ਫੋਰਟ ਲਾਡਰਹਿਲ (ਪੀਟੀਆਈ) : ਭਾਰਤ ਇੱਥੇ ਸ਼ਨਿਚਰਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਚੌਥੇ ਟੀ-20 ਮੈਚ ਵਿਚ ਉਤਰੇਗਾ ਤਾਂ ਉਸ ਦੀ ਕੋਸ਼ਿਸ਼ ਇਸ ਮੈਚ ਨੂੰ ਜਿੱਤਣ ਨਾਲ ਸੀਰੀਜ਼ ’ਤੇ ਵੀ ਕਬਜ਼ਾ ਕਰਨ ਦੀ ਰਹੇਗੀ। ਭਾਰਤੀ ਟੀਮ ਅਜੇ ਸੀਰੀਜ਼ ਵਿਚ 2-1 ਨਾਲ ਅੱਗੇ ਹੈ ਅਤੇ ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਦਾ ਆਖ਼ਰੀ ਮੈਚ ਐਤਵਾਰ ਨੂੰ ਹੋਵੇਗਾ।
ਭਾਰਤ ਦੀ ਮੌਜੂਦਾ ਟੀਮ ਵਿਚ ਜਿਸ ਇਕ ਖਿਡਾਰੀ ’ਤੇ ਸਾਰਿਆਂ ਦੀ ਨਜ਼ਰ ਟਿਕੀ ਰਹੇਗੀ ਉਹ ਸ਼੍ਰੇਅਸ ਅਈਅਰ ਹਨ। ਖ਼ਰਾਬ ਪ੍ਰਦਰਸ਼ਨ ਕਾਰਨ ਅਈਅਰ ਦਾ ਟੀ-20 ਵਿਸ਼ਵ ਕੱਪ ਦੀ ਟੀਮ ਵਿਚ ਥਾਂ ਬਣਾਉਣਾ ਮੁਸ਼ਕਲ ਬਣਦਾ ਜਾ ਰਿਹਾ ਹੈ। ਦੀਪਕ ਹੁੱਡਾ ਨੇ ਮੌਕਿਆਂ ਦਾ ਚੰਗਾ ਫ਼ਾਇਦਾ ਉਠਾਇਆ ਹੈ ਤੇ ਇਸ ਕਾਰਨ ਮੱਧਕ੍ਰਮ ਵਿਚ ਅਈਅਰ ਲਈ ਥਾਂ ਬਣਾਉਣਾ ਮੁਸ਼ਕਲ ਰਹੇਗਾ।
ਏਸ਼ੀਆ ਕੱਪ ਲਈ ਕੇਐੱਲ ਰਾਹੁਲ ਤੇ ਵਿਰਾਟ ਕੋਹਲੀ ਦੀ ਟੀਮ ਵਿਚ ਵਾਪਸੀ ਤੈਅ ਹੈ ਤੇ ਇਸ ਕਾਰਨ ਅਈਅਰ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਉਨ੍ਹਾਂ ਨੇ ਹੁਣ ਤਕ ਤਿੰਨ ਮੈਚਾਂ ਵਿਚ ਜ਼ੀਰੋ, 11 ਤੇ 24 ਦੌੜਾਂ ਬਣਾਈਆਂ ਹਨ ਤੇ ਉਹ ਤੇਜ਼ ਗੇਂਦਬਾਜ਼ਾਂ ਦੀਆਂ ਉੱਠਦੀਆਂ ਗੇਂਦਾਂ ਦੇ ਸਾਹਮਣੇ ਅਸਹਿਜ ਨਜ਼ਰ ਆਉਂਦੇ ਹਨ। ਜਦ ਤੋਂ ਰਾਹੁਲ ਦ੍ਰਾਵਿੜ ਕੋਚ ਬਣੇ ਹਨ ਤਦ ਤੋਂ ਬਹੁਤ ਖਿਡਾਰੀਆਂ ਨੂੰ ਕਾਫੀ ਮੌਕੇ ਮਿਲੇ ਹਨ ਪਰ ਅਈਅਰ ਦੇ ਮਾਮਲੇ ਵਿਚ ਉਹ ਵਨ ਡੇ ਦੀ ਤਰ੍ਹਾਂ ਟੀ-20 ਵਿਚ ਚੰਗੀ ਲੈਅ ਬਣਾ ਕੇ ਨਹੀਂ ਰੱਖ ਸਕੇ। ਦ੍ਰਾਵਿੜ ਨੇ ਪਿਛਲੇ ਢਾਈ ਮਹੀਨਿਆਂ ਵਿਚ ਅਈਅਰ ਨੂੰ ਨੌਂ ਟੀ-20 ਮੈਚਾਂ ਵਿਚ ਮੌਕਾ ਦਿੱਤਾ ਪਰ ਪਹਿਲੇ 10 ਓਵਰਾਂ ਵਿਚ ਖੇਡਣ ਦਾ ਮੌਕਾ ਮਿਲਣ ਦੇ ਬਾਵਜੂਦ ਉਹ ਇਕ ਵਾਰ ਵੀ ਅਰਧ ਸੈਂਕੜਾ ਨਹੀਂ ਲਾ ਸਕੇ। ਜੇ ਅਈਅਰ ਨੂੰ ਆਖ਼ਰੀ ਦੋ ਮੈਚਾਂ ਵਿਚ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਕੋਲ ਵੱਡਾ ਸਕੋਰ ਬਣਾਉਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੋਵੇਗਾ।
ਪਿਛਲੇ ਮੈਚ ਵਿਚ ਆਪਣੇ ਬਿਹਤਰੀਨ ਸ਼ਾਟ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਸੂਰਿਆ ਕੁਮਾਰ ਯਾਦਵ ਨੂੰ ਇਸ ਵਾਰ ਸਿਖਰਲੇ ਨੰਬਰ ਵਿਚ ਆਪਣੇ ਕਪਤਾਨ ਰੋਹਿਤ ਸ਼ਰਮਾ ਦਾ ਸਾਥ ਮਿਲ ਸਕਦਾ ਹੈ। ਤੀਜੇ ਮੈਚ ਵਿਚ ਰੋਹਿਤ ਨੂੰ ਪਿੱਠ ਦਰਦ ਕਾਰਨ ਕ੍ਰੀਜ਼ ਛੱਡਣੀ ਪਈ ਸੀ। ਤਦ ਉਹ 11 ਦੌੜਾਂ ’ਤੇ ਖੇਡ ਰਹੇ ਸਨ ਪਰ ਤਿੰਨ ਦਿਨ ਆਰਾਮ ਤੋਂ ਬਾਅਦ ਉਹ ਖੇਡਣ ਲਈ ਤਿਆਰ ਹੋਣਗੇ। ਰੋਹਿਤ ਜਿੱਥੇ ਆਪਣੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ’ਤੇ ਵੀ ਗ਼ੌਰ ਕਰਨਗੇ ਉਥੇ ਨਜ਼ਰਾਂ ਰਿਸ਼ਭ ਪੰਤ ’ਤੇ ਵੀ ਟਿਕੀਆਂ ਰਹਿਣਗੀਆਂ ਜੋ ਆਪਣੇ ਸ਼ਾਟ ਨਾਲ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰ ਸਕਦੇ ਹਨ। ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਪਿਛਲੇ ਦੋ ਮੈਚਾਂ ਵਿਚ ਚੰਗੀ ਗੇਂਦਬਾਜ਼ੀ ਨਹੀਂ ਕਰ ਸਕੇ ਸਨ ਪਰ ਟੀਮ ਮੈਨੇਜਮੈਂਟ ਕੋਲ ਉਨ੍ਹਾਂ ਨੂੰ ਬਣਾਈ ਰੱਖਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ ਕਿਉਂਕਿ ਹਰਸ਼ਲ ਪਟੇਲ ਅਜੇ ਜ਼ਖ਼ਮੀ ਹਨ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੁਲਦੀਪ ਯਾਦਵ ਨੂੰ ਸੀਰੀਜ਼ ਵਿਚ ਮੈਚ ਖੇਡਣ ਲਈ ਮਿਲਦਾ ਹੈ ਜਾਂ ਨਹੀਂ ਕਿਉਂਕਿ ਹਰਸ਼ਲ ਦੇ ਪੂਰੀ ਤਰ੍ਹਾਂ ਫਿੱਟ ਨਾ ਹੋਣ ’ਤੇ ਭਾਰਤ ਵਾਧੂ ਸਪਿੰਨਰ ਨਾਲ ਉਤਰ ਸਕਦਾ ਹੈ।
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸੂਰਿਆ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਹਾਰਦਿਕ ਪਾਂਡਿਆ, ਰਿਸ਼ਭ ਪੰਤ, ਇਸ਼ਾਨ ਕਿਸ਼ਨ, ਦਿਨੇਸ਼ ਕਾਰਤਿਕ, ਸੰਜੂ ਸੈਮਸਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਆਵੇਸ਼ ਖ਼ਾਨ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ।
ਵੈਸਟਇੰਡੀਜ਼ : ਨਿਕੋਲਸ ਪੂਰਨ (ਕਪਤਾਨ), ਰੋਵਮੈਨ ਪਾਵੇਲ, ਸ਼ਮਰਾਹ ਬਰੁਕਸ, ਡੋਮੀਨਿਕ ਡਰੇਕਸ, ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਅਕੀਲ ਹੁਸੈਨ, ਅਲਜਾਰੀ ਜੋਸਫ਼, ਬਰੈਂਡਨ ਕਿੰਗ, ਕਾਇਲ ਮੇਅਰਸ, ਓਬੇਡ ਮੈਕਾਏ, ਕੀਮੋ ਪਾਲ, ਰੋਮਾਰੀਓ ਸ਼ੇਫਡ, ਓਡੀਅਨ ਸਮਿਥ, ਡੇਵੋਨ ਥਾਮਸ, ਹੇਡਨ ਵਾਲਸ਼।
Posted By: Gurinder Singh