ਨਵੀਂ ਦਿੱਲੀ ,ਜੇਐੱਨਐੱਨ। ਭਾਰਤੀ ਕ੍ਰਿਕਟ ਵਿਚ ਇਕ ਵਾਰ ਮੁੜ ਤੋਂ ਸੋਮਵਾਰ ਨੂੰ ਮੈਚ ਫਿਕਸਿੰਗ ਕਾਰਨ ਉਥਲ-ਪੁਥਲ ਮਚ ਗਈ ਹੈ। ਪਹਿਲੀ ਵਾਰ ਇਕ ਭਾਰਤੀ ਮਹਿਲਾ ਕ੍ਰਿਕਟਰ ਨਾਲ ਭਿ੍ਸ਼ਟ ਇਰਾਦਿਆਂ ਨਾਲ ਸੰਪਰਕ ਕਰਨ ਦੀ ਸੂਚਨਾ ਮਿਲੀ ਹੈ ਜਦਕਿ ਤਾਮਿਲਨਾਡੂ ਪ੍ਰੀਮੀਅਰ ਲੀਗ (ਟੀਐੱਨਪੀਐੱਲ) ਨੇ ਆਪਣੇ ਕੋਚਾਂ ਤੇ ਅਧਿਕਾਰੀਆਂ ਨੂੰ ਮੈਚ ਫਿਕਸਿੰਗ ਵਿਚ ਸ਼ਾਮਲ ਹੋਣ ਨੂੰ ਲੈ ਕੇ ਸ਼ੱਕ ਦੇ ਘੇਰ ਵਿਚ ਪਾਇਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਕ ਮੈਂਬਰ ਨਾਲ ਕਥਿਤ ਤੌਰ 'ਤੇ ਇਸ ਸਾਲ ਦੀ ਸ਼ੁਰੂਆਤ ਵਿਚ ਇੰਗਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਵਿਚ ਮੈਚ ਫਿਕਸਿੰਗ ਕਰਨ ਦੇ ਇਰਾਦੇ ਨਾਲ ਸੰਪਰਕ ਕੀਤਾ ਗਿਆ ਸੀ। ਸੋਮਵਾਰ ਨੂੰ ਬੀਸੀਸੀਆਈ ਦੇ ਭਿ੍ਸ਼ਟਾਚਾਰ ਰੋਕੂ ਯੂਨਿਟ ਨੇ ਦੋ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਲਈ ਕਿਹਾ ਗਿਆ।

ਇਹ ਕਥਿਤ ਘਟਨਾ ਜਿਸ ਦੀ ਖਿਡਾਰੀ ਨੇ ਏਸੀਯੂ ਨੂੰ ਸੂਚਨਾ ਦਿੱਤੀ, ਫਰਵਰੀ ਵਿਚ ਹੋਈ ਸੀ। ਰਾਜਸਥਾਨ ਦੇ ਸਾਬਕਾ ਡੀਜੀਪੀ ਤੇ ਬੀਸੀਸੀਆਈ ਏਸੀਯੂ ਦੇ ਮੁਖੀ ਅਜੀਤ ਸਿੰਘ ਸ਼ੇਖਾਵਤ ਨੇ ਇਸ ਦੀ ਪੁਸ਼ਟੀ ਕੀਤੀ। ਸ਼ੇਖਾਵਤ ਨੇ ਕਿਹਾ ਕਿ ਉਹ ਭਾਰਤੀ ਕ੍ਰਿਕਟਰ ਹੈ ਤੇ ਅੰਤਰਰਾਸ਼ਟਰੀ ਕ੍ਰਿਕਟਰ ਵੀ ਹੈ। ਏਸੀਯੂ ਨੇ ਬੈਂਗਲੁਰੂ ਪੁਲਿਸ ਨਾਲ ਮਿਲ ਕੇ ਦੋ ਲੋਕਾਂ ਰਾਕੇਸ਼ ਬਾਫਨਾ ਤੇ ਜਤਿੰਦਰ ਕੋਠਾਰੀ ਖ਼ਿਲਾਫ਼ ਭਿ੍ਸ਼ਟ ਨਜ਼ਰੀਏ ਲਈ ਐੱਫਆਈਆਰ ਦਰਜ ਕੀਤੀ ਹੈ।