ਜੇਐੱਨਐੱਨ, ਨਵੀਂ ਦਿੱਲੀ : India vs South Africa 1st T20I: ਹਿਮਾਚਲ ਪ੍ਰਦੇਸ਼ ਦੀਆਂ ਖ਼ੂਬਸੂਰਤ ਵਾਦੀਆਂ 'ਚ ਬਣੇ ਧਰਮਸ਼ਾਲਾ ਸਟੇਡੀਅਮ 'ਚ ਖੇਡੇ ਜਾਣ ਵਾਲੇ ਭਾਰਤ ਬਨਾਮ ਦੱਖਣੀ ਅਫ਼ਰੀਕਾ ਟੀ-20 ਮੈਚ 'ਤੇ ਸੰਕਟ ਦੇ ਬੱਦਲ ਛਾ ਗਏ ਹਨ। ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਮੈਚ ਤੋਂ ਠੀਕ ਪਹਿਲਾਂ ਕ੍ਰਿਕਟ ਪ੍ਰੇਮੀਆਂ ਲਈ ਬੜੀ ਖਰਾਬ ਖ਼ਬਰ ਸਾਹਮਣੇ ਆ ਰਹੀ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਇਹ ਮੁਕਾਬਲਾ ਰੱਦ ਵੀ ਹੋ ਸਕਦਾ ਹੈ।


ਦਰਅਸਲ, ਧਰਮਸ਼ਾਲਾ 'ਚ ਬੀਤੇ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਥੋੜ੍ਹੀ ਬਹੁਤ ਦੇਰ ਲਈ ਮੀਂਹ ਅਤੇ ਬੱਦਲ ਹਟ ਵੀ ਜਾਂਦੇ ਹਨ, ਪਰ ਫਿਰ ਮੀਂਹ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਆਊਟ ਫੀਲਡ ਕਾਫ਼ੀ ਗਿੱਲਾ ਹੋ ਜਾਂਦਾ ਹੈ। ਖ਼ਬਰ ਲਿਖੇ ਜਾਣ ਤੱਕ (ਐਤਵਾਰ ਸ਼ਾਮ 4 ਵਜੇ) ਵੀ ਮੀਂਹ ਪਿਆ ਹੈ। ਜੇਕਰ ਲਗਤਾਰ ਮੀਂਹ ਪੈਂਦਾ ਰਿਹਾ (ਜਿਸ ਦਾ ਅਨੁਮਾਨ ਵੀ ਮੌਸਮ ਵਿਭਾਗ ਨੇ ਲਗਾਇਆ ਹੈ) ਤਾਂ ਮੈਚ ਰੱਦ ਵੀ ਹੋ ਸਕਦਾ ਹੈ।

ਇਸ ਤੋਂ ਪਹਿਲਾਂ ਧਰਮਸ਼ਾਲਾ 'ਚ ਕਾਲੀਆਂ ਘਟਾਵਾਂ ਦੇ ਪਰਛਾਵੇਂ 'ਚ ਦੌੜਾਂ ਦੇ 'ਮੀਂਹ' ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ, ਪਰ ਦੁਪਹਿਰ ਬਾਅਦ ਮੀਂਹ ਦਾ ਦੌਰ ਸ਼ੁਰੂ ਹੋ ਗਿਆ, ਗਰਾਊਂਡ ਸਟਾਫ਼ ਨੇ ਤੁਰੰਤ ਪਿੱਚ ਨੂੰ ਕਵਰ ਕਰ ਦਿੱਤਾ। ਕਰੀਬ ਅੱਧਾ ਘੰਟਾ ਧਰਮਸ਼ਾਲਾ 'ਚ ਭਾਰੀ ਮੀਂਹ ਪਿਆ। ਹੁਣ ਮੌਸਮ ਕੁਝ ਹੱਦ ਤਕ ਸਾਫ ਹੋ ਗਿਆ ਹੈ, ਪਰ ਅਜੇ ਵੀ ਸਟੇਡੀਅਮ 'ਚ ਕਾਫੀ ਪਾਣੀ ਭਰਿਆ ਹੋਇਆ ਹੈ ਜੋ ਹੌਲੀ-ਹੌਲੀ ਬਾਹਰ ਕੱਢਿਆ ਜਾ ਰਿਹਾ ਹੈ।

ਮੌਸਮ ਵਿਭਾਗ ਨੇ ਮੀਂਹ ਨਾ ਪੈਣ ਦੀ ਸੰਭਾਵਨਾ ਪ੍ਰਗਟਾਈ ਸੀ, ਪਰ ਇਕਦਮ ਮੀਂਹ ਸ਼ੁਰੂ ਹੋਣ ਨਾਲ ਕ੍ਰਿਕਟ ਪ੍ਰੇਮੀ ਨਿਰਾਸ਼ ਹੋ ਗਏ ਹਨ। ਐੱਚਪੀਸੀਏ ਦੇ ਪਿੱਚ ਕਿਊਰੇਟਰ ਸੁਨੀਲ ਚੌਹਾਨ ਦਾ ਕਹਿਣਾ ਹੈ ਕਿ ਜੇਕਰ ਮੀਂਹ ਰੁਕ ਗਈ ਤਾਂ ਮੈਚ ਖੇਡਿਆ ਜਾਵੇ। ਗਰਾਊਂਡ ਸਟਾਫ ਨੇ ਲੱਗਪਗ ਪੂਰਾ ਮੈਦਾਨ ਕਵਰ ਕਰ ਦਿੱਤਾ ਹੈ। ਕੁਝ ਜਗ੍ਹਾ ਕਵਰ ਨਹੀਂ ਹੈ, ਉਸ ਨੂੰ ਅੱਧੇ ਘੰਟੇ ਦੀ ਮਿਆਦ 'ਚ ਸੁਪਰੀ ਸੋਪਰ ਮਸ਼ੀਨਾਂ ਜ਼ਰੀਏ ਸੁਕਾ ਲਿਆ ਜਾਵੇਗਾ।

ਮੀਂਹ ਰੁਕ ਗਿਆ ਤਾਂ ਦੌੜਾਂ ਦਾ ਮੀਂਹ ਵੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਦੋਵੇਂ ਹੀ ਟੀਮਾਂ ਕੋਲ ਲੰਮੇ ਸ਼ਾਟ ਖੇਡਣ ਵਾਲੇ ਬੱਲੇਬਾਜ਼ ਹਨ। ਜਿੱਥੇ ਮੇਜ਼ਬਾਨਾਂ ਕੋਲ ਰੋਹਿਤ ਸ਼ਰਮਾ, ਸ਼ਿਖ਼ਰ ਧਵਨ, ਵਿਰਾਟ ਕੋਹਲੀ ਅਤੇ ਹਾਰਦਿਕ ਪਾਂਡਿਆ ਵਰਗੇ ਧੁੰਆਂਤਰ ਬੱਲੇਬਾਜ਼ ਹਨ, ਉੱਥੇ ਦੱਖਣੀ ਅਫਰੀਕਾ ਕੋਲ ਵੀ ਕਵਿੰਟਨ ਡੀਕਾਕ, ਡੇਵਿਡ ਮਿਲਰ, ਡੁਸੇਨ ਅਤੇ ਤੇਂਬਾ ਬਾਵੁਮਾ ਵਰਗੇ ਹਿਟਰ ਹਨ।

Posted By: Jagjit Singh