ਹੈਮਿਲਟਨ (ਪੀਟੀਆਈ) : ਹਨੂਮਾ ਵਿਹਾਰੀ ਦੇ ਸੈਂਕੜੇ (101) ਤੇ ਚੇਤੇਸ਼ਵਰ ਪੁਜਾਰਾ ਦੀਆਂ 93 ਦੌੜਾਂ ਨੇ ਭਾਰਤ ਨੂੰ ਨਿਊਜ਼ੀਲੈਂਡ ਇਲੈਵਨ ਖ਼ਿਲਾਫ਼ ਅਭਿਆਸ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸੰਭਾਲਿਆ। ਤਿੰਨ ਮਾਹਿਰ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (01), ਪ੍ਰਿਥਵੀ ਸ਼ਾਅ (00) ਤੇ ਸ਼ੁਭਮਨ ਗਿੱਲ (00) ਤੇਜ਼ ਤੇ ਉਛਾਲ ਵਾਲੀ ਪਿੱਚ 'ਤੇ ਨਾਕਾਮ ਰਹੇ ਤੇ ਭਾਰਤੀ ਟੀਮ ਸਿਰਫ਼ 263 ਦੌੜਾਂ 'ਤੇ ਸਿਮਟ ਗਈ। ਟੈਸਟ ਸੀਰੀਜ਼ ਤੋਂ ਠੀਕ ਪਹਿਲਾਂ ਤਿੰਨਾਂ ਰੈਗੂਲਰ ਸਲਾਮੀ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਟੀਮ ਇੰਡੀਆ ਦੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਹੋਣਗੀਆਂ ਪਰ ਵਿਹਾਰੀ ਨੇ ਸੈਂਕੜਾ ਲਾ ਕੇ ਭਾਰਤ ਨੂੰ ਨਾ ਸਿਰਫ਼ ਕੁਝ ਰਾਹਤ ਦਿੱਤੀ ਬਲਕਿ ਪਾਰੀ ਦਾ ਆਗਾਜ਼ ਕਰਨ ਲਈ ਆਪਣਾ ਦਾਅਵਾ ਵੀ ਠੋਕਿਆ। ਸੱਤ ਟੈਸਟ ਮੈਚਾਂ ਦਾ ਤਜਰਬਾ ਰੱਖਣ ਵਾਲੇ ਵਿਹਾਰੀ ਆਪਣੇ ਕਰੀਅਰ ਦੇ ਸਿਰਫ਼ ਚੌਥੇ ਟੈਸਟ ਵਿਚ ਹੀ ਪਾਰੀ ਦਾ ਆਗ਼ਾਜ਼ ਵੀ ਕਰ ਚੁੱਕੇ ਹਨ। ਪਹਿਲੇ ਦਿਨ ਦੀ ਖੇਡ ਤੋਂ ਬਾਅਦ ਵਿਹਾਰੀ ਨੇ ਕਿਹਾ ਕਿ ਉਹ ਲੋੜ ਪੈਣ 'ਤੇ ਓਪਨਿੰਗ ਵੀ ਕਰ ਸਕਦੇ ਹਨ। ਹਾਲਾਂਕਿ ਰੈਗੂਲਰ ਕਪਤਾਨ ਵਿਰਾਟ ਕੋਹਲੀ ਨੇ ਅਭਿਆਸ ਮੈਚ ਦੀ ਬਜਾਏ ਨੈੱਟ ਅਭਿਆਸ ਨੂੰ ਤਰਜੀਹ ਦਿੱਤੀ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਸਕਾਟ ਕੁਗਲੇਈਜਨ ਨੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਤੇ ਭਾਰਤ ਨੂੰ ਚੰਗੀ ਸ਼ੁਰੂਆਤ ਨਹੀਂ ਕਰਨ ਦਿੱਤੀ। ਗੁਗਲੇਈਜਨ ਨੇ ਸ਼ਾਅ ਨੂੰ ਸਰੀਰ 'ਤੇ ਆਉਂਦੀ ਗੇਂਦ ਨਾਲ ਸ਼ਾਰਟ ਲੈੱਗ ਵਿਚ ਰਚਿਨ ਰਵਿੰਦਰ ਹੱਥੋਂ ਕੈਚ ਆਊਟ ਕਰਵਾਇਆ। ਅਗਰਵਾਲ ਨੇ ਵਿਕਟਾਂ ਦੇ ਪਿੱਛੇ ਡੇਨ ਕਲੀਵਰ ਨੂੰ ਕੈਚ ਦਿੱਤਾ। ਉਥੇ ਕੋਹਲੀ ਦੀ ਗ਼ੈਰ ਮੌਜੂਦਗੀ ਵਿਚ ਚੌਥੇ ਨੰਬਰ 'ਤੇ ਆਏ ਗਿੱਲ ਨੇ ਗਲੀ ਵਿਚ ਕੈਚ ਦਿੱਤਾ। ਅਜਿੰਕੇ ਰਹਾਣੇ (18) ਪਹਿਲੇ ਘੰਟੇ ਵਿਚ ਹੀ ਆਪਣਾ ਵਿਕਟ ਗੁਆ ਬੈਠੇ। ਇਸ ਤੋਂ ਬਾਅਦ ਵਿਹਾਰੀ ਤੇ ਪੁਜਾਰਾ ਨੇ 195 ਦੌੜਾਂ ਦੀ ਭਾਈਵਾਲੀ ਕੀਤੀ। ਕੁਗਲੇਈਜਨ ਤੇ ਬਲੇਅਰ ਟਿਕਨਰ ਦਾ ਪਹਿਲਾ ਸਪੈੱਲ ਨਿਕਲ ਜਾਣ ਤੋਂ ਬਾਅਦ ਦੂਜੇ ਤੇ ਤੀਜੇ ਸੈਸ਼ਨ ਵਿਚ ਉਨ੍ਹਾਂ ਨੇ ਆਰਾਮ ਨਾਲ ਬੱਲੇਬਾਜ਼ੀ ਕੀਤੀ।

ਵਿਹਾਰੀ ਨੇ ਖੇਡੀ ਅਹਿਮ ਪਾਰੀ

ਪੁਜਾਰਾ ਨੇ ਸਪਿੰਨਰ ਈਸ਼ ਸੋਢੀ ਦੀ ਗੇਂਦ 'ਤੇ ਛੱਕਾ ਲਾਇਆ ਜਦਕਿ ਵਿਹਾਰੀ ਨੇ ਖੱਬੇ ਹੱਥ ਦੇ ਸਪਿੰਨਰ ਰਵਿੰਦਰ 'ਤੇ ਤਿੰਨ ਚੌਕੇ ਲਾਏ। ਪੁਜਾਰਾ ਆਖ਼ਰੀ ਸੈਸ਼ਨ ਵਿਚ ਗਿਬਸਨ ਦਾ ਸ਼ਿਕਾਰ ਹੋਏ ਜਦਕਿ ਵਿਹਾਰੀ ਨੇ ਇਸ ਵਿਚਾਲੇ ਆਪਣਾ ਸੈਂਕੜਾ ਪੂਰਾ ਕੀਤਾ। ਭਾਰਤ ਨੇ ਆਖ਼ਰੀ ਛੇ ਵਿਕਟਾਂ 30 ਦੌੜਾਂ ਅੰਦਰ ਗੁਆਈਆਂ। ਰਿਸ਼ਭ ਪੰਤ ਇਕ ਵਾਰ ਮੁੜ ਗ਼ੈਰ ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਸੋਢੀ ਦੀ ਗੇਂਦ 'ਤੇ ਐਕਸਟ੍ਰਾ ਕਵਰ ਵਿਚ ਕੈਚ ਦੇ ਕੇ ਮੁੜੇ।