ਨਵੀਂ ਦਿੱਲੀ (ਜੇਐੱਨਐੱਨ) : ਅਜਿੰਕੇ ਰਹਾਣੇ (81) ਦੇ ਅਰਧ ਸੈਂਕੜੇ ਤੋਂ ਬਾਅਦ ਰਵਿੰਦਰ ਜਡੇਜਾ ਨੇ ਏਂਟੀਗਾ ਦੇ ਸਰ ਵਿਵੀਅਨ ਰਿਚਰਡਜ਼ ਸਟੇਡੀਅਮ ਵਿਚ ਵੈਸਟਇੰਡੀਜ਼ ਖ਼ਿਲਾਫ਼ ਚੱਲ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ ਭਾਰਤੀ ਪਾਰੀ ਨੂੰ ਸੰਭਾਲਿਆ। ਉਨ੍ਹਾਂ ਦੀਆਂ 112 ਗੇਂਦਾਂ 'ਤੇ ਬਣਾਈਆਂ 58 ਦੌੜਾਂ ਦੀ ਮਦਦ ਨਾਲ ਭਾਰਤੀ ਟੀਮ ਪਾਰੀ ਵਿਚ 297 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ। ਸ਼ੁੱਕਰਵਾਰ ਨੂੰ ਪਹਿਲੇ ਦਿਨ ਦੇ ਸਕੋਰ ਛੇ ਵਿਕਟਾਂ 'ਤੇ 203 ਦੌੜਾਂ ਤੋਂ ਅੱਗੇ ਖੇਡਣ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਬਹੁਤ ਜਲਦੀ ਲੱਗ ਗਿਆ। ਪੰਤ ਨੂੰ ਰੋਸਟਨ ਚੇਜ ਨੇ 24 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਸਨ ਹੋਲਡਰ ਹੱਥੋਂ ਕੈਚ ਕਰਵਾ ਕੇ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਜਡੇਜਾ ਤੇ ਇਸ਼ਾਂਤ ਨੇ ਸੰਭਲ ਕੇ ਬੱਲੇਬਾਜ਼ੀ ਕਰਦੇ ਹੋਏ ਟੀਮ ਦਾ ਸਕੋਰ 250 ਦੌੜਾਂ ਤਕ ਪਹੁੰਚਾਇਆ। ਦੋਵਾਂ ਨੇ ਅੱਠਵੀਂ ਵਿਕਟ ਲਈ 60 ਦੌੜਾਂ ਦੀ ਭਾਈਵਾਲੀ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਦੋਵਾਂ ਨੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ੀ ਹਮਲੇ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ। ਹਾਲਾਂਕਿ ਇਸ਼ਾਂਤ ਸ਼ਰਮਾ ਨੂੰ ਸ਼ੇਨਾਨ ਗੈਬਰੀਅਲ ਨੇ ਬੋਲਡ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ। ਇਸ਼ਾਂਤ ਨੇ 62 ਗੇਂਦਾਂ ਵਿਚ ਇਕ ਚੌਕੇ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰੋਸਟਨ ਚੇਜ ਨੇ ਪਹਿਲੀ ਹੀ ਗੇਂਦ 'ਤੇ ਮੁਹੰਮਦ ਸ਼ਮੀ ਨੂੰ ਜ਼ੀਰੋ 'ਤੇ ਆਊਟ ਕਰ ਦਿੱਤਾ। ਆਖ਼ਰੀ ਵਿਕਟ ਲਈ ਜਡੇਜਾ ਨੇ ਜਸਪ੍ਰਰੀਤ ਬੁਮਰਾਹ ਨਾਲ 29 ਦੌੜਾਂ ਦੀ ਭਾਈਵਾਲੀ ਕੀਤੀ। ਇਸ ਵਿਚਾਲੇ ਜਡੇਜਾ ਨੇ ਆਪਣੇ ਟੈਸਟ ਕਰੀਅਰ ਦਾ 11ਵਾਂ ਅਰਧ ਸੈਂਕੜਾ ਵੀ ਲਾਇਆ। ਜੇਸਨ ਹੋਲਡਰ ਨੇ ਜਡੇਜਾ ਨੂੰ ਸ਼ਾਈ ਹੋਪ ਹੱਥੋਂ ਕੈਚ ਕਰਵਾ ਕੇ ਭਾਰਤੀ ਪਾਰੀ ਦਾ ਅੰਤ ਕੀਤਾ। ਵੈਸਟਇੰਡੀਜ਼ ਵੱਲੋਂ ਕੇਮਾਰ ਰੋਚ ਨੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਗੈਬਰੀਅਲ ਨੇ ਤਿੰਨ, ਚੇਜ ਨੇ ਦੋ ਤੇ ਜੇਸਨ ਹੋਲਡਰ ਨੇ ਇਕ ਵਿਕਟ ਲਿਆ।