ਨਵੀਂ ਦਿੱਲੀ (ਜੇਐੱਨਐੱਨ) : ਕੋਰੋਨਾ ਵਾਇਰਸ ਕਾਰਨ ਭਾਰਤ ਨੇ ਸਾਰੇ ਦੇਸ਼ ਵਿਚ ਲਾਕਡਾਊਨ ਐਲਾਨ ਦਿੱਤਾ ਹੈ। ਇਸ ਕਾਰਨ ਭਾਰਤੀ ਕ੍ਰਿਕਟਰ ਵੀ ਆਪਣੇ ਘਰ 'ਤੇ ਹਨ ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਅ ਰਹੇ ਹਨ ਪਰ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਨਿਕ ਵੈੱਬ ਨੇ ਫੀਜ਼ੀਓ ਨਿਤਿਨ ਪਟੇਲ ਨਾਲ ਮਿਲ ਕੇ ਭਾਰਤੀ ਟੀਮ ਦੇ ਖਿਡਾਰੀਆਂ ਲਈ ਇੰਡੋਰ ਵਰਕਆਊਟ ਪਲਾਨ ਤਿਆਰ ਕੀਤਾ ਹੈ ਜਿਸ ਨਾਲ ਸਾਰੇ ਖਿਡਾਰੀ ਫਿੱਟ ਰਹਿਣ। ਟੀਮ ਮੈਨੇਜਮੈਂਟ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਸਾਰੇ ਖਿਡਾਰੀਆਂ, ਚਾਹੇ ਉਹ ਸਿਰਫ਼ ਟੈਸਟ ਖੇਡਦੇ ਹੋਣ ਜਾਂ ਸਿਰਫ਼ ਸੀਮਤ ਓਵਰਾਂ ਵਿਚ ਜਾਂ ਤਿੰਨਾਂ ਫਾਰਮੈਟਾਂ ਵਿਚ, ਸਾਰਿਆਂ ਨੂੰ ਇਕ ਖ਼ਾਸ ਫਿਟਨੈੱਸ ਰੂਟੀਨ ਦਿੱਤੀ ਗਈ ਹੈ, ਜਿਸ ਨੂੰ ਉਹ ਮੰਨਣਗੇ। ਸਾਰਿਆਂ ਨੂੰ ਨਿਕ ਤੇ ਪਟੇਲ ਨੂੰ ਇਸ ਦੀ ਰੈਗੂਲਰ ਜਾਣਕਾਰੀ ਵੀ ਦੇਣੀ ਪਵੇਗੀ। ਇਹ ਰੂਟੀਨ ਖਿਡਾਰੀਆਂ ਦੀ ਮੰਗ ਨੂੰ ਦੇਖ ਕੇ ਬਣਾਈ ਗਈ ਹੈ। ਮਿਸਾਲ ਦੇ ਤੌਰ 'ਤੇ ਗੇਂਦਬਾਜ਼ਾਂ ਨੂੰ ਉਹ ਕਸਰਤਾਂ ਦਿੱਤੀਆਂ ਗਈਆਂ ਹਨ ਜਿਸ ਨਾਲ ਉਨ੍ਹਾਂ ਦੀ ਕੋਰ ਤੇ ਲੋਅਰ ਬਾਡੀ ਮਜ਼ਬੂਤ ਹੋਵੇਗੀ। ਇਸੇ ਤਰ੍ਹਾਂ ਬੱਲੇਬਾਜ਼ਾਂ ਨੂੰ ਉਹ ਕਸਰਤਾਂ ਦਿੱਤੀਆਂ ਗਈਆਂ ਹਨ ਜਿਸ ਨਾਲ ਉਨ੍ਹਾਂ ਦੇ ਮੋਢੇ ਤੇ ਗੁੱਟ ਮਜ਼ਬੂਤ ਹੋਣਗੇ। ਜਿਵੇਂ ਕਿ ਵਿਰਾਟ ਕੋਹਲੀ ਭਾਰ ਨਾਲ ਅਭਿਆਸ ਕਰਨਾ ਪਸੰਦ ਕਰਦੇ ਹਨ ਇਸ ਲਈ ਉਨ੍ਹਾਂ ਦੇ ਵਰਕਆਊਟ ਵਿਚ ਵਜ਼ਨ ਚੁੱਕਣ ਵਾਲੀਆਂ ਕਸਰਤਾਂ ਜਿਵੇਂ ਕਿ ਕਲੀਨ ਐਂਡ ਜਰਕ, ਡੇਡਲਿਫਟਸ ਤੇ ਬਾਕੀ ਚੀਜ਼ਾਂ ਸ਼ਾਮਲ ਰਹਿਣਗੀਆਂ। ਉਥੇ ਦੂਜਾ ਖਿਡਾਰੀ ਹੋ ਸਕਦਾ ਹੈ ਕਿ ਖਾਲੀ ਹੱਥ ਕਸਰਤ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਅਜਿਹੀਆਂ ਕਸਰਤਾਂ ਦੱਸੀਆਂ ਗਈਆਂ ਹਨ, ਜਿਸ ਵਿਚ ਭਾਰ ਚੁੱਕਣਾ ਨਾ ਪਵੇ।

ਸਾਡੀ ਸਰਕਾਰ ਨੇ ਸਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਅਗਲੇ 21 ਦਿਨਾਂ ਤਕ ਅਸੀਂ ਘਰ 'ਚੋਂ ਨਾ ਨਿਕਲੀਏ। ਫਿਰ ਵੀ ਬਹੁਤ ਲੋਕ ਇਸ ਨਿਰਦੇਸ਼ ਦਾ ਪਾਲਣ ਨਹੀਂ ਕਰ ਰਹੇ ਹਨ। ਇਸ ਮੁਸ਼ਕਲ ਸਮੇਂ ਵਿਚ ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਅਸੀਂ ਘਰਾਂ ਵਿਚ ਰਹੀਏ ਤੇ ਇਹ ਸਮਾਂ ਆਪਣੇ ਪਰਿਵਾਰ ਨਾਲ ਬਿਤਾਈਏ ਤੇ ਕੋਰੋਨਾ ਵਾਇਰਸ ਦਾ ਖ਼ਾਤਮਾ ਕਰੀਏ।

-ਸਚਿਨ ਤੇਂਦੁਲਕਰ

ਸੁਣਨ ਵਿਚ ਆਇਆ ਹੈ ਕਿ ਤੁਹਾਡੇ ਹਾਲਾਤ ਵੀ ਸਾਡੇ ਵਾਂਗ ਹਨ। ਪੀਐੱਮ ਮੋਦੀ ਨੇ 21 ਦਿਨਾਂ ਦਾ ਪੂਰਾ ਦੇਸ਼ ਲਾਕਡਾਊਨ ਕਰਨ ਦਾ ਹੁਕਮ ਦਿੱਤਾ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਇਸ ਨਿਰਦੇਸ਼ ਦਾ ਪਾਲਨ ਕਰੋ। ਅਸੀਂ ਸਾਰੇ ਇਕਜੁਟ ਹੋ ਕੇ ਇਸ ਦਾ ਸਾਹਮਣਾ ਕਰਾਂਗੇ ਤੇ ਕੋਰੋਨਾ ਨੂੰ ਹਰਾਵਾਂਗੇ ਤੇ ਇਸ ਤੋਂ ਬਾਹਰ ਨਿਕਲਾਂਗੇ। ਕ੍ਰਿਪਾ ਕਰ ਕੇ ਆਪਣੇ ਘਰ ਵਿਚ ਰਹੋ ਤੇ ਸੁਰੱਖਿਅਤ ਰਹੋ।

-ਕੇਵਿਨ ਪੀਟਰਸਨ, ਸਾਬਕਾ ਇੰਗਲਿਸ਼ ਬੱਲੇਬਾਜ਼

ਕੁੰਬਲੇ ਫੋਟੋਗ੍ਰਾਫੀ ਨੂੰ ਕਰ ਰਹੇ ਯਾਦ

ਨਵੀਂ ਦਿੱਲੀ (ਜੇਐੱਨਐੱਨ) : ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਫੋਟੋਗ੍ਰਾਫੀ ਦੇ ਜਨੂਨ ਲਈ ਜਾਣੇ ਜਾਂਦੇ ਹਨ। ਇਨ੍ਹੀਂ ਦਿਨੀਂ ਪੂਰੇ ਦੇਸ਼ ਵਿਚ ਲਾਕਡਾਊਨ ਹੈ ਤੇ ਇਸ ਕਾਰਨ ਸਾਬਕਾ ਲੈੱਗ ਸਪਿੰਨਰ ਆਪਣੀ ਫੋਟੋਗ੍ਰਾਫੀ ਨੂੰ ਯਾਦ ਕਰ ਕੇ ਹੀ ਦਿਨ ਗੁਜ਼ਾਰ ਰਹੇ ਹਨ। ਕੁੰਬਲੇ ਨੇ ਟਵੀਟ ਕੀਤਾ ਕਿ ਘਰ 'ਤੇ ਰਹਿਣਾ ਤੇ ਆਪਣੇ ਆਰਕਾਈਵ ਨੂੰ ਦੇਖਣਾ ਜਿਸ ਵਿਚ ਕੁਝ ਮਿੱਠੀਆਂ ਯਾਦਾਂ ਹਨ, ਸ਼ਾਨਦਾਰ ਹੈ।