ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਹੈਦਰਾਬਾਦ 'ਚ ਵੈਸਟਇੰਡੀਜ਼ ਖ਼ਿਲਾਫ਼ ਖੇਡੇ ਗਏ ਪਹਿਲੇ ਟੀ-20 ਮੁਕਾਬਲੇ 'ਚ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਓਪਨਰ ਕੇਐੱਲ ਰਾਹੁਲ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਜ਼ੋਰ 'ਤੇ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ। ਟੀਮ ਨੂੰ ਮਿਲੀ ਜਿੱਤ ਤੋਂ ਬਾਅਦ ਵੀ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਟੀਮ ਤੋਂ ਖ਼ੁਸ਼ ਨਹੀਂ ਹਨ। ਉਨ੍ਹਾਂ ਕੋਹਲੀ ਐਂਡ ਕੰਪਨੀ ਨੂੰ ਜ਼ਬਰਦਸਤ ਝਾੜ ਪਾਈ ਹੈ।

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਟੀ-20 ਮੁਕਾਬਲੇ 'ਚ ਕੀਤੀ ਗਈ ਫੀਲਡਿੰਗ ਦੀ ਨਿਖੇਧੀ ਕੀਤੀ ਹੈ। ਯੁਵਰਾਜ ਨੇ ਸੋਸ਼ਲ ਮੀਡੀਆ 'ਤੇ ਟੀਮ ਇੰਡੀਆ ਦੀ ਖ਼ਰਾਬ ਗੇਂਦਬਾਜ਼ੀ ਤੇ ਫੀਲਡਿੰਗ ਸਬੰਧੀ ਖਿਡਾਰੀਆਂ ਨੂੰ ਸੁਚੇਤ ਹੋਣ ਦੀ ਗੱਲ ਲਿਖੀ। ਉਨ੍ਹਾਂ ਲਿਖਿਆ, 'ਅੱਜ ਭਾਰਤੀ ਟੀਮ ਮੈਦਾਨ 'ਚ ਫੀਲਡਿੰਗ 'ਚ ਬਹੁਤ ਹੀ ਖ਼ਰਾਬ ਨਜ਼ਰ ਆਈ। ਟੀਮ ਦੇ ਨੌਜਵਾਨ ਖਿਡਾਰੀ ਗੇਂਦ ਉੱਪਰ ਕਾਫ਼ੀ ਦੇਰ ਬਾਅਦ ਪ੍ਰਤੀਕਿਰਿਆ ਦੇ ਰਹੇ ਹਨ। ਬਹੁਤ ਸਾਰੀ ਕ੍ਰਿਕੇਟ !! ਇਨ੍ਹਾਂ ਸਾਰੀਆਂ ਦੌੜਾਂ ਨੂੰ ਬਚਾਓ ਮੁੰਡਿਓ...।

ਵੈਸਟਇੰਡੀਜ਼ ਨੇ ਭਾਰਤ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 208 ਦੌੜਾਂ ਦਾ ਟੀਚਾ ਖੜ੍ਹਾ ਕੀਤਾ। ਭਾਰਤ ਨੇ ਕਪਤਾਨ ਵਿਰੋਟ ਕਹੋਲੀ ਦੀ ਨਾਬਾਦ 94 ਤੇ ਕੇਐੱਲ ਰਾਹੁਲ ਦੇ 62 ਦੌੜਾਂ ਦੀ ਬਿਹਤਰੀਨ ਪਾਰੀ ਦੇ ਦਮ 'ਤੇ ਜਿੱਤ ਹਾਸਿਲ ਕੀਤੀ। ਵੈਸਟਇਂਡੀਜ਼ ਦੀ ਟੀਮ 208 ਦੌੜਾਂ ਦਾ ਟੀਚਾ ਭਾਰਤ ਸਾਹਮਣੇ ਰੱਖਣ 'ਚ ਕਾਮਯਾਬ ਹੋਈ ਇਸ ਦੇ ਪਿੱਛੇ ਭਾਰਤੀ ਖਿਡਾਰੀਆਂ ਦੀ ਖ਼ਰਾਬ ਫੀਲਡਿੰਗ ਰਹੀ।

ਰੋਹਿਤ ਸ਼ਰਮਾ ਤੇ ਵਾਸ਼ਿੰਗਟਨ ਸੁੰਦਰ ਤੋਂ ਛੁੱਟੇ ਕੈਚ

ਮੈਚ 'ਚ ਵੈਸਟਇੰਡੀਜ਼ ਦੇ ਸ਼ਿਮਰੋਨ ਹੇਟਮਾਇਰ ਨੇ 56 ਦੌੜਾਂ ਦੀ ਪਾਰੀ ਖੇਡੀ ਪਰ ਇਸ ਦੇ ਪਿੱਛੇ ਟੀਮ ਦੀ ਲੱਚਰ ਫੀਲਡਿੰਗ ਰਹੀ। 16ਵੇਂ ਓਵਰ 'ਚ ਹੇਟਮਾਇਰ ਦਾ ਕੈਚ ਵਾਸ਼ਿੰਗਟਨ ਸੁੰਦਰ ਨੇ ਛੱਡਿਆ। ਉੱਥੇ ਹੀ ਵੈਸਟਇੰਡੀਜ਼ ਦੇ ਕਪਾਤਨ ਕੀਰੋਨ ਪੋਲਾਰਡ ਦਾ ਕੈਚ ਅਨੁਭਵੀ ਰੋਹਿਤ ਸ਼ਰਮਾ ਨੇ ਛੱਡਿਆ। ਪੋਲਾਰਡ ਜਦੋਂ 24 ਦੌੜਾਂ 'ਤੇ ਸਨ ਉਦੋਂ ਰੋਹਿਤ ਨੇ ਉਨ੍ਹਾਂ ਦਾ ਕੈਚ ਛੱਡਿਆ ਸੀ। ਉਨ੍ਹਾਂ 27 ਦੌੜਾਂ ਦੀ ਪਾਰੀ ਖੇਡੀ।

Posted By: Seema Anand