ਨਵੀਂ ਦਿੱਲੀ, ਜੇਐੱਨਐੱਨ। India vs South Africa 3rd Test Match Report: ਭਾਰਤੀ ਟੀਮ ਨੇ ਰਾਂਚੀ ਟੈਸਟ ਮੈਚ 'ਚ ਦੱਖਣੀ ਅਫ਼ਰੀਕਾ ਨੂੰ ਇਕ ਪਾਰੀ ਤੇ 202 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ 'ਤੇ 3-0 ਨਾਲ ਕਬਜ਼ਾ ਕਰ ਲਿਆ ਹੈ। ਭਾਰਤੀ ਟੀਮ ਨੇ ਪਹਿਲੀ ਵਾਰ ਦੱਖਣੀ ਅਫ਼ਰੀਕੀ ਟੀਮ ਨੂੰ ਟੈਸਟ ਲੜੀ 'ਚ ਕਲੀਨ ਸਵੀਪ ਕੀਤਾ ਹੈ।

ਰਾਂਚੀ ਟੈਸਟ ਮੈਚ ਦੇ ਚੌਥੇ ਦਿਨ ਸਿਰਫ਼ 12 ਗੇਂਦਾਂ ਸੁੱਟੀਆਂ ਗਈਆਂ ਜਿਸ 'ਚ ਦੂਸਰਾ ਓਵਰ ਕਰਨ ਆਏ ਡੈਬਿਊਡੈਂਟ ਖਿਡਾਰੀ ਸ਼ਾਹਬਾਜ਼ ਨਦੀਮ ਨੇ ਓਵਰ ਦੀਆਂ ਆਖ਼ਰੀ ਦੋ ਗੇਂਦਾਂ 'ਤੇ ਦੋ ਵਿਕਟ ਝਟਕਾ ਕੇ ਮੈਚ ਖ਼ਤਮ ਕੀਤਾ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਦੋਹਰਾ ਸੈਂਕੜਾ, ਉਪ ਕਪਤਾਨ ਅਜਿੰਕਯ ਰਹਾਣੇ ਨੇ ਸੈਂਕੜਾ, ਰਵਿੰਦਰ ਜਡੇਜਾ ਨੇ ਅਰਧ ਸੈਂਕੜਾ ਤੇ ਉਮੇਸ਼ ਨੇ 31 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ 497/9 'ਤੇ ਪਾਰੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਆਪਣੀ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫ਼ਰੀਕੀ ਟੀਮ 162 ਦੌੜਾਂ 'ਤੇ ਢੇਰ ਹੋ ਗਈ।

ਪਹਿਲੀ ਪਾਰੀ 'ਚ 335 ਦੌੜਾਂ ਨਾਲ ਪੱਛੜਨ ਕਾਰਨ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਫਾਲੋਆਨ ਖੇਡਣਾ ਪਿਆ। ਫਾਲੋਆਨ ਖੇਡਦੇ ਹੋਏ ਦੱਖਣੀ ਅਫ਼ਰੀਕੀ ਟੀਮ ਦੀ ਹਾਲਤ ਖ਼ਰਾਬ ਰਹੀ। ਸ਼ੁਰੂਆਤ ਤੋਂ ਹੀ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਮਹਿਮਾਨ ਟੀਮ 'ਤੇ ਆਪਣਾ ਦਬਦਬਾ ਬਣਾਈ ਰੱਖਿਆ। ਇਹੀ ਕਾਰਨ ਰਿਹਾ ਕਿ ਤਿੰਨ ਦਿਨਾਂ ਦੀ ਖੇਡ ਮਗਰੋਂ ਭਾਰਤ ਜਿੱਤ ਦੇ ਕਾਫ਼ੀ ਕਰੀਬ ਪਹੁੰਚ ਗਿਆ ਸੀ। ਦੂਸਰੀ ਪਾਰੀ 'ਚ ਦੱਖਣੀ ਅਫ਼ਰੀਕਾ ਟੀਮ 133 'ਤੇ ਢੇਰ ਹੋ ਗਈ।

Posted By: Akash Deep