ਆਕਲੈਂਡ (ਪੀਟੀਆਈ) : ਭਾਰਤੀ ਟੀਮ ਵੱਲੋਂ ਇੱਥੇ ਈਡਨ ਪਾਰਕ 'ਚ ਐਤਵਾਰ ਨੂੰ ਹੋਣ ਵਾਲੇ ਦੂਜੇ ਟੀ-20 ਮੁਕਾਬਲੇ ਵਿਚ ਜੇਤੂ ਟੀਮ ਵਿਚ ਤਬਦੀਲੀ ਕਰਨ ਦੀ ਸੰਭਾਵਨਾ ਨਹੀਂ ਹੈ ਪਰ ਗੇਂਦਬਾਜ਼ੀ ਵਿਭਾਗ ਵਿਚ ਕੁਝ ਤਬਦੀਲੀਆਂ ਹੋ ਸਕਦੀਆਂ ਹਨ। ਜਸਪ੍ਰਰੀਤ ਬੁਮਰਾਹ ਸ਼ੁੱਕਰਵਾਰ ਨੂੰ ਸੀਰੀਜ਼ ਦੇ ਸ਼ੁਰੂਆਤੀ ਮੁਕਾਬਲੇ ਵਿਚ ਦੋਵਾਂ ਟੀਮਾਂ ਵਿਚ ਇੱਕੋ ਇਕ ਅਜਿਹੇ ਗੇਂਦਬਾਜ਼ ਸਨ ਜਿਨ੍ਹਾਂ ਨੇ ਅੱਠ ਦੌੜਾਂ ਪ੍ਰਤੀ ਓਵਰ ਤੋਂ ਘੱਟ ਦੌੜਾਂ ਖ਼ਰਚ ਕੀਤੀਆਂ ਸਨ। ਮੁਹੰਮਦ ਸ਼ਮੀ (ਚਾਰ ਓਵਰਾਂ ਵਿਚ 53 ਦੌੜਾਂ ਦੇ ਕੇ ਕੋਈ ਵਿਕਟ ਨਹੀਂ) ਤੇ ਸ਼ਾਰਦੁਲ ਠਾਕੁਰ (ਤਿੰਨ ਓਵਰਾਂ ਵਿਚ 44 ਦੌੜਾਂ ਦੇ ਕੇ ਇਕ ਵਿਕਟ) 'ਤੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਮਰਜ਼ੀ ਮੁਤਾਬਕ ਚੌਕੇ-ਛੱਕੇ ਲਾਏ। ਸ਼ਮੀ ਦੇ ਆਖ਼ਰੀ ਇਲੈਵਨ ਵਿਚ ਆਪਣੀ ਥਾਂ ਕਾਇਮ ਰੱਖਣ ਦੀ ਉਮੀਦ ਹੈ ਇਸ ਲਈ ਠਾਕੁਰ ਦੀ ਥਾਂ ਨਵਦੀਪ ਸੈਣੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਹਾਲਾਂਕਿ ਸੈਣੀ ਆਪਣੀ ਵਾਧੂ ਰਫ਼ਤਾਰ ਕਾਰਨ ਇਸ ਛੋਟੇ ਮੈਦਾਨ 'ਤੇ ਜ਼ਿਆਦਾ ਦੌੜਾਂ ਦੇ ਸਕਦੇ ਹਨ। ਇਹ ਦੇਖਣਾ ਪਵੇਗਾ ਕਿ ਭਾਰਤ ਤਿੰਨ ਮਾਹਿਰ ਤੇਜ਼ ਗੇਂਦਬਾਜ਼ਾਂ ਤੇ ਦੋ ਸਪਿੰਨਰਾਂ ਨਾਲ ਉਤਰਦਾ ਹੈ ਜਾਂ ਫਿਰ ਕੁਲਦੀਪ ਯਾਦਵ ਨੂੰ ਟੀਮ ਵਿਚ ਯੁਜਵਿੰਦਰ ਸਿੰਘ ਚਹਿਲ ਤੇ ਰਵਿੰਦਰ ਜਡੇਜਾ ਦੇ ਨਾਲ ਸ਼ਾਮਲ ਕਰਦਾ ਹੈ। ਭਾਰਤ ਕੋਲ ਵਾਸ਼ਿੰਗਟਨ ਸੁੰਦਰ ਦੂਜਾ ਸਪਿੰਨ ਬਦਲ ਹਨ। ਜੇ ਭਾਰਤ ਵਾਧੂ ਸਪਿੰਨਰ ਉਤਾਰਦਾ ਹੈ ਤਾਂ ਹਰਫ਼ਨਮੌਲਾ ਸ਼ਿਵਮ ਦੂਬੇ ਤੀਜੇ ਤੇਜ਼ ਗੇਂਦਬਾਜ਼ ਦਾ ਬਦਲ ਹੋਣਗੇ। ਹਾਲਾਤ ਨੂੰ ਦੇਖਦੇ ਹੋਏ ਜਡੇਜਾ ਤੇ ਚਹਿਲ ਨੇ ਸ਼ੁੱਕਰਵਾਰ ਨੂੰ ਚੰਗਾ ਪ੍ਰਦਰਸਨ ਕੀਤਾ, ਇਨ੍ਹਾਂ ਦੋਵਾਂ ਨੇ ਇਕ-ਇਕ ਵਿਕਟ ਲਈ ਸੀ। ਇਸ ਤੋਂ ਇਲਾਵਾ ਚਹਿਲ ਤੇ ਕੁਲਦੀਪ ਵਨ ਡੇ ਵਿਸ਼ਵ ਕੱਪ ਸਮਾਪਤ ਹੋਣ ਤੋਂ ਬਾਅਦ ਤੋਂ ਇਕੱਠੇ ਨਹੀਂ ਖੇਡੇ ਹਨ। ਬੱਲੇਬਾਜ਼ੀ ਵਿਚ ਵਿਰਾਟ ਕੋਹਲੀ ਕਪਤਾਨ ਦੇ ਰੂਪ ਵਿਚ ਸੰਤੁਸ਼ਟ ਸਨ ਕਿਉਂਕਿ ਮੱਧਕ੍ਰਮ ਨੇ ਦਬਾਅ ਸਮੇਂ ਟੀਮ ਲਈ ਚੰਗਾ ਪ੍ਰਦਰਸ਼ਨ ਕੀਤਾ। ਸ਼੍ਰੇਅਸ ਅਈਅਰ ਨੇ 29 ਗੇਂਦਾਂ ਵਿਚ ਅਜੇਤੂ 58 ਦੌੜਾਂ ਦੀ ਪਾਰੀ ਖੇਡ ਕੇ ਆਪਣਾ ਚੌਥਾ ਸਥਾਨ ਮਜ਼ਬੂਤ ਕਰ ਲਿਆ ਹੈ। ਇਹ ਦੌਰੇ ਦੀ ਚੰਗੀ ਸ਼ੁਰੂਆਤ ਸੀ ਜਿਸ ਵਿਚ ਟੀਮ ਨੇ ਈਡਨ ਦੇ ਇਸੇ ਮੈਦਾਨ 'ਤੇ 204 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ (ਵਿਕਟਕੀਪਰ), ਮਨੀਸ਼ ਪਾਂਡੇ, ਰਿਸ਼ਭ ਪੰਤ, ਸੰਜੂ ਸੈਮਸਨ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵਿੰਦਰ ਸਿੰਘ ਚਹਿਲ, ਮੁਹੰਮਦ ਸ਼ਮੀ, ਜਸਪ੍ਰਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ ਤੇ ਵਾਸ਼ਿੰਗਟਨ ਸੁੰਦਰ।

ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਮਾਰਟਿਨ ਗੁਪਟਿਲ, ਰਾਸ ਟੇਲਰ, ਸਕਾਟ ਕੁੱਗੇਲਿਨ , ਕੋਲਿਨ ਮੁਨਰੋ, ਕੋਲਿਨ ਡੀ ਗਰੈਂਡਹੋਮ, ਟਾਮ ਬਰੂਸ, ਡੇਰੇਲ ਮਿਸ਼ੇਲ, ਮਿਸ਼ੇਲ ਸੈਂਟਨਰ, ਟਿਮ ਸੇਫਰਟ (ਵਿਕਟਕੀਪਰ), ਹੈਮਿਸ਼ ਬੇਨੇਟ, ਈਸ਼ ਸੋਢੀ, ਟਿਮ ਸਾਊਥੀ, ਬਲੇਅਰ ਟਿਕਨਰ