ਏਂਟੀਗਾ (ਪੀਟੀਆਈ) : ਭਾਰਤੀ ਟੀਮ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੁਕਾਬਲੇ ਵਿਚ ਵੀਰਵਾਰ ਨੂੰ ਜਦ ਵੈਸਟਇੰਡੀਜ਼ ਦੇ ਸਾਹਮਣੇ ਉਤਰੇਗੀ ਤਾਂ ਕਪਤਾਨ ਵਿਰਾਟ ਕੋਹਲੀ ਚੰਗੀ ਟੀਮ ਨੂੰ ਲੈ ਕੇ ਜਿੱਤ ਨਾਲ ਆਗਾਜ਼ ਕਰਨਾ ਚਾਹੁਣਗੇ। ਕੋਹਲੀ, ਚੇਤੇਸ਼ਵਰ ਪੁਜਾਰਾ, ਲੋਕੇਸ਼ ਰਾਹੁਲ ਤੇ ਰੋਹਿਤ ਸ਼ਰਮਾ ਦੇ ਰਹਿੰਦੇ ਭਾਰਤੀ ਟੀਮ ਕਾਗਜ਼ਾਂ 'ਤੇ ਮਜ਼ਬੂਤ ਲੱਗ ਰਹੀ ਹੈ ਪਰ ਜੇਸਨ ਹੋਲਡਰ ਦੀ ਅਗਵਾਈ ਵਾਲੀ ਕੈਰੇਬਿਆਈ ਟੀਮ ਨੂੰ ਕਮਜ਼ੋਰ ਨਹੀਂ ਮੰਨਿਆ ਜਾ ਸਕਦਾ। ਇੰਗਲੈਂਡ ਨੂੰ ਇਸ ਦਾ ਤਜਰਬਾ ਹੋ ਚੁੱਕਾ ਹੈ ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਵੈਸਟਇੰਡੀਜ਼ ਦੀਆਂ ਪਿੱਚਾਂ 'ਤੇ 1-2 ਨਾਲ ਹਾਰ ਸਹਿਣੀ ਪਈ ਸੀ।

ਤੇਜ਼ ਗੇਂਦਬਾਜ਼ਾਂ ਦੀਆਂ ਮਦਦਗਾਰ ਪਿੱਚਾਂ

ਏਂਟੀਗਾ ਦੇ ਸਰ ਵਿਵੀਅਨ ਰਿਚਰਡਜ਼ ਸਟੇਡੀਅਮ ਦੀ ਵਿਕਟ ਵੀ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਹੈ। ਆਪਣੇ ਘਰੇਲੂ ਮੈਦਾਨ 'ਤੇ ਖੇਡ ਰਹੀ ਵੈਸਟਇੰਡੀਜ਼ ਦੀ ਟੀਮ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਭਾਰਤੀ ਬੱਲੇਬਾਜ਼ਾਂ ਲਈ ਸੌਖਾ ਨਹੀਂ ਹੋਵੇਗਾ। ਤੇਜ਼ ਗੇਂਦਬਾਜ਼ ਕੇਮਾਰ ਰੋਚ, ਸ਼ੇਨਾਨ ਗੈਬਰੀਅਲ ਤੇ ਜੇਸਨ ਹੋਲਡਰ ਦੇ ਅੱਗੇ ਭਾਰਤੀ ਬੱਲੇਬਾਜ਼ਾਂ ਨੂੰ ਸੰਭਲ ਕੇ ਖੇਡਣਾ ਪਵੇਗਾ। ਇੱਥੇ ਪਿਛਲੇ ਟੈਸਟ ਵਿਚ ਇੰਗਲੈਂਡ ਦੀ ਟੀਮ 187 ਤੇ 132 ਦੌੜਾਂ 'ਤੇ ਆਊਟ ਹੋ ਗਈ ਸੀ।

ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਉਤਰ ਸਕਦੀ ਹੈ ਟੀਮ ਇੰਡੀਆ

ਪਿੱਚ ਵਿਚ ਰਫ਼ਤਾਰ ਤੇ ਉਛਾਲ ਹੋਣ 'ਤੇ ਕੋਹਲੀ ਚਾਰ ਮਾਹਿਰ ਗੇਂਦਬਾਜ਼ਾਂ ਨੂੰ ਲੇ ਕੇ ਉਤਰ ਸਕਦੇ ਹਨ ਜਿਸ ਵਿਚ ਤਿੰਨ ਤੇਜ਼ ਗੇਂਦਬਾਜ਼ਾਂ ਦੀ ਥਾਂ ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ਮੀ ਲੈਣਗੇ। ਇਸ ਕਾਰਨ ਆਰ ਅਸ਼ਵਿਨ ਤੇ ਕੁਲਦੀਪ ਯਾਦਵ ਵਿਚਾਲਿਓਂ ਇਕ ਸਪਿੰਨਰ ਦੀ ਥਾਂ ਲਈ ਮੁਕਾਬਲਾ ਹੋਵੇਗਾ।

ਬੱਲੇਬਾਜ਼ੀ 'ਚ ਸੰਤੁਲਨ ਜ਼ਰੂਰੀ

ਬੱਲੇਬਾਜ਼ੀ ਨੂੰ ਮਜ਼ਬੂਤ ਕਰਨਾ ਕੋਹਲੀ ਲਈ ਮੁਸ਼ਕਲ ਕੰਮ ਹੋਵੇਗਾ। ਹਾਰਦਿਕ ਪਾਂਡਿਆ ਉਪਲੱਬਧ ਹੁੰਦੇ ਤਾਂ ਕੋਹਲੀ ਅਜਿਹੀ ਸਥਿਤੀ ਵਿਚ ਰੋਹਿਤ ਜਾਂ ਅਜਿੰਕੇ ਰਹਾਣੇ ਵਿਚੋਂ ਇਕ ਨੂੰ ਬਾਹਰ ਰੱਖ ਸਕਦੇ ਸਨ। ਉਂਝ ਟੈਸਟ ਕ੍ਰਿਕਟ ਵਿਚ ਵੈਸਟਇੰਡੀਜ਼ ਦਾ ਪਿਛਲਾ ਰਿਕਾਰਡ ਦੇਖਦੇ ਹੋਏ ਉਹ ਵਾਧੂ ਬੱਲੇਬਾਜ਼ ਨੂੰ ਲੈ ਕੇ ਉਤਰ ਸਕਦੇ ਹਨ। ਹਰੀ ਪਿੱਚ ਹੋਣ 'ਤੇ ਕੋਹਲੀ ਪੰਜ ਗੇਂਦਬਾਜ਼ਾਂ ਨੂੰ ਵੀ ਉਤਾਰ ਸਕਦੇ ਹਨ ਜਿਸ ਦੇ ਮਾਅਨੇ ਹਨ ਕਿ ਮੁੰਬਈ ਦੇ ਦੋਵਾਂ ਬੱਲੇਬਾਜ਼ਾਂ ਵਿਚੋਂ ਇਕ ਦੀ ਚੋਣ ਹੋਵੇਗੀ ਤੇ ਰਵਿੰਦਰ ਜਡੇਜਾ ਹਰਫ਼ਨਮੌਲਾ ਦੇ ਰੂਪ ਵਿਚ ਖੇਡਣਗੇ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ : ਵਿਰਾਟ ਕੋਹਲੀ (ਕਪਤਾਨ), ਮਯੰਕ ਅੱਗਰਵਾਲ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਹਨੂਮਾ ਵਿਹਾਰੀ, ਅਜਿੰਕੇ ਰਹਾਣੇ, ਰੋਹਿਤ ਸ਼ਰਮਾ, ਰਿਸ਼ਭ ਪੰਤ, ਕੁਲਦੀਪ ਯਾਦਵ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰਰੀਤ ਬੁਮਰਾਹ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਰਿੱਧੀਮਾਨ ਸਾਹਾ।

ਵੈਸਟਇੰਡੀਜ਼ : ਜੇਸਨ ਹੋਲਡਰ (ਕਪਤਾਨ), ਕ੍ਰੇਗ ਬ੍ਰੇਥਵੇਟ, ਡੇਰੇਨ ਬਰਾਵੋ, ਸ਼ਾਮਾਰਹ ਬਰੂਕਸ, ਜਾਨ ਕੈਂਪਬੇਲ, ਰੋਸਟਨ ਚੇਸ, ਰਕਹੀਮ ਕਾਰਨਵਾਲ, ਸ਼ਾਨ ਡਾਵਰਿਚ, ਸ਼ੇਨਾਨ ਗੈਬਰੀਅਲ, ਸ਼ਿਮਰਾਨ ਹੇਟਮਾਇਰ, ਸ਼ਾਈ ਹੋਪ, ਕੀਮੋ ਪਾਲ, ਕੇਮਾਰ ਰੋਚ।