ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤ ਨੂੰ 35 ਸਾਲ ਬਾਅਦ ਤੇਜ਼ ਗੇਂਦਬਾਜ਼ ਕਪਤਾਨ ਮਿਲਣਾ ਤੈਅ ਹੋ ਗਿਆ ਹੈ। ਰੈਗੂਲਰ ਕਪਤਾਨ ਰੋਹਿਤ ਸ਼ਰਮਾ ਫਿੱਟ ਨਹੀਂ ਹੋ ਸਕੇ ਹਨ ਤੇ ਭਾਰਤੀ ਟੀਮ ਮੈਨੇਜਮੈਂਟ ਨੇ ਸ਼ੁੱਕਰਵਾਰ ਤੋਂ ਬਰਮਿੰਘਮ ਦੇ ਏਜਬੇਸਟਨ ਵਿਚ ਮੇਜ਼ਬਾਨ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋ ਰਹੇ ਪਿਛਲੇ ਸੀਰੀਜ਼ ਦੇ ਦੁਬਾਰਾ ਤੈਅ ਪੰਜਵੇਂ ਟੈਸਟ ਲਈ ਜਸਪ੍ਰੀਤ ਬੁਮਰਾਹ ਨੂੰ ਕਪਤਾਨ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ। ਉਥੇ ਰਿਸ਼ਭ ਪੰਤ ਟੀਮ ਦੇ ਉੱਪ ਕਪਤਾਨ ਹੋਣਗੇ।

ਰੋਹਿਤ ਅਭਿਆਸ ਮੈਚ ਦੌਰਾਨ ਕੋਰੋਨਾ ਪਾਜ਼ੇਟਿਵ ਹੋ ਗਏ ਸਨ ਪਰ ਉਹ ਇਸ ਤੋਂ ਠੀਕ ਨਹੀਂ ਹੋ ਸਕੇ ਜਿਸ ਕਾਰਨ ਉਨ੍ਹਾਂ ਦੀ ਥਾਂ ਬੁਮਰਾਹ ਨੂੰ ਕਮਾਨ ਦਿੱਤੀ ਗਈ ਹੈ। ਵੈਸੇ ਬੀਸੀਸੀਆਈ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਰੋਹਿਤ ਫਿੱਟ ਹੋ ਜਾਣ ਤੇ ਇਸ ਟੈਸਟ ਵਿਚ ਖੇਡਣ ਪਰ ਅਜਿਹਾ ਨਹੀਂ ਹੋਇਆ। ਰੋਹਿਤ ਦੇ ਕੁਆਰੰਟਾਈਨ ਵਿਚ ਰਹਿਣ ਦੌਰਾਨ ਬੀਸੀਸੀਆਈ ਨੇ ਹੋਟਲ ਵਿਚ ਹੀ ਉਨ੍ਹਾਂ ਦੇ ਇੰਡੋਰ ਅਭਿਆਸ ਦਾ ਇੰਤਜ਼ਾਮ ਕੀਤਾ ਸੀ ਤਾਂਕਿ ਉਨ੍ਹਾਂ ਨੂੰ ਹੋਟਲ ਤੋਂ ਬਾਹਰ ਨਾ ਆਉਣਾ ਪਵੇ ਤੇ ਮੈਚ ਲਈ ਅਭਿਆਸ ਵੀ ਹੋ ਜਾਵੇ। ਉਥੇ ਜਾਗਰਣ ਨੇ ਵੀਰਵਾਰ ਨੂੰ ਹੀ ਦੱਸ ਦਿੱਤਾ ਸੀ ਕਿ ਰੋਹਿਤ ਇਸ ਟੈਸਟ ਤੋਂ ਬਾਹਰ ਹਨ ਤੇ ਬੁਮਰਾਹ ਕਪਤਾਨੀ ਕਰਨਗੇ। ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਪਿਛਲੀਆਂ ਗਰਮੀਆਂ ਵਿਚ ਮੇਜ਼ਬਾਨ ਇੰਗਲੈਂਡ 'ਤੇ ਦਬਦਬਾ ਬਣਾਉਂਦੇ ਹੋਏ ਚਾਰ ਟੈਸਟ ਮੈਚਾਂ ਵਿਚੋਂ ਦੋ ਜਿੱਤ ਕੇ ਸੀਰੀਜ਼ ਵਿਚ 2-1 ਨਾਲ ਬੜ੍ਹਤ ਬਣਾ ਲਈ ਸੀ ਤੇ ਹੁਣ ਭਾਰਤੀ ਟੀਮ ਉਸ ਸੀਰੀਜ਼ ਦੇ ਦੁਬਾਰਾ ਤੈਅ ਪੰਜਵੇਂ ਟੈਸਟ ਵਿਚ ਉਤਰੇਗੀ ਤਾਂ ਉਸ ਦੀ ਕੋਸ਼ਿਸ਼ ਘੱਟੋ-ਘੱਟ ਮੈਚ ਡਰਾਅ ਕਰਵਾਉਣ ਦੀ ਹੋਵੇਗੀ ਤਾਂ ਕਿ ਉਹ ਸੀਰੀਜ਼ ਆਪਣੇ ਨਾਂ ਕਰ ਸਕੇ। ਪਿਛਲੇ ਸਾਲ ਸੀਰੀਜ਼ ਦਾ ਪੰਜਵਾਂ ਟੈਸਟ ਓਲਡ ਟਰੈਫਰਡ ਵਿਚ ਹੋਣਾ ਸੀ ਪਰ ਭਾਰਤੀ ਖੇਮੇ ਵਿਚ ਕੋਵਿਡ ਦੇ ਮਾਮਲੇ ਆਉਣ ਕਾਰਨ ਮੈਚ ਨੂੰ ਮੁਲਤਵੀ ਕਰਨਾ ਪਿਆ। ਬਾਅਦ ਵਿਚ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਨੇ ਇਸ ਟੈਸਟ ਨੂੰ ਜੁਲਾਈ 2022 ਵਿਚ ਕਰਵਾਉਣ ਦਾ ਫ਼ੈਸਲਾ ਕੀਤਾ ਜਦ ਭਾਰਤ ਨੇ ਸੀਮਤ ਓਵਰਾਂ ਦੀ ਸੀਰੀਜ਼ ਲਈ ਇੰਗਲੈਂਡ ਦਾ ਦੌਰਾ ਕਰਨਾ ਸੀ। ਭਾਰਤ ਕੋਲ 2007-08 ਦੀ ਇਤਿਹਾਸਕ ਸੀਰੀਜ਼ ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਵਿਚ ਟੈਸਟ ਸੀਰੀਜ਼ ਜਿੱਤਣ ਦਾ ਮੌਕਾ ਹੈ। ਭਾਰਤ ਨੇ ਤਦ ਰਾਹੁਲ ਦ੍ਰਾਵਿੜ ਦੀ ਕਪਤਾਨੀ ਵਿਚ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤੀ ਸੀ। ਇਤਫ਼ਾਕ ਨਾਲ ਦ੍ਰਾਵਿੜ ਇਸ ਵਾਰ ਮੁੱਖ ਕੋਚ ਦੀ ਭੂਮਿਕਾ ਵਿਚ ਹਨ। ਜੇ ਭਾਰਤ ਇਸ ਟੈਸਟ ਨੂੰ ਜਿੱਤਦਾ ਹੈ ਜਾਂ ਡਰਾਅ ਵੀ ਕਰਵਾਉਂਦਾ ਹੈ ਤਾਂ ਉਹ 1971, 1986 ਤੇ 2007 ਤੋਂ ਬਾਅਦ ਇੰਗਲੈਂਡ ਵਿਚ ਚੌਥੀ ਟੈਸਟ ਸੀਰੀਜ਼ ਆਪਣੇ ਨਾਂ ਕਰਨ ਵਿਚ ਕਾਮਯਾਬ ਰਹੇਗਾ।

ਦੋਵਾਂ ਟੀਮਾਂ ਦੇ ਬਦਲ ਗਏ ਕਪਤਾਨ : ਭਾਰਤ ਵਾਂਗ ਇੰਗਲੈਂਡ ਲਈ ਵੀ ਇਸ ਟੈਸਟ ਵਿਚ ਬਹੁਤ ਕੁਝ ਬਦਲਿਆ ਹੋਇਆ ਹੋਵੇਗਾ। ਪਿਛਲੇ ਸਾਲ ਸੀਰੀਜ਼ ਦੌਰਾਨ ਜਿੱਥੇ ਜੋ ਰੂਟ ਟੀਮ ਦੇ ਕਪਤਾਨ ਸਨ ਤਾਂ ਹੁਣ ਇਹ ਜ਼ਿੰਮੇਵਾਰੀ ਬੇਨ ਸਟੋਕਸ ਦੇ ਮੋਿਢਆਂ 'ਤੇ ਆ ਚੁੱਕੀ ਹੈ। ਇਸ ਤਰ੍ਹਾਂ ਦੋਵਾਂ ਟੀਮਾਂ ਦੇ ਕਪਤਾਨ ਬਦਲ ਚੁੱਕੇ ਹਨ।

ਹੈਲਮਟ 'ਤੇ ਕੈਮਰਾ ਲਾ ਕੇ ਖੇਡਣਗੇ ਪੋਪ : ਟੈਸਟ ਕ੍ਰਿਕਟ ਵਿਚ ਪਹਿਲੀ ਵਾਰ ਕੋਈ ਖਿਡਾਰੀ ਕੈਮਰਾ ਲਾ ਕੇ ਮੈਦਾਨ ਵਿਚ ਉਤਰੇਗਾ। ਇੰਗਲੈਂਡ ਦੇ ਓਲੀ ਪੋਪ ਜਦ ਮੈਦਾਨ ਵਿਚ ਉਤਰਨਗੇ ਤਾਂ ਉਨ੍ਹਾਂ ਦੇ ਹੈਲਮਟ 'ਤੇ ਇਕ ਕੈਮਰਾ ਲੱਗਿਆ ਹੋਵੇਗਾ। ਇਸ ਦੌਰਾਨ ਪੋਪ ਦੀ ਸ਼ਾਰਟ ਲੈੱਗ 'ਤੇ ਫੀਲਡਿੰਗ ਕਰਨ ਦੀ ਮਜਬੂਰੀ ਹੋਵੇਗੀ। ਪੋਪ ਦੇ ਹੈਲਮਟ 'ਤੇ ਲੱਗਾ ਇਹ ਕੈਮਰਾ ਸਿੱਧਾ ਮੈਚ ਦੇ ਬਰਾਡਕਾਸਟਰ ਨਾਲ ਜੁੜਿਆ ਹੋਵੇਗਾ। ਇਸ ਨਾਲ ਉਸ ਕੈਮਰੇ ਵਿਚ ਕੈਦ ਹੋਣ ਵਾਲੀਆਂ ਸਾਰੀਆਂ ਤਸਵੀਰਾਂ ਦਰਸ਼ਕਾਂ ਨੂੰ ਸਿੱਧੀਆਂ ਦਿਖਾਈ ਦੇਣਗੀਆਂ। ਇਸ ਨਵੇਂ ਤਜਰਬੇ ਨੂੰ ਆਈਸੀਸੀ ਤੇ ਇੰਗਲੈਂਡ ਕ੍ਰਿਕਟ ਬੋਡਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ।

ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਰਿਸ਼ਭ ਪੰਤ (ਉੱਪ ਕਪਤਾਨ ਤੇ ਵਿਕਟਕੀਪਰ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਹਨੂਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਰਵੀਚੰਦਰਨ ਅਸ਼ਵਿਨ, ਪ੍ਰਸਿੱਧ ਕ੍ਰਿਸ਼ਨਾ, ਕੇਐੱਸ ਭਰਤ, ਮਯੰਕ ਅਗਰਵਾਲ, ਉਮੇਸ਼ ਯਾਦਵ।

ਇੰਗਲੈਂਡ : ਐਲੇਕਸ ਲੀਸ, ਜੈਕ ਕ੍ਰਾਉਲੇ, ਓਲੀ ਪੋਪ, ਜੋ ਰੂਟ, ਜਾਨੀ ਬੇਰਸਟੋ, ਬੇਨ ਸਟੋਕਸ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਮੈਥਿਊ ਪਾਟਸ, ਸਟੂਅਰਟ ਬਰਾਡ, ਜੈਕ ਲੀਚ ਤੇ ਜੇਮਜ਼ ਐਂਡਰਸਨ।

ਗ਼ੈਰ ਕਾਨੂੰਨੀ ਵੈੱਬਸਾਈਟਾਂ 'ਤੇ ਅਦਾਲਤ ਨੇ ਲਾਈ ਰੋਕ : ਦਿੱਲੀ ਹਾਈ ਕੋਰਟ ਨੇ ਅਗਲੀ ਭਾਰਤ-ਇੰਗਲੈਂਡ ਕ੍ਰਿਕਟ ਸੀਰੀਜ਼ ਦੀ ਸਟ੍ਰੀਮਿੰਗ ਕਰਨ ਲਈ 39 ਗ਼ੈਰ ਕਾਨੂੰਨੀ ਵੈੱਬਸਾਈਟਾਂ 'ਤੇ ਰੋਕ ਲਾ ਦਿੱਤੀ ਹੈ। ਜਸਟਿਨ ਸੰਜੀਵ ਨਰੂਲਾ ਦੇ ਬੈਂਚ ਨੇ ਕਿਹਾ ਕਿ ਸੋਨੀ ਟੈੱਨ ਨੈਟਵਰਕ ਕੋਲ ਖੇਡ ਦੇ ਪ੍ਰਸਾਰਣ ਦੇ ਖ਼ਾਸ ਮੀਡੀਆ ਅਧਿਕਾਰ ਹਨ। ਅਦਾਲਤ ਨੇ ਵੰਡ ਵਾਲੇ ਪਲੇਟਫਾਰਮ ਆਪ੍ਰਰੇਟਰਾਂ ਨੂੰ ਸਥਾਨਕ ਚੈਨਲਾਂ 'ਤੇ ਕਾਪੀਰਾਈਟ ਸਮਗੱਰੀ ਦੇ ਕਿਸੇ ਵੀ ਨਾਜਾਇਜ਼ ਤੇ ਬਿਨਾਂ ਲਾਇਸੰਸ ਦੇ ਪ੍ਰਸਾਰਣ ਨੂੰ ਜਨਤਾ ਨੂੰ ਉਪਲੱਬਧ ਕਰਵਾਉਣ ਤੋਂ ਰੋਕ ਦਿੱਤਾ।

Posted By: Gurinder Singh