਇਲਿੰਗਵਰਥ ਤੇ ਗਾਫ, ਬ੍ਰਾਡ ਹੋਣਗੇ ਮੈਚ ਰੈਫਰੀ

ਦੁਬਈ (ਪੀਟੀਆਈ) : ਇੰਗਲੈਂਡ ਦੇ ਰਿਚਰਡ ਇਲਿੰਗਵਰਥ ਤੇ ਮਾਈਕਲ ਗਾਫ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਡਬਲਯੂਟੀਸੀ ਫਾਈਨਲ ਵਿਚ ਮੈਦਾਨੀ ਅੰਪਾਇਰ ਹੋਣਗੇ। ਇੰਗਲੈਂਡ ਦੇ ਸਾਬਕਾ ਸਲਾਮੀ ਬੱਲੇਬਾਜ਼ ਕ੍ਰਿਸ ਬ੍ਰਾਡ ਇਸ ਮੁਕਾਬਲੇ ਵਿਚ ਆਈਸੀਸੀ ਮੈਚ ਰੈਫਰੀ ਦੀ ਭੂਮਿਕਾ ਨਿਭਾਉਣਗੇ। ਆਈਸੀਸੀ ਦੇ ਸੀਨੀਅਰ ਮੈਨੇਜਰ (ਅੰਪਾਇਰ ਤੇ ਰੈਫਰੀ) ਏਡ੍ਰੀਅਨ ਗਿ੍ਫਿਥ ਨੇ ਕਿਹਾ ਕਿ ਸਾਨੂੰ ਫਾਈਨਲ ਲਈ ਤਜਰਬੇਕਾਰ ਮੈਚ ਅਧਿਕਾਰੀਆਂ ਦੀ ਟੀਮ ਦਾ ਐਲਾਨ ਕਰਨ ਦੀ ਖ਼ੁਸ਼ੀ ਹੈ। ਮਹਾਮਾਰੀ ਵਿਚਾਲੇ ਇਹ ਆਮ ਸਮਾਂ ਨਹੀਂ ਹੈ ਪਰ ਅਸੀਂ ਕਿਸਮਤ ਵਾਲੇ ਹਾਂ ਕਿ ਇਸ ਮੁਕਾਬਲੇ ਵਿਚ ਅਜਿਹੇ ਅਧਿਕਾਰੀਆਂ ਦਾ ਸਮੂਹ ਹੈ ਜਿਨ੍ਹਾਂ ਨੇ ਸਾਲਾਂ ਤੋਂ ਲਗਾਤਾਰ ਚੰਗਾ ਕੰਮ ਕੀਤਾ ਹੈ। ਅਸੀਂ ਉਨ੍ਹਾਂ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਾਂ।