ਕੈਂਟਬਰੀ (ਪੀਟੀਆਈ) : ਪਹਿਲੇ ਮੈਚ ਵਿਚ ਸ਼ਾਨਦਾਰ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਮਹਿਲਾ ਵਨ ਡੇ ਮੈਚ ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖ ਕੇ ਇੰਗਲੈਂਡ ਵਿਚ 23 ਸਾਲ ਬਾਅਦ ਪਹਿਲੀ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ 1999 ਵਿਚ ਇੰਗਲੈਂਡ ਖ਼ਿਲਾਫ਼ ਵਨ ਡੇ ਸੀਰੀਜ਼ 2-1 ਨਾਲ ਜਿੱਤੀ ਸੀ। ਤਦ ਅੰਜੁਮ ਚੋਪੜਾ ਨੇ ਇਕ ਸੈਂਕੜਾ ਤੇ ਇਕ ਅਰਧ ਸੈਂਕੜਾ ਲਾਇਆ ਸੀ।

ਟੀ-20 ਸੀਰੀਜ਼ ਗੁਆਉਣ ਤੋਂ ਬਾਅਦ ਹਰਮਨਪ੍ਰਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰ ਕੇ ਹੋਵ ਵਿਚ ਐਤਵਾਰ ਨੂੰ ਖੇਡੇ ਗਏ ਪਹਿਲੇ ਵਨ ਡੇ ਵਿਚ ਸੱਤ ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। ਇੰਗਲੈਂਡ ਨੂੰ ਆਪਣੀਆਂ ਕੁਝ ਸੀਨੀਅਰ ਖਿਡਾਰਨਾਂ ਦੀ ਘਾਟ ਰੜਕ ਰਹੀ ਹੈ ਪਰ ਪਹਿਲੇ ਮੈਚ ਵਿਚ ਭਾਰਤ ਹਰ ਵਿਭਾਗ ਵਿਚ ਉਨ੍ਹਾਂ ਤੋਂ ਬਿਹਤਰ ਨਜ਼ਰ ਆਇਆ ਤੇ ਉਹ ਆਪਣੀ ਇਸ ਲੈਅ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗਾ। ਇਹ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ ਵਿਦਾਈ ਸੀਰੀਜ਼ ਵੀ ਹੈ। ਝੂਲਨ ਦੇ ਨਾਂ 'ਤੇ ਸਭ ਤੋਂ ਵੱਧ ਵਿਕਟਾਂ ਲੈਣ ਦਾ ਵਿਸ਼ਵ ਰਿਕਾਰਡ ਹੈ ਤੇ ਉਨ੍ਹਾਂ ਨੇ ਪਹਿਲੇ ਮੈਚ ਵਿਚ 10 ਓਵਰਾਂ ਵਿਚ 20 ਦੌੜਾਂ ਦੇ ਕੇ ਇਕ ਵਿਕਟ ਲਈ ਸੀ। ਭਾਰਤ ਨੇ ਇਸ ਤੋਂ ਬਾਅਦ ਜੂਨ 2023 ਤਕ ਕੋਈ ਵਨ ਡੇ ਮੈਚ ਨਹੀਂ ਖੇਡਣਾ ਹੈ। ਪਹਿਲੇ ਮੈਚ ਵਿਚ ਭਾਰਤੀ ਉੱਪ-ਕਪਤਾਨ ਸਮਿ੍ਤੀ ਮੰਧਾਨਾ ਨੇ 99 ਗੇਂਦਾਂ ਵਿਚ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਜਦਕਿ ਵਿਕਟਕੀਪਰ ਬੱਲੇਬਾਜ਼ ਯਾਸਤਿਕਾ ਭਾਟੀਆ ਨੇ ਵੀ ਅਰਧ ਸੈਂਕੜਾ ਲਾਇਆ ਸੀ। ਕਪਤਾਨ ਹਰਮਨਪ੍ਰਰੀਤ ਕੌਰ ਨੇ ਅਜੇਤੂ 74 ਦੌੜਾਂ ਬਣਾ ਕੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤੀ ਕਪਤਾਨ ਹਰਮਨਪ੍ਰਰੀਤ ਮੱਧ ਕ੍ਰਮ ਦੇ ਬੱਲੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਤੋਂ ਵੀ ਵੱਡੀ ਪਾਰੀ ਦੀ ਉਮੀਦ ਕਰ ਰਹੀ ਹੋਵੇਗੀ ਜਿਨ੍ਹਾਂ ਨੇ 10 ਤੋਂ ਵੱਧ ਪਾਰੀਆਂ ਤੋਂ ਕੋਈ ਅਰਧ ਸੈਂਕੜਾ ਨਹੀਂ ਲਾਇਆ ਹੈ। ਇੰਗਲੈਂਡ ਨੂੰ ਆਪਣੇ ਬੱਲੇਬਾਜ਼ਾਂ ਤੋਂ ਵੱਡੀਆਂ ਪਾਰੀਆਂ ਦੀ ਉਮੀਦ ਹੋਵੇਗੀ। ਉਹ ਸੋਫੀਆ ਡੰਕਲੇ 'ਤੇ ਕਾਫੀ ਨਿਰਭਰ ਹੈ ਜਿਨ੍ਹਾਂ ਨੇ ਟੀ-20 ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ।

ਭਾਰਤ : ਹਰਮਨਪ੍ਰਰੀਤ ਕੌਰ (ਕਪਤਾਨ), ਸਮਿ੍ਤੀ ਮੰਧਾਨਾ, ਸ਼ੇਫਾਲੀ ਵਰਮਾ, ਸਬਿਨੇਨੀ ਮੇਘਨਾ, ਦੀਪਤੀ ਸ਼ਰਮਾ, ਯਾਸਤਿਕਾ ਭਾਟੀਆ (ਵਿਕਟਕੀਪਰ), ਪੂਜਾ ਵਸਤ੍ਰਾਕਰ, ਸਨੇਹ ਰਾਣਾ, ਰੇਣੂਕਾ ਠਾਕੁਰ, ਮੇਘਨਾ ਸਿੰਘ, ਰਾਜੇਸ਼ਵਰੀ ਗਾਇਕਵਾੜ, ਹਰਲੀਨ ਦਿਓਲ, ਦਿਆਲਨ ਹੇਮਲਤਾ, ਸਿਮਰਨ ਦਿਲ ਬਹਾਦੁਰ, ਝੂਲਨ ਗੋਸਵਾਮੀ, ਤਾਨੀਆ ਭਾਟੀਆ ਤੇ ਜੇਮੀਮਾ ਰਾਡਰਿਗਜ਼।

ਇੰਗਲੈਂਡ : ਏਮੀ ਜੋਂਸ (ਕਪਤਾਨ ਤੇ ਵਿਕਟਕੀਪਰ), ਟੈਮੀ ਬਿਊਮੋਂਟ, ਲਾਰੇਨ ਬੇਲ, ਮਾਇਆ ਬਾਊਚੀਅਰ, ਏਲਿਸ ਕੈਪਸੀ, ਕੇਟ ਕ੍ਰਾਸ, ਫਰੇਆ ਡੇਵਿਸ, ਏਲਿਸ ਡੇਵਿਡਸਨ-ਰਿਚਰਡਜ਼, ਚਾਰਲੀ ਡੀਨ, ਸੋਫੀਆ ਡੰਕਲੇ, ਸੋਫੀ ਏਕਲੇਸਟੋਨ, ਫ੍ਰੇਆ ਕੈਂਪ, ਇੱਸੀ ਵੋਂਗ ਤੇ ਡੈਨੀ ਵਾਇਟ।

Posted By: Gurinder Singh