ਚੰਡੀਗੜ੍ਹ (ਜੇਐੱਨਐੱਨ) : ਧਰਮਸ਼ਾਲਾ ਤੋਂ ਬਾਅਦ ਮੋਹਾਲੀ ਦੇ ਆਈਐੱਸ ਬਿੰਦਰਾ ਸਟੇਡੀਅਮ ਵਿਚ 18 ਸਤੰਬਰ ਨੂੰ ਕਰਵਾਏ ਜਾਣ ਵਾਲੇ ਟੀ-20 ਸੀਰੀਜ਼ ਦੇ ਦੂਜੇ ਮੈਚ ਨੂੰ ਖੇਡਣ ਲਈ ਭਾਰਤ ਤੇ ਦੱਖਣੀ ਅਫਰੀਕਾ ਦੀਆਂ ਚੰਡੀਗੜ੍ਹ ਪੁੱਜ ਚੁੱਕੀਆਂ ਹਨ। ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਚਾਰਟਰ ਜਹਾਜ਼ ਰਾਹੀਂ ਸਵੇਰੇ ਲਗਭਗ 10.30 ਵਜੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੀ। ਇਸ ਤੋਂ ਬਾਅਦ ਦੁਪਹਿਰ 2.30 ਵਜੇ ਭਾਰਤੀ ਟੀਮ ਤੇ ਹੋਰ ਸਟਾਫ ਇੱਥੇ ਪੁੱਜਾ। ਏਅਰਪੋਰਟ ਤੋਂ ਟੀਮ ਸਿੱਧਾ ਹੋਟਲ ਰਵਾਨਾ ਹੋ ਗਈ। ਜ਼ਿਕਰਯੋਗ ਹੈ ਕਿ ਸੀਰੀਜ਼ ਦਾ ਪਹਿਲਾ ਮੈਚ ਧਰਮਸ਼ਾਲਾ 'ਚ ਬਾਰਿਸ਼ ਕਾਰਨ ਰੱਦ ਹੋਣ ਕਾਰਨ ਮੋਹਾਲੀ ਵਿਚ ਦੋਵੇਂ ਟੀਮਾਂ ਜਿੱਤ ਦੇ ਇਰਾਦੇ ਨਾਲ ਮੈਦਾਨ 'ਚ ਉਤਰਨਗੀਆਂ। ਮੋਹਾਲੀ ਦੀ ਪਿੱਚ ਉਂਝ ਤਾਂ ਬੱਲੇਬਾਜ਼ਾਂ ਲਈ ਮਦਦਗਾਰ ਰਹਿੰਦੀ ਹੈ ਇਸ ਲਈ 18 ਸਤੰਬਰ ਨੂੰ ਮੋਹਾਲੀ 'ਚ ਹੋਣ ਵਾਲਾ ਦੂਜਾ ਮੈਚ ਕਾਫੀ ਰੋਮਾਂਚਕ ਹੋਣ ਦੀ ਉਮੀਦ ਹੈ। ਚੰਡੀਗੜ੍ਹ ਪੁੱਜਣ ਤੋਂ ਬਾਅਦ ਜਿੱਥੇ ਜ਼ਿਆਦਾ ਖਿਡਾਰੀਆਂ ਨੇ ਆਰਾਮ ਕੀਤਾ ਉਥੇ ਟੀਮ ਇੰਡੀਆ ਦੇ ਚਾਰ ਖਿਡਾਰੀਆਂ ਨੇ ਸਟੇਡੀਅਮ ਪੁੱਜ ਕੇ ਚੰਗਾ ਪਸੀਨਾ ਵਹਾਇਆ। ਹਾਰਦਿਕ ਪਾਂਡਿਆ, ਕਰੁਣਾਲ ਪਾਂਡਿਆ, ਕੇਐੱਲ ਰਾਹੁਲ ਤੇ ਰਿਸ਼ਭ ਪੰਤ ਟੀਮ ਦੇ ਨਾਲ ਦੁਪਹਿਰ ਤਿੰਨ ਵਜੇ ਦੇ ਨੇੜੇ ਹੋਟਲ ਪੁੱਜੇ ਪਰ ਉਨ੍ਹਾਂ ਨੇ ਆਰਾਮ ਦੀ ਬਜਾਏ ਸਟੇਡੀਅਮ ਦਾ ਰੁਖ਼ ਕਰ ਲਿਆ। ਇਹ ਚਾਰ ਖਿਡਾਰੀ ਸ਼ਾਮ ਚਾਰ ਵਜੇ ਦੇ ਨੇੜੇ ਸਟੇਡੀਅਮ ਪੁੱਜੇ ਜਿੱਥੇ ਉਨ੍ਹਾਂ ਨੇ ਤਿੰਨ ਘੰਟੇ ਦੇ ਲਗਭਗ ਅਭਿਆਸ ਕੀਤਾ। ਟੀਮ ਦੇ ਵਿਕਟਕੀਪਰ ਤੇ ਸਲਾਮੀ ਬੱਲੇਬਾਜ਼ ਰਿਸ਼ਭ ਪੰਤ ਨੇ ਨੈੱਟ 'ਤੇ ਕਈ ਤੇਜ਼ ਸ਼ਾਟ ਲਾਏ ਜਦਕਿ ਪਾਂਡਿਆ ਭਰਾਵਾਂ ਨੇ ਗੇਂਦਬਾਜ਼ੀ ਤੇ ਬੱਲੇਬਾਜ਼ੀ ਦਾ ਅਭਿਆਸ ਕੀਤਾ। ਟੀਮ ਦੇ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਨੇ ਸਥਾਨਕ ਗੇਂਦਬਾਜ਼ਾਂ ਨਾਲ ਅਭਿਆਸ ਕੀਤਾ।

ਅੱਜ ਅਭਿਆਸ ਕਰਨਗੀਆਂ ਦੋਵੇਂ ਟੀਮਾਂ

ਦੋਵੇਂ ਟੀਮਾਂ ਮੰਗਲਵਾਰ ਨੂੰ ਸਟੇਡੀਅਮ 'ਚ ਅਭਿਆਸ ਕਰਨਗੀਆਂ। ਦੱਖਣੀ ਅਫਰੀਕਾ ਦੀ ਟੀਮ ਮੰਗਲਵਾਰ ਸਵੇਰੇ ਨੌਂ ਵਜੇ ਸਟੇਡੀਅਮ ਪੁੱਜੇਗੀ ਤੇ ਦੁਪਹਿਰ 12 ਵਜੇ ਤਕ ਅਭਿਆਸ ਕਰੇਗੀ। ਇਸ ਤੋਂ ਬਾਅਦ ਟੀਮ ਇੰਡੀਆ ਸ਼ਾਮ ਨੂੰ ਆਪਣਾ ਅਭਿਆਸ ਕਰੇਗੀ। ਸ਼ਡਿਊਲ ਮੁਤਾਬਕ ਟੀਮ ਦੁਪਹਿਰ 2 ਵਜੇ ਤੋਂ ਸ਼ਾਮ ਪੰਜ ਵਜੇ ਤਕ ਅਭਿਆਸ ਕਰੇਗੀ।