ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇਸ ਸਾਲ ਅਰਜੁਨ ਪੁਰਸਕਾਰ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਨਾਮਜ਼ਦ ਕੀਤੇ ਜਾਣ ਦੀ ਉਮੀਦ ਹੈ ਜੋ 2019 ਵਿਚ ਸੀਨੀਅਰ ਹੋਣ ਦੇ ਆਧਾਰ 'ਤੇ ਰਵਿੰਦਰ ਜਡੇਜਾ ਤੋਂ ਪੱਛੜ ਗਏ ਸਨ। ਬੀਸੀਸੀਆਈ ਦੇ ਅਧਿਕਾਰੀਆਂ ਦੇ ਇਸ ਮਹੀਨੇ ਦੇ ਅੰਤ ਵਿਚ ਮਰਦ ਤੇ ਮਹਿਲਾ ਵਰਗਾਂ ਲਈ ਖਿਡਾਰੀ ਨਾਮਜ਼ਦ ਕੀਤੇ ਜਾਣ ਦੀ ਉਮੀਦ ਹੈ ਪਰ ਗੁਜਰਾਤ ਦਾ ਇਹ ਤੇਜ਼ ਗੇਂਦਬਾਜ਼ ਪਿਛਲੇ ਚਾਰ ਸਾਲਾਂ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਸਭ ਤੋਂ ਕਾਬਲ ਉਮੀਦਾਰ ਹੈ। ਜੇ ਬੀਸੀਸੀਆਈ ਮਰਦ ਵਰਗ ਵਿਚ ਕਈ ਨਾਂ ਭੇਜਦਾ ਹੈ ਤਾਂ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਵੀ ਤਰਜੀਹ ਦਿੱਤੀ ਜਾ ਸਕਦੀ ਹੈ ਕਿਉਂਕਿ ਉਹ 2018 ਵਿਚ ਇਸ ਤੋਂ ਖੁੰਝ ਗਏ ਸਨ ਜਦਕਿ ਬੋਰਡ ਨੇ ਉਨ੍ਹਾਂ ਦੀ ਨਾਮਜ਼ਦਗੀ ਭੇਜੀ ਸੀ। ਬੀਸੀਸੀਆਈ ਦੇ ਇਕ ਸੂਤਰ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਮਰਦ ਵਰਗ ਵਿਚ ਤਿੰਨ ਨਾਂ ਬੁਮਰਾਹ, ਜਡੇਜਾ ਤੇ ਸ਼ਮੀ ਭੇਜੇ ਸਨ। ਬੁਮਰਾਹ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਿਰਫ਼ ਦੋ ਸਾਲ ਹੀ ਪੂਰੇ ਕੀਤੇ ਸਨ ਜਦਕਿ ਚੋਣ ਮਾਪਦੰਡ ਮੁਤਾਬਕ ਖਿਡਾਰੀ ਨੇ ਚੋਟੀ ਦੇ ਪੱਧਰ 'ਤੇ ਘੱਟੋ-ਘੱਟ ਤਿੰਨ ਸਾਲ ਤਕ ਪ੍ਰਦਰਸ਼ਨ ਕੀਤਾ ਹੋਵੇ ਇਸ ਲਈ ਉਹ ਇਸ ਨੂੰ ਹਾਸਲ ਨਹੀਂ ਕਰ ਸਕੇ ਸਨ।

ਅਜਿਹੀ ਸੰਭਾਵਨਾ ਘੱਟ ਹੀ ਹੈ ਕਿ ਬੀਸੀਸੀਆਈ ਇਸ ਵਾਰ ਸ਼ਮੀ ਦਾ ਨਾਂ ਭੇਜੇਗਾ ਕਿਉਂਕਿ ਉਨ੍ਹਾਂ ਦੀ ਪਤਨੀ ਨੇ ਕਥਿਤ ਘਰੇਲੂ ਹਿੰਸਾ ਵਿਚ ਉਨ੍ਹਾਂ ਖ਼ਿਲਾਫ਼ ਪੁਲਿਸ ਮਾਮਲਾ ਦਰਜ ਕਰਵਾਇਆ ਹੋਇਆ ਹੈ ਜਿਸ ਦਾ ਮਤਲਬ ਹੈ ਕਿ ਉਹ ਯੋਗ ਨਹੀਂ ਹੋਣਗੇ। ਜਿੱਥੇ ਤਕ ਧਵਨ ਦੀ ਗੱਲ ਹੈ ਤਾਂ ਸੀਨੀਅਰ ਹੋਣਾ ਇਕ ਕਾਰਨ ਹੈ ਕਿਉਂਕਿ ਉਨ੍ਹਾਂ ਦੇ ਪੱਧਰ ਦੇ ਸਾਰੇ ਕ੍ਰਿਕਟਰ (ਵਿਰਾਟ ਕੋਹਲੀ, ਰਵੀਚੰਦਰਨ ਅਸ਼ਵਿਨ, ਰੋਹਿਤ ਸ਼ਰਮਾ, ਅਜਿੰਕੇ ਰਹਾਣੇ, ਚੇਤੇਸ਼ਵਰ ਪੁਜਾਰਾ ਤੇ ਜਡੇਜਾ) ਨੂੰ ਇਹ ਪੁਰਸਕਾਰ ਮਿਲ ਚੁੱਕਾ ਹੈ।