ਤਿਰੂਵਨੰਤਪੁਰਮ (ਆਈਏਐੱਨਐੱਸ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹੈਦਰਾਬਾਦ ਵਿਚ ਵੈਸਟਇੰਡੀਜ਼ ਖ਼ਿਲਾਫ਼ ਆਪਣੀ ਮੈਚ ਜਿਤਾਉਣ ਵਾਲੀ 94 ਦੌੜਾਂ ਦੀ ਅਜੇਤੂ ਪਾਰੀ ਲਈ ਆਪਣੀ ਤਾਰੀਫ਼ ਕਰਨ ਵਾਲੇ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਵਿਵੀਅਨ ਰਿਚਰਡਜ਼ ਦਾ ਧੰਨਵਾਦ ਕੀਤਾ ਹੈ। ਕੋਹਲੀ ਨੇ ਧਮਾਕੇਦਾਰ ਪਾਰੀ ਖੇਡ ਕੇ ਭਾਰਤ ਨੂੰ ਪਹਿਲੇ ਟੀ-20 'ਚ ਜਿੱਤ ਦਿਵਾਈ ਸੀ। ਉਸ ਪਾਰੀ ਤੋਂ ਬਾਅਦ ਰਿਚਰਡਜ਼ ਨੇ ਤਾਰੀਫ਼ ਕਰਦੇ ਹੋਏ ਉਨ੍ਹਾਂ ਦੀ ਪਾਰੀ ਨੂੰ ਸ਼ਾਨਦਾਰ ਕਿਹਾ ਸੀ। ਰਿਚਡਰਜ਼ ਨੇ ਟਵਿੱਟਰ 'ਤੇ ਲਿਖਿਆ ਸੀ ਕਿ ਸ਼ਾਨਦਾਰ ਬਹੁਤ ਸ਼ਾਨਦਾਰ ਪਾਰੀ, ਵਿਰਾਟ ਕੋਹਲੀ। ਕੋਹਲੀ ਨੇ ਰਿਚਰਡਜ਼ ਦੀ ਤਾਰੀਫ਼ ਦਾ ਤੁਰੰਤ ਜਵਾਬ ਦਿੱਤਾ ਤੇ ਲਿਖਿਆ ਕਿ ਧੰਨਵਾਦ ਬਿਗ ਬਾਸ। ਤੁਹਾਡੇ ਵੱਲੋਂ ਆਈ ਤਾਰੀਫ਼ ਮੇਰੇ ਲਈ ਕਾਫੀ ਮਾਅਨੇ ਰੱਖਦੀ ਹੈ।

ਸਮਿਥ ਦਾ ਸੀਐੱਸਏ ਦਾ ਕ੍ਰਿਕਟ ਡਾਇਰੈਕਟਰ ਬਣਨਾ ਤੈਅ

ਜੋਹਾਨਸਬਰਗ : ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ ਦਾ ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦਾ ਕ੍ਰਿਕਟ ਡਾਇਰੈਕਟਰ ਬਣਨਾ ਤੈਅ ਹੋ ਗਿਆ ਹੈ। ਸੀਐੱਸਏ ਪ੍ਰਧਾਨ ਕ੍ਰਿਸ ਨੇਂਜਾਨੀ ਨੇ ਇਸ ਦਾ ਐਲਾਨ ਕੀਤਾ। ਨੇਂਜਾਨੀ ਨੇ ਕਿਹਾ ਕਿ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਸਮਿਥ ਨਾਲ ਇਸ ਅਹੁਦੇ 'ਤੇ ਨਿਯੁਕਤੀ ਦੇ ਸਬੰਧ ਵਿਚ ਗੱਲ ਕੀਤੀ ਹੈ। ਨੇਂਜਾਨੀ ਨੇ ਬੋਰਡ ਦੀ ਖ਼ਾਸ ਮੀਟਿੰਗ ਤੋਂ ਬਾਅਦ ਕਿਹਾ ਕਿ ਅਸੀਂ ਗ੍ਰੀਮ ਸਮਿਥ ਨੂੰ ਆਪਣੇ ਨਾਲ ਜੋੜ ਲਿਆ ਹੈ ਤੇ ਮੈਂ ਅਗਲੇ ਹਫ਼ਤੇ ਬੁੱਧਵਾਰ ਤਕ ਇਸ ਦਾ ਐਲਾਨ ਕਰਾਂਗਾ।

ਪੀਸੀਬੀ ਖ਼ੁਦ ਹੀ ਆਪਣਾ ਮਜ਼ਾਕ ਨਾ ਉਡਾਏ : ਲਤੀਫ਼

ਲਾਹੌਰ : ਪਾਕਿਸਤਾਨ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ਼ ਨੇ ਇਕ ਟਵੀਟ 'ਚ ਪੀਸੀਬੀ ਨੂੰ ਸਲਾਹ ਦਿੱਤੀ ਕਿ ਉਹ ਖ਼ੁਦ ਹੀ ਆਪਣਾ ਮਜ਼ਾਕ ਨਾ ਉਡਾਏ। ਪਾਕਿਸਤਾਨ ਦੇ ਨਸੀਮ ਸ਼ਾਹ ਨੇ ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਸੀਨੀਅਰ ਟੀਮ ਲਈ ਸ਼ੁਰੂਆਤ ਕੀਤੀ ਸੀ ਤੇ ਹੁਣ ਉਹ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਅੰਡਰ-19 ਟੀਮ ਵਿਚ ਸ਼ਾਮਲ ਕਰ ਲਏ ਗਏ ਹਨ। ਲਤੀਫ਼ ਨੇ ਕਿਹਾ ਕਿ ਪਾਕਿ ਖਿਡਾਰੀ ਅੰਡਰ-19 ਖੇਡਣ ਜਾ ਰਹੇ ਹਨ। ਅੰਡਰ-19 ਖਿਡਾਰੀ ਅੰਡਰ-16, ਅੰਡਰ-16 ਖਿਡਾਰੀ ਅੰਡਰ-13 ਤੇ ਅੰਡਰ-13 ਖੇਡਣ ਵਾਲੇ ਵਾਪਸ ਆਪਣੀ ਮਾਂ ਦੀ ਗੋਦ ਵਿਚ ਹਨ।

ਰਾਜਸਥਾਨ ਰਾਇਲਜ਼ 'ਚ ਹਿੱਸੇਦਾਰੀ ਨਾਲ ਵਾਰਨ ਨੂੰ ਹੋਵੇਗਾ ਮੁਨਾਫ਼ਾ

ਮੈਲਬੌਰਨ : ਆਸਟ੍ਰੇਲੀਆ ਦੇ ਮਹਾਨ ਸਪਿੰਨਰ ਸ਼ੇਨ ਵਾਰਨ ਨੂੰ 2008 ਵਿਚ ਆਈਪੀਐੱਲ ਦੇ ਸ਼ੁਰੂਆਤੀ ਗੇੜ ਵਿਚ ਇਸ ਦੀ ਫਰੈਂਚਾਈਜ਼ੀ ਰਾਜਸਥਾਨ ਰਾਇਲਜ਼ ਵਿਚ ਛੋਟੀ ਹਿੱਸੇਦਾਰੀ ਦਿੱਤੀ ਗਈ ਸੀ ਜੋ ਅਗਲੇ ਦਿਨਾਂ ਵਿਚ ਚੰਗਾ ਮੁਨਾਫ਼ਾ ਕਰਵਾ ਸਕਦੀ ਹੈ। 'ਹੈਰਾਲਡ ਸਨ' ਦੀ ਰਿਪੋਰਟ ਮੁਤਾਬਕ ਵਾਰਨ ਨੂੰ 6, 67,000 ਡਾਲਰ (ਲਗਭਗ ਚਾਰ ਕਰੋੜ 75 ਲੱਖ ਰੁਪਏ) ਅਦਾਇਗੀ ਤੋਂ ਇਲਾਵਾ 2008 'ਚ ਸੰਨਿਆਸ ਤੋਂ ਵਾਪਸੀ ਕਰਨ ਤੋਂ ਬਾਅਦ ਹਰ ਸਾਲ ਲਈ 0.75 ਫ਼ੀਸਦੀ ਦੀ ਹਿੱਸੇਦਾਰੀ ਦਿੱਤੀ ਗਈ ਪਰ ਹੁਣ ਇਹ ਹਿੱਸੇਦਾਰੀ ਉਨ੍ਹਾਂ ਦੇ 'ਬੈਂਕ ਬੈਲੇਂਸ' ਵਿਚ ਇਜ਼ਾਫ਼ਾ ਕਰ ਸਕਦੀ ਹੈ।