ਨਵੀਂ ਦਿੱਲੀ: ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਵਿਰਾਟ ਕੋਹਲੀ ਦੀ ਅਗਵਾਈ ਵਾਲੀ 15 ਮੈਂਬਰੀ ਭਾਰਟੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਐੱਮਐੱਸਕੇ ਪ੍ਰਸਾਦ ਦੀ ਪ੍ਰਧਾਨਗੀ 'ਚ ਪੰਜ ਮੈਂਬਰੀ ਕਮੇਟੀ ਨੇ ਇਸ ਟੀਮ ਦੀ ਚੋਣ ਕੀਤੀ। ਇਸ ਕਮੇਟੀ 'ਚ ਐੱਮਐੱਸਕੇ ਪ੍ਰਸਾਦ, ਦੇਵਾਂਗ ਗਾਂਧੀ, ਸ਼ਰਨਦੀਪ ਸਿੰਘ, ਜਤਿਨ ਪਰਾਂਜਪੇ ਤੇ ਗਗਨ ਖੇੜਾ ਸ਼ਾਮਲ ਹੋਏ। ਟੀਮ ਦੀ ਚੋਣ ਸਮੇਂ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਵੀ ਬੈਠਕ 'ਚ ਮੌਜੂਦ ਸਨ। ਵਿਰਾਟ ਕੋਹਲੀ ਦਾ ਕਪਤਾਨ ਦੇ ਤੌਰ 'ਤੇ ਇਹ ਪਹਿਲਾ ਵਿਸ਼ਵ ਕੱਪ ਹੈ ਜਦਕਿ ਖਿਡਾਰੀ ਦੇ ਤੌਰ 'ਤੇ ਉਹ ਆਪਣਾ ਤੀਸਰਾ ਵਿਸ਼ਵ ਕੱਪ ਖੇਡਣਗੇ। ਇਸ ਵਿਸ਼ਵ ਕੱਪ 'ਚ ਟੀਮ ਇੰਡੀਆ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਕਰੇਗੀ।

ਸਾਲ 1983 'ਚ ਕਪਿਲ ਦੀ ਅਗਵਾਈ 'ਚ ਪਹਿਲਾ ਅਤੇ 2011 'ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਦੂਸਰਾ ਵਨ-ਡੇਅ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਇੰਡੀਆ ਦੀ ਨਜ਼ਰ ਇਸ ਵਾਰੀ ਫਿਰ ਵਿਰਾਟ ਕੋਹਲੀ ਦੀ ਅਗਵਾਈ 'ਚ ਤੀਸਰੀ ਵਾਰ ਖ਼ਿਤਾਬ ਜਿੱਤਣ 'ਤੇ ਹੋਵੇਗੀ। ਇਸ ਵਾਰ ਜਿਵੇਂ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਧੋਨੀ ਦੇ ਬੈਕਅੱਪ ਦੇ ਤੌਰ 'ਤੇ ਦਿਨੇਸ਼ ਕਾਰਤਿਕ ਨੂੰ ਸ਼ਾਮਲ ਕੀਤਾ ਗਿਆ ਹੈ। ਰਿਸ਼ਭ ਪੰਤ ਨੂੰ ਟੀਮ 'ਚ ਮੌਕਾ ਨਹੀਂ ਮਿਲਿਆ।

ਆਲਰਾਉਂਡਰ ਦੇ ਤੌਰ 'ਤੇ ਵਿਜੈ ਸ਼ੰਕਰ ਨੇ ਪਿਛਲੇ ਦਿਨੀਂ ਕਾਫ਼ੀ ਪ੍ਰਭਾਵਿਤ ਕੀਤਾ ਸੀ ਅਤੇ ਉਨ੍ਹਾਂ ਨੂੰ ਵਿਸ਼ਵ ਕੱਪ ਟੀਮ 'ਚ ਜਗ੍ਹਾ ਮਿਲ ਗਈ ਹੈ। ਟੀਮ 'ਚ ਹੋਰ ਆਲਰਾਉਂਡਰ ਦੇ ਤੌਰ 'ਤੇ ਹਾਰਦਿਕ ਪਾਂਡਿਆ ਅਤੇ ਰਵਿੰਦਰ ਜਡੇਜਾ ਨੂੰ ਸ਼ਾਮਲ ਕੀਤਾ ਗਿਆ ਹੈ। ਚੌਥੇ ਨੰਬਰ ਲਈ ਸਭ ਤੋਂਂ ਜ਼ਿਆਦਾ ਬਹਿਸ ਚੱਲ ਰਹੀ ਸੀ ਅਤੇ ਇੱਥੇ ਬਾਜ਼ੀ ਮਾਰੀ ਲੋਕੇਸ਼ ਰਾਹੁਲ ਨੇ। ਅੰਬਾਤੀ ਰਾਇਡੂ ਚੌਥੇ ਨੰਬਰ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਉਹ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਨਹੀਂ ਹੋ ਸਕੇ।

ਟੀਮ 'ਚ ਸਪਿੱਨਰ ਦੀ ਮੁੱਖ ਭੂਮਿਕਾ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਨਿਭਾਉਣਗੇ। ਉੱਥੇ ਹੀ ਰਵਿੰਦਰ ਜਡੇਜਾ ਸਪਿੱਨਰ ਦੀ ਭੂਮਿਕਾ ਵੀ ਨਿਭਾ ਸਕਦੇ ਹਨ ਅਤੇ ਉਹ ਬੱਲੇਬਾਜ਼ੀ ਤੇ ਫੀਲਡਿੰਗ 'ਚ ਵੀ ਟੀਮ ਲਈ ਫਾਇਦੇਮੰਦ ਹਨ। ਤੇਜ਼ ਗੇਂਦਬਾਜ਼ ਦੇ ਤੌਰ 'ਤੇ ਟੀਮ 'ਚ ਤਿੰਨ ਖਿਡਾਰੀ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ੰਮੀ ਸ਼ਾਮਲ ਕੀਤੇ ਗਏ ਹਨ। ਉੇੱਥੇ ਹੀ ਹਾਰਦਿਕ ਪਾਂਡਿਆ ਅਤੇ ਵਿਜੈ ਸ਼ੰਕਰ ਵੀ ਬੱਲੇਬਾਜ਼ੀ ਦੇ ਨਾਲ ਤੇਜ਼ ਗੇਂਦਬਾਜ਼ੀ ਵੀ ਕਰਨਗੇ।

ਵਿਸ਼ਵ ਕੱਪ ਲਈ ਟੀਮ ਇੰਡੀਆ

ਰੋਹਿਤ ਸ਼ਰਮਾ (ਉਪ-ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਦਵ, ਦਿਨੇਸ਼ ਕਾਰਤਿਕ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਹਾਰਦਿਕ ਪਾਂਡਿਆ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਵਿਜੈ ਸ਼ੰਕਰ।

Posted By: Akash Deep