ਅਭਿਸ਼ੇਕ ਤਿ੍ਪਾਠੀ, ਨਾਟਿੰਘਮ : ਤਿੰਨ ਦਿਨ ਤੋਂ ਪਾਣੀ-ਪਾਣੀ ਹੋਏ ਨਾਟਿੰਘਮ ਦੇ ਟ੍ਰੈਂਟ ਬਿ੍ਜ ਸਟੇਡੀਅਮ ਦੀ ਪਿੱਚ ਤੇ ਅੱਧਾ ਮੈਦਾਨ ਬੁੱਧਵਾਰ ਨੂੰ ਵੀ ਕਵਰ ਨਾਲ ਢਕੇ ਰਹੇ। ਕੁਝ ਦੇਰ ਲਈ ਜ਼ਰੂਰ ਬਾਰਿਸ਼ ਰੁਕੀ ਸੀ ਜਿਸ ਕਾਰਨ ਭਾਰਤੀ ਖਿਡਾਰੀਆਂ ਨੂੰ ਬੱਲੇਬਾਜ਼ੀ ਦਾ ਅਭਿਆਸ ਕਰਨ ਦਾ ਮੌਕਾ ਮਿਲਿਆ ਪਰ ਉਸ ਤੋਂ ਬਾਅਦ ਮੁੜ ਮੀਂਹ ਆ ਗਿਆ। ਮੌਸਮ ਵਿਭਾਗ ਨੇ ਵੀਰਵਾਰ ਨੂੰ ਵੀ ਬਾਰਿਸ਼ ਦੀ ਸੰਭਾਵਨਾ 50 ਫ਼ੀਸਦੀ ਜ਼ਾਹਿਰ ਕੀਤੀ ਹੈ ਤੇ ਇਸ ਕਾਰਨ ਇੱਥੇ ਹੋਣ ਵਾਲੇ 50-50 ਓਵਰਾਂ ਦੇ ਭਾਰਤ-ਨਿਊਜ਼ੀਲੈਂਡ ਮੈਚ ਦੀ ਸੰਭਾਵਨਾ 50-50 ਹੈ। ਕੁਝ ਦੇਰ ਬਾਰਿਸ਼ ਰੁਕੀ ਤੇ ਮੈਦਾਨੀ ਕਰਮਚਾਰੀਆਂ ਨੇ ਮੈਦਾਨ ਸੁਖਾ ਲਿਆ ਤੇ ਇਸ ਮੈਚ ਨੂੰ ਘੱਟੋ ਘੱਟ 20-20 ਦਾ ਵੀ ਕਰਵਾਇਆ ਜਾ ਸਕਦਾ ਹੈ। ਜੇ ਮੀਂਹ ਜਾਰੀ ਰਿਹਾ ਤਾਂ ਮੈਚ ਨੂੰ ਰੱਦ ਐਲਾਨ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਵਿਸ਼ਵ ਕੱਪ ਦੇ ਤਿੰਨ ਹੋਰ ਮੈਚ ਬਾਰਿਸ਼ ਕਾਰਨ ਰੱਦ ਹੋ ਚੁੱਕੇ ਹਨ। ਭਾਰਤੀ ਓਪਨਰ ਸ਼ਿਖਰ ਧਵਨ ਹੱਥ ਵਿਚ ਫਰੈਕਚਰ ਕਾਰਨ ਇਸ ਮੈਚ ਵਿਚ ਨਹੀਂ ਖੇਡਣਗੇ। ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਖ਼ਿਲਾਫ਼ ਚੌਥੇ ਨੰਬਰ 'ਤੇ ਖੇਡਣ ਵਾਲੇ ਕੇਐੱਲ ਰਾਹੁਲ ਦੇ ਵੀਰਵਾਰ ਨੂੰ ਓਪਨਿੰਗ ਤੇ ਦਿਨੇਸ਼ ਕਾਰਤਿਕ ਜਾਂ ਵਿਜੇ ਸ਼ੰਕਰ ਚੌਥੇ ਨੰਬਰ 'ਤੇ ਬੱਲੇਬਾਜ਼ੀ ਸਕਦੇ ਹਨ। ਇਨ੍ਹਾਂ ਦੋਵਾਂ ਨੇ ਬੁੱਧਵਾਰ ਨੂੰ 30-30 ਮਿੰਟ ਬੱਲੇਬਾਜ਼ੀ ਕੀਤੀ। ਸ਼ੰਕਰ ਵਿਚ ਹਰਫ਼ਨਮੌਲਾ ਯੋਗਤਾ ਹੈ ਤੇ ਕਾਰਤਿਕ ਤਜਰਬੇਕਾਰ ਹਨ। ਕਾਲੇ ਬੱਦਲ ਤੇ ਨਮੀ ਵਾਲੇ ਹਾਲਾਤ ਨੂੰ ਦੇਖਦੇ ਹੋਏ ਮੁਹੰਮਦ ਸ਼ਮੀ ਨੂੰ ਵੀ ਗੁੱਟ ਦੇ ਕਿਸੇ ਸਪਿੰਨਰ ਦੇ ਬਦਲੇ ਆਖ਼ਰੀ ਇਲੈਵਨ ਵਿਚ ਰੱਖਿਆ ਜਾ ਸਕਦਾ ਹੈ। ਜੇ ਸ਼ੰਕਰ ਤੇ ਕਾਰਤਿਕ ਦੋਵਾਂ ਨੂੰ ਆਖ਼ਰੀ ਇਲੈਵਨ ਵਿਚ ਥਾਂ ਮਿਲਦੀ ਹੈ ਤਾਂ ਕੇਦਾਰ ਜਾਧਵ ਨੂੰ ਬਾਹਰ ਬੈਠਣਾ ਪਵੇਗਾ। ਟੀਮ ਵਿਚ ਇਸ ਤਰ੍ਹਾਂ ਦੀ ਤਬਦੀਲੀ ਲਈ ਇਸ ਤੋਂ ਆਦਰਸ਼ ਸਮਾਂ ਨਹੀਂ ਹੋ ਸਕਦਾ ਹੈ। ਦੂਜੇ ਪਾਸੇ ਨਿਊਜ਼ੀਲੈਂਡ ਨੇ ਆਪਣੇ ਸਾਰੇ ਮੈਚ ਜਿੱਤੇ ਹਨ ਤੇ ਉਸ ਦੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੈ। ਉਹ ਆਪਣੀ ਜੇਤੂ ਮੁਹਿੰਮ ਜਾਰੀ ਰੱਖਣ ਲਈ ਵਚਨਬੱਧ ਹੈ।