ਹੈਮਿਲਟਨ (ਪੀਟੀਆਈ) : ਭਾਰਤੀ ਟੀਮ ਐਤਵਾਰ ਨੂੰ ਸੇਡਨ ਪਾਰਕ ਵਿਚ ਜਦ ਨਿਊਜ਼ੀਲੈਂਡ ਖ਼ਿਲਾਫ਼ ਆਖ਼ਰੀ ਟੀ-20 ਮੈਚ ਵਿਚ ਉਤਰੇਗੀ ਤਾਂ ਉਸ ਦੀ ਨਜ਼ਰ ਇਸ ਲੰਬੇ ਦੌਰੇ ਦਾ ਅੰਤ ਇਕ ਹੋਰ ਇਤਿਹਾਸਕ ਜਿੱਤ ਨਾਲ ਕਰਨ 'ਤੇ ਹੋਵੇਗੀ। ਭਾਰਤੀ ਟੀਮ ਨੇ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਆਸਟ੍ੇਲੀਆ ਦਾ ਦੌਰਾ ਕੀਤਾ ਸੀ ਤੇ ਉਥੇ ਟੈਸਟ ਤੇ ਵਨ ਡੇ ਸੀਰੀਜ਼ ਜਿੱਤ ਕੇ ਇਤਿਹਾਸ ਰਚਿਆ। ਇਸ ਤੋਂ ਬਾਅਦ ਟੀਮ ਨਿਊਜ਼ੀਲੈਂਡ ਆਈ ਤੇ ਨਿਊਜ਼ੀਲੈਂਡ ਵਿਚ ਸਭ ਤੋਂ ਵੱਡੀ ਵਨ ਡੇ ਸੀਰੀਜ਼ ਜਿੱਤ ਦਰਜ ਕੀਤੀ ਤੇ ਹੁਣ ਉਹ ਇਕ ਹੋਰ ਇਤਿਹਾਸ ਰਚਨ ਦੀ ਦਹਿਲੀਜ਼ 'ਤੇ ਹੈ। ਭਾਰਤੀ ਟੀਮ ਜੇ ਕੱਲ੍ਹ ਮੈਚ ਜਿੱਤ ਜਾਂਦੀ ਹੈ ਤਾਂ ਇਹ ਨਿਊਜ਼ੀਲੈਂਡ ਦੀ ਜ਼ਮੀਨ 'ਤੇ ਉਸ ਦੀ ਪਹਿਲੀ ਟੀ-20 ਸੀਰੀਜ਼ ਜਿੱਤ ਹੋਵੇਗੀ। ਪਹਿਲੇ ਮੈਚ ਵਿਚ ਕਰਾਰੀ ਹਾਰ ਤੋਂ ਬਾਅਦ ਭਾਰਤ ਨੇ ਦੂਜੇ ਮੈਚ ਵਿਚ ਸ਼ਾਨਦਾਰ ਵਾਪਸੀ ਕਰ ਕੇ ਨਿਊਜ਼ੀਲੈਂਡ ਵਿਚ ਆਪਣੀ ਪਹਿਲੀ ਟੀ-20 ਜਿੱਤ ਹਾਸਲ ਕੀਤੀ ਸੀ। ਇਸ ਨਾਲ ਸੀਰੀਜ਼ 1-1 ਨਾਲ ਬਰਾਬਰੀ 'ਤੇ ਹੈ ਤੇ ਦੋਵਾਂ ਟੀਮਾਂ ਲਈ ਆਖ਼ਰੀ ਮੈਚ ਫ਼ੈਸਲਾਕੁਨ ਬਣ ਗਿਆ ਹੈ। ਉਥੇ ਕੀਵੀ ਟੀਮ ਯਕੀਨੀ ਤੌਰ 'ਤੇ ਵਨ ਡੇ ਸੀਰੀਜ਼ ਵਿਚ ਮਿਲੀ 1-4 ਦੀ ਹਾਰ ਨਾਲ ਪਰੇਸ਼ਾਨ ਹੈ ਤੇ ਹੁਣ ਉਹ ਟੀ-20 ਸੀਰੀਜ਼ ਜਿੱਤ ਕੇ ਆਪਣੇ ਘਰ ਵਿਚ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰੇਗੀ। ਇਸ ਲਈ ਕੀਵੀ ਟੀਮ ਪੂਰੀ ਜਾਨ ਲਾ ਦੇਵੇਗੀ। ਪਹਿਲੇ ਮੈਚ ਵਿਚ ਜਿਸ ਤਰ੍ਹਾਂ ਉਸ ਨੇ ਪ੍ਦਰਸ਼ਨ ਕੀਤਾ ਸੀ ਉਸ ਨਾਲ ਭਾਰਤੀ ਟੀਮ ਨੂੰ ਵੀ ਚੌਕਸ ਰਹਿਣਾ ਪਵੇਗਾ। ਭਾਰਤ ਲਈ ਦੂਜੇ ਮੈਚ ਵਿਚ ਸਭ ਕੁਝ ਸਹੀ ਰਿਹਾ ਸੀ। ਉਸ ਦੇ ਗੇਂਦਬਾਜ਼ਾਂ ਨੇ ਪਹਿਲੇ ਮੈਚ ਵਾਂਗ ਦੌੜਾਂ ਨਹੀਂ ਦਿੱਤੀਆਂ ਸਨ। ਇਕ ਵਾਰ ਮੁੜ ਉਸ ਦੇ ਗੇਂਦਬਾਜ਼ਾਂ 'ਤੇ ਇਹੀ ਜ਼ਿੰਮੇਵਾਰੀ ਹੋਵੇਗੀ। ਪਹਿਲੇ ਮੈਚ ਵਿਚ ਖਲੀਲ ਨਾਕਾਮ ਰਹੇ ਸਨ ਪਰ ਦੂਜੇ ਮੈਚ ਵਿਚ ਉਨ੍ਹਾਂ ਨੇ ਚੰਗਾ ਪ੍ਦਰਸ਼ਨ ਕੀਤਾ ਸੀ।

ਵਿਜੇ ਸ਼ੰਕਰ 'ਤੇ ਸੰਕਟ :

ਭਾਰਤੀ ਟੀਮ ਵਿਚ ਤਬਦੀਲੀ ਦੀ ਸੰਭਾਵਨਾ ਲਗਪਗ ਨਾ ਦੇ ਬਰਾਬਰ ਹੈ। ਹਾਲਾਂਕਿ ਰੋਹਿਤ ਸ਼ਰਮਾ, ਵਿਜੇ ਸ਼ੰਕਰ ਨੂੰ ਬਾਹਰ ਬਿਠਾ ਸਕਦੇ ਹਨ ਕਿਉਂਕਿ ਟੀਮ ਦੇ ਕੋਲ ਕਾਫ਼ੀ ਗੇਂਦਬਾਜ਼ ਹਨ। ਉਨ੍ਹਾਂ ਨੇ ਦੂਜੇ ਮੈਚ ਵਿਚ ਗੇਂਦਬਾਜ਼ੀ ਨਹੀਂ ਕੀਤੀ ਸੀ। ਬੱਲੇਬਾਜ਼ੀ ਵਿਚ ਵੀ ਉਹ ਚੰਗਾ ਯੋਗਦਾਨ ਨਹੀਂ ਦੇ ਸਕੇ ਸਨ। ਮੈਚ ਜਿੱਤਣ ਲਈ ਟੀਮ ਬੱਲੇਬਾਜ਼ੀ ਵਿਚ ਇਕ ਵਾਰ ਮੁੜ ਰੋਹਿਤ 'ਤੇ ਨਿਰਭਰ ਕਰੇਗੀ ਜਿਨ੍ਹਾਂ ਨੇ ਦੂਜੇ ਮੈਚ ਵਿਚ ਬਿਹਤਰੀਨ ਪਾਰੀ ਖੇਡ ਕੇ ਦੱਸ ਦਿੱਤਾ ਕਿ ਜੇ ਉਨ੍ਹਾਂ ਦਾ ਬੱਲਾ ਚੱਲ ਗਿਆ ਤਾਂ ਉਹ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਨੂੰ ਸਾਥ ਦੀ ਲੋੜ ਪਵੇਗੀ ਜੋ ਸ਼ਿਖਰ ਧਵਨ ਚੰਗੀ ਤਰ੍ਹਾਂ ਦੇਣਾ ਜਾਣਦੇ ਹਨ।

ਕੁਲਦੀਪ ਨੂੰ ਮੌਕਾ ਕਿਉਂ ਨਹੀਂ :

ਮੱਧਕ੍ਰਮ ਵਿਚ ਦਿਨੇਸ਼ ਕਾਰਤਿਕ, ਮਹਿੰਦਰ ਸਿੰਘ ਧੋਨੀ ਤੇ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ 'ਤੇ ਜ਼ਿੰਮੇਵਾਰੀ ਹੋਵੇਗੀ। ਭਾਰਤੀ ਬੱਲੇਬਾਜ਼ਾਂ ਤੋਂ ਜ਼ਿਆਦਾ ਗੇਂਦਬਾਜ਼ਾਂ ਨੂੰ ਇਸ ਮੈਚ ਵਿਚ ਜ਼ਿਆਦਾ ਚੌਕਸ ਰਹਿਣਾ ਪਵੇਗਾ। ਟੀਮ ਕੋਲ ਤਜਰਬੇ ਦੀ ਗੱਲ ਕੀਤੀ ਜਾਵੇ ਤਾਂ ਭੁਵਨੇਸ਼ਵਰ ਕੁਮਾਰ ਹਨ। ਵਿਚਾਲੇ ਦੇ ਓਵਰਾਂ ਵਿਚ ਪਿਛਲੇ ਮੈਚ ਵਿਚ ਕਰੁਣਾਲ ਪਾਂਡਿਆ ਨੇ ਚੰਗਾ ਕੀਤਾ ਸੀ ਤੇ ਉਨ੍ਹਾਂ ਦਾ ਸਾਥ ਦੇਣ ਲਈ ਯੁਜਵਿੰਦਰ ਸਿੰਘ ਚਹਿਲ ਵੀ ਮੌਜੂਦ ਹਨ। ਕੁਲਦੀਪ ਯਾਦਵ ਨੇ ਟੀ-20 ਸੀਰੀਜ਼ ਵਿਚ ਅਜੇ ਤਕ ਇਕ ਵੀ ਮੈਚ ਨਹੀਂ ਖੇਡਿਆ ਹੈ। ਹੁਣ ਦੇਖਣਾ ਪਵੇਗਾ ਕਿ ਕੀ ਆਖ਼ਰੀ ਮੈਚ ਵਿਚ ਰੋਹਿਤ, ਕੁਲਦੀਪ ਨੂੰ ਮੌਕਾ ਦਿੰਦੇ ਹਨ ਜਾਂ ਨਹੀਂ।

ਲੈਅ 'ਚ ਹਨ ਕੀਵੀ :

ਕੀਵੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਟਿਮ ਸੇਫਰਟ ਨੇ ਪਹਿਲੇ ਮੈਚ ਵਿਚ ਜਿਸ ਤਰ੍ਹਾਂ ਦਾ ਪ੍ਦਰਸ਼ਨ ਕੀਤਾ ਸੀ ਉਹ ਉਸ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਨਗੇ। ਕੋਲਿਨ ਮੁਨਰੋ ਆਪਣੇ ਪਸੰਦੀਦਾ ਫਾਰਮੈਟ ਵਿਚ ਲੈਅ ਵਿਚ ਆ ਚੁੱਕੇ ਹਨ। ਕਪਤਾਨ ਕੇਨ ਵਿਲੀਅਮਸਨ ਦਾ ਬੱਲਾ ਵੀ ਚੰਗਾ ਬੋਲ ਰਿਹਾ ਹੈ। ਉਥੇ ਗੇਂਦਬਾਜ਼ੀ ਵਿਚ ਟਿਮ ਸਾਊਦੀ, ਈਸ਼ ਸੋਢੀ ਤੇ ਮਿਸ਼ੇਲ ਸੈਂਟਨਰ 'ਤੇ ਵੱਡੀ ਜ਼ਿਮੇਵਾਰੀ ਹੋਵੇਗੀ। ਗੇਂਦਬਾਜ਼ੀ ਵਿਚ ਕੋਲਿਨ ਡੀ ਗਰੈਂਡਹੋਮ ਤੇ ਸਕਾਟ ਕੁੱਗੇਲੇਨ ਦਾ ਪ੍ਦਰਸ਼ਨ ਜ਼ਿਆਦਾ ਚੰਗਾ ਨਹੀਂ ਰਿਹਾ ਹੈ। ਆਖ਼ਰੀ ਮੈਚ ਵਿਚ ਇਨ੍ਹਾਂ ਦੋਵਾਂ ਨੂੰ ਆਪਣੀ ਖੇਡ ਦੇ ਪੱਧਰ ਨੂੰ ਉੱਪਰ ਚੁੱਕਣਾ ਪਵੇਗਾ।

ਟੀਮਾਂ 'ਚ ਸ਼ਾਮਲ ਖਿਡਾਰੀ :

ਭਾਰਤ :

ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਰਿਸ਼ਭ ਪੰਤ, ਸ਼ੁਭਮਨ ਗਿੱਲ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਕੁਲਦੀਪ ਯਾਦਵ, ਯੁਜਵਿੰਦਰ ਸਿੰਘ ਚਹਿਲ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਕਰੁਣਾਲ ਪਾਂਡਿਆ, ਖਲੀਲ ਅਹਿਮਦ, ਵਿਜੇ ਸ਼ੰਕਰ, ਕੇਦਾਰ ਜਾਧਵ।

ਨਿਊਜ਼ੀਲੈਂਡ :

ਕੇਨ ਵਿਲੀਅਮਸਨ (ਕਪਤਾਨ), ਕੋਲਿਨ ਮੁਨਰੋ, ਟਿਮ ਸੇਫਰਟ (ਵਿਕਟਕੀਪਰ), ਰਾਸ ਟੇਲਰ, ਕੋਲਿਨ ਡੀ ਗਰੈਂਡਹੋਮ, ਜੇਮਜ਼ ਨੀਸ਼ਮ, ਮਿਸ਼ੇਲ ਸੈਂਟਨਰ, ਡਗ ਬੇ੍ਸਵੇਲ, ਟਿਮ ਸਾਊਦੀ, ਈਸ਼ ਸੋਢੀ, ਲਾਕੀ ਫਰਗਿਊਸਨ, ਸਕਾਟ ਕੁੱਗੇਲੇਨ, ਡਾਰਲੇ ਮਿਸ਼ੇਲ।