ਦਾਂਬੁਲਾ (ਪੀਟੀਆਈ) : ਭਾਰਤੀ ਮਹਿਲਾ ਕ੍ਰਿਕਟ ਟੀਮ ਵੀਰਵਾਰ ਤੋਂ ਇੱਥੇ ਸ੍ਰੀਲੰਕਾ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਮੈਚ 'ਚ ਸਾਰੇ ਫਾਰਮੈਟਾਂ ਦੀ ਨਵੀਂ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਨਵੀਂ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰੇਗੀ। ਬਰਮਿੰਘਮ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਚ ਕ੍ਰਿਕਟ ਦੇ ਟੀ-20 ਫਾਰਮੈਟ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵੀ ਅੱਠ ਮਹੀਨੇ ਦੂਰ ਹੈ ਤੇ ਇਸ ਨੂੰ ਦੇਖਦੇ ਹੋਏ ਭਾਰਤੀ ਟੀਮ ਆਪਣੀ ਮੁਹਿੰਮ ਦੀ ਠੋਸ ਸ਼ੁਰੂਆਤ ਕਰਨਾ ਚਾਹੇਗੀ।

ਇਹ ਵਨਡੇ ਵਿਸ਼ਵ ਕੱਪ 2022 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਮਹਿਲਾ ਟੀਮ ਦਾ ਪਹਿਲਾ ਕੌਮਾਂਤਰੀ ਟੂਰਨਾਮੈਂਟ ਹੈ। ਦਿੱਗਜ ਖਿਡਾਰੀ ਮਿਤਾਲੀ ਰਾਜ ਦੇ ਸੰਨਿਆਸ ਲੈਣ ਤੋਂ ਬਾਅਦ ਇਹ ਭਾਰਤੀ ਟੀਮ ਦਾ ਪਹਿਲਾ ਟੂਰਨਾਮੈਂਟ ਹੈ। ਮਿਤਾਲੀ ਨੇ 23 ਸਾਲ ਦੇ ਸ਼ਾਨਦਾਰ ਕੌਮਾਂਤਰੀ ਕਰੀਅਰ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲਿਆ। ਨਿੱਜੀ ਤੌਰ 'ਤੇ ਕਪਤਾਨ ਹਰਮਨਪ੍ਰਰੀਤ ਦੀਆਂ ਨਜ਼ਰਾਂ ਮਿਤਾਲੀ ਨੂੰ ਪਿੱਛੇ ਛੱਡਣ 'ਤੇ ਟਿਕੀਆਂ ਹੋਣਗੀਆਂ। 33 ਸਾਲਾ ਹਰਮਨਪ੍ਰਰੀਤ ਨੇ 121 ਮੈਚਾਂ 'ਚ 2319 ਦੌੜਾਂ ਬਣਾਈਆਂ ਹਨ ਤੇ ਉਨ੍ਹਾਂ ਨੂੰ ਖੇਡ ਦੇ ਸਭ ਤੋਂ ਛੋਟੇ ਫਾਰਮੈਟ 'ਚ ਮਿਤਾਲੀ ਨੂੰ ਪਿੱਛੇ ਛੱਡਣ ਲਈ 46 ਦੌੜਾਂ ਚਾਹੀਦੀਆਂ ਹਨ।

ਮੇਜ਼ਬਾਨ ਸ੍ਰੀਲੰਕਾ ਹਾਲਾਂਕਿ ਲੜੀ ਦੀ ਸ਼ੁਰੂਆਤ ਬੈਕਫੁਟ 'ਤੇ ਕਰੇਗਾ ਕਿਉਂਕਿ ਟੀਮ ਨੂੰ ਹਾਲ ਹੀ 'ਚ ਪਾਕਿਸਤਾਨ ਖ਼ਿਲਾਫ਼ ਟੀ-20 ਲੜੀ 'ਚ 0-3 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਹਾਲਾਂਕਿ ਓਸ਼ਾਦੀ ਰਣਸਿੰਘੇ ਤੇ ਚਮਾਰੀ ਅੱਟਾਪੱਟੂ ਵਰਗੀਆਂ ਸ੍ਰੀਲੰਕਾ ਦੀਆਂ ਅਨੁਭਵੀ ਖਿਡਾਰਨਾਂ ਤੋਂ ਚੌਕਸ ਰਹਿਣਾ ਹੋਵੇਗਾ। ਭਾਰਤ ਨੇ ਪਿਛਲਾ ਟੀ-20 ਮੈਚ ਇਸੇ ਸਾਲ ਫਰਵਰੀ 'ਚ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ ਜਿਸ 'ਚ ਟੀਮ 18 ਦੌੜਾਂ ਨਾਲ ਹਾਰ ਗਈ ਸੀ। ਮੌਜੂਦਾ ਫਾਰਮ ਨੂੰ ਦੇਖਦੇ ਹੋਏ ਭਾਰਤ ਨੂੰ ਮੰਧਾਨਾ, ਸ਼ੇਫਾਲੀ ਵਰਮਾ, ਦੀਪਤੀ ਸ਼ਰਮਾ ਤੇ ਤੇਜ਼ ਗੇਂਦਬਾਜ਼ ਪੂਜਾ ਵਸਤਰਕਾਰ ਤੋਂ ਕਾਫ਼ੀ ਉਮੀਦਾਂ ਹੋਣਗੀਆਂ।

ਤਿੰਨ ਮੈਚਾਂ ਦੀ ਟੀ-20 ਲੜੀ ਤੋਂ ਬਾਅਦ ਇੰਨੇ ਹੀ ਮੈਚਾਂ ਦੀ ਵਨਡੇ ਲੜੀ ਵੀ ਹੋਵੇਗੀ ਜਿਸ ਦੇ ਮੈਚ ਪੱਲੇਕਲ 'ਚ ਇਕ, ਚਾਰ ਤੇ ਸੱਤ ਜੁਲਾਈ ਨੂੰ ਹੋਣਗੇ।

---

ਟੀਮਾਂ

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਤੀ ਮੰਧਾਨਾ, ਸਿਮਰਨ ਬਹਾਦਰ, ਯਸਤਿਕਾ ਭਾਟੀਆ, ਰਾਜੇਸ਼ਵਰੀ ਗਾਇਕਵਾੜ, ਰਿਚਾ ਘੋਸ਼, ਸਾਭਿਨੇਨੀ ਮੇਘਨਾ, ਮੇਘਨਾ ਸਿੰਘ, ਪੂਨਮ ਯਾਦਵ, ਰੇਣੂਕਾ ਸਿੰਘ, ਜੇਮਿਮਾ ਰੋਡਿ੍ਗਜ਼, ਸ਼ੇਫਾਲੀ ਵਰਮਾ, ਦੀਪਤੀ ਸ਼ਰਮਾ, ਪੂਜਾ ਵਸਤਰਕਾਰ ਤੇ ਰਾਧਾ ਯਾਦਵ।

ਸ੍ਰੀਲੰਕਾ : ਚਮਾਰੀ ਅੱਟਾਪੱਟੂ (ਕਪਤਾਨ), ਨਿਲਾਕਸ਼ੀ ਡਿਸਿਲਵਾ, ਕਵਿਸ਼ਾ ਦਿਲਹਾਰੀ, ਵਿਸ਼ਮੀ ਗੁਣਰਤਨੇ, ਅਮਾ ਕੰਚਨਾ, ਹੰਸਿਮਾ ਕਰੁਣਾਰਤਨੇ, ਅਚਿਨੀ ਕੁਲਸੁਰੀਆ, ਸੁਗੰਧਿਕਾ ਕੁਮਾਰੀ, ਹਰਸ਼ਿਤਾ ਮਾਦਵੀ, ਹਸਿਨੀ ਪਰੇਰਾ, ਉਦੇਸ਼ਿਕਾ ਪ੍ਰਬੋਧਨੀ, ਓਸ਼ਾਦੀ ਰਣਸਿੰਘੇ, ਸਤਯ ਸੰਦੀਪਨੀ, ਅਨੁਸ਼ਕਾ ਸੰਜੀਵਨੀ, ਮਾਲਸ਼ਾ ਸ਼ੇਹਾਨੀ, ਥਾਰਿਕਾ ਸੇਵੰਡੀ।