ਆਕਲੈਂਡ : ਕਰੁਣਾਲ ਪਾਂਡਿਆ ਦੀ ਅਗਵਾਈ ਵਿਚ ਆਪਣੇ ਗੇਂਦਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ। ਕਰੁਣਾਲ ਦੀਆਂ ਤਿੰਨ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਤੈਅ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 158 ਦੌੜਾਂ 'ਤੇ ਰੋਕ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਸੱਤ ਗੇਂਦਾਂ ਬਾਕੀ ਰਹਿੰਦੇ 18.5 ਓਵਰਾਂ ਵਿਚ ਤਿੰਨ ਵਿਕਟਾਂ ਗੁਆ ਕੇ 162 ਦੌੜਾਂ ਬਣਾਉਂਦੇ ਹੋਏ ਟੀਚਾ ਹਾਸਲ ਕਰ ਲਿਆ। ਇਹ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿਚ ਭਾਰਤ ਦੀ ਕੀਵੀ ਜ਼ਮੀਨ 'ਤੇ ਪਹਿਲੀ ਜਿੱਤ ਹੈ। ਹੁਣ ਸੀਰੀਜ਼ 1-1 ਨਾਲ ਬਰਾਬਰੀ 'ਤੇ ਹੈ ਜਦਕਿ ਤੀਜਾ ਤੇ ਆਖ਼ਰੀ ਮੈਚ ਹੈਮਿਲਟਨ ਵਿਚ ਖੇਡਿਆ ਜਾਵੇਗਾ। ਰੋਹਿਤ ਨੇ 29 ਗੇਂਦਾਂ ਵਿਚ 50 ਦੌੜਾਂ ਬਣਾਈਆਂ। ਉਹ ਮਾਰਟਿਨ ਗੁਪਟਿਲ ਨੂੰ ਪਛਾੜ ਕੇ ਟੀ-20 ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਰੋਹਿਤ ਤੇ ਸ਼ਿਖਰ ਧਵਨ ਨੇ 79 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਵਿਚ ਧਵਨ ਨੇ 31 ਗੇਂਦਾਂ ਵਿਚ 30 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਜੇਤੂ ਦੌੜਾਂ ਰਿਸ਼ਭ ਪੰਤ ਨੇ ਬਣਾਈਆਂ ਜਦਕਿ ਦੂਜੇ ਪਾਸੇ ਧੋਨੀ ਉਨ੍ਹਾਂ ਨਾਲ ਮੌਜੂਦ ਸਨ। ਪੰਤ ਨੇ 28 ਗੇਂਦਾਂ ਵਿਚ ਅਜੇਤੂ 40 ਦੌੜਾਂ ਬਣਾਈਅਆਂ। ਧੋਨੀ 17 ਗੇਂਦਾਂ ਵਿਚ 20 ਦੌੜਾਂ ਬਣਾ ਕੇ ਅਜੇਤੂ ਰਹੇ। ਦੋਵਾਂ ਨੇ ਚੌਥੀ ਵਿਕਟ ਦੀ ਅਜੇਤੂ ਭਾਈਵਾਲੀ ਵਿਚ 44 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਕਰੁਣਾਲ ਨੇ ਚਾਰ ਓਵਰਾਂ ਵਿਚ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਿਸ ਵਿਚ ਕੋਲਿਨ ਮੁਨਰੋ (12) ਤੇ ਕਪਤਾਨ ਕੇਨ ਵਿਲੀਅਮਸਨ (20) ਦੀਆਂ ਵਿਕਟਾਂ ਸ਼ਾਮਲ ਸਨ। ਕਰੁਣਾਲ ਨੇ ਡੇਰਿਲ ਮਿਸ਼ੇਲ (01) ਦੀ ਵਿਕਟ ਵਿਵਾਦ ਵਾਲੇ ਢੰਗ ਨਾਲ ਲਈ ਜੋ ਅੰਪਾਇਰ ਦੇ ਗ਼ਲਤ ਫ਼ੈਸਲੇ ਦਾ ਸ਼ਿਕਾਰ ਹੋਏ ਜਦਕਿ ਹਾਟਸਪਾਟ ਤੋਂ ਪਤਾ ਲੱਗ ਰਿਹਾ ਸੀ ਕਿ ਗੇਂਦ ਬੱਲੇ ਨਾਲ ਲੱਗ ਕੇ ਪੈਡ 'ਤੇ ਗਈ ਹੈ। ਆਈਪੀਐੱਲ ਵਿਚ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਲਈ ਖੇਡਣ ਵਾਲੇ ਕੋਲਿਨ ਡੀ ਗਰੈਂਡਹੋਮ ਨੇ ਭਾਰਤੀ ਗੇਂਦਬਾਜ਼ਾਂ 'ਤੇ ਹਮਲਾ ਕੀਤਾ ਤੇ 28 ਗੇਂਦਾ ਵਿਚ 50 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ ਰਾਸ ਟੇਲਰ ਨਾਲ ਪੰਜਵੀਂ ਵਿਕਟ ਲਈ 77 ਦੌੜਾਂ ਜੋੜੀਆਂ। ਟੇਲਰ ਨੇ 36 ਗੇਂਦਾਂ ਵਿਚ 42 ਦੌੜਾਂ ਬਣਾਈਆਂ। ਹਾਰਦਿਕ ਪਾਂਡਿਆ (1/36) ਨੇ ਗਰੈਂਡਹੋਮ ਨੂੰ ਡਗ ਆਊਟ ਵਿਚ ਵਾਪਿਸ ਭੇਜਿਆ ਤੇ ਟੇਲਰ ਰਨ ਆਊਟ ਹੋ ਕੇ ਤੁਰਦੇ ਬਣੇ। ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੀਆਂ ਵੱਡਾ ਸਕੋਰ ਬਣਾਉਣ ਦੀਆਂ ਉਮੀਦਾਂ ਟੁੱਟ ਗਈਆਂ। ਇਸ ਮੈਚ ਵਿਚ ਭਾਰਤੀ ਗੇਂਦਬਾਜ਼ਾਂ ਨੇ ਜ਼ਿਆਦਾ ਬਿਹਤਰ ਪ੍ਦਰਸ਼ਨ ਕੀਤਾ ਖ਼ਾਸ ਕਰ ਕੇ ਭੁਵਨੇਸ਼ਵਰ ਕੁਮਾਰ ਨੇ, ਜਿਨ੍ਹਾਂ ਨੇ ਆਪਣੇ ਚਾਰ ਓਵਰਾਂ ਵਿਚ 29 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤਾ। ਉਨ੍ਹਾਂ ਨੇ ਟਿਮ ਸੇਈਫਰਟ (12) ਨੂੰ ਤੀਜੇ ਓਵਰ ਵਿਚ ਹੀ ਪਵੇਲੀਅਨ ਦੀ ਰਾਹ ਦਿਖਾਈ ਉਨ੍ਹਾਂ ਦੀ ਗੇਂਦ ਸੇਈਫਰਟ ਦੇ ਬੱਲੇ ਦਾ ਅੰਦਰੂਨੀ ਕਿਨਾਰਾ ਲੈ ਕੇ ਵਿਕਟਾਂ ਦੇ ਪਿੱਛੇ ਧੋਨੀ ਦੇ ਦਸਤਾਨਿਆਂ ਵਿਚ ਚਲੀ ਗਈ। ਹਾਲਾਂਕਿ ਇਹ ਕਰੁਣਾਲ ਸਨ ਜਿਨ੍ਹਾਂ ਨੇ ਪਾਵਰਪਲੇਅ ਦੇ ਅੰਦਰ ਨਿਊਜ਼ੀਲੈਂਡ ਨੂੰ ਝਟਕੇ ਦਿੱਤੇ। ਉਨ੍ਹਾਂ ਦੀ ਗੇਂਦ 'ਤੇ ਮੁਨਰੋ ਕਵਰ ਵਿਚ ਕੈਚ ਦੇ ਕੇ ਮੁੜ ਜਦਕਿ ਵਿਲੀਅਮਸਨ ਲੱਤ ਅੜਿੱਕਾ ਆਊਟ ਹੋਏ। ਮਿਸ਼ੇਲ ਦੀ ਵਿਕਟ ਨਾਲ ਹਾਲਾਂਕਿ ਡੀਆਰਐੱਸ ਨੂੰ ਲੈ ਕੇ ਮੁੜ ਵਿਵਾਦ ਪੈਦਾ ਹੋ ਗਿਆ। ਟੀਵੀ ਅੰਪਾਇਰ ਸ਼ਾਨ ਹੈਗ ਨੇ ਉਨ੍ਹਾਂ ਨੂੰ ਆਊਟ ਦਿੱਤਾ ਜਦਕਿ ਗੇਂਦ ਬੱਲੇ ਨਾਲ ਲੱਗ ਕੇ ਗਈ ਸੀ। ਮੈਦਾਨੀ ਅੰਪਾਇਰ ਨੇ ਪਹਿਲਾਂ ਉਨ੍ਹਾਂ ਨੂੰ ਲੱਤ ਅੜਿੱਕਾ ਆਊਟ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਡੀਆਰਐੱਸ ਲਿਆ। ਜਾਇੰਟ ਸਕ੍ਰੀਨ 'ਤੇ ਇਹ ਸਾਫ਼ ਨਾਟ ਆਊਟ ਦਿਖ ਰਿਹਾ ਸੀ ਤੇ ਇਸ ਵਿਚ ਭਾਰਤੀ ਕਪਤਾਨ ਰੋਹਿਤ ਬੱਲੇਬਾਜ਼ ਨੂੰ ਵਾਪਸ ਬੁਲਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਚਾਰ ਵਿਕਟਾਂ 50 ਦੌੜਾਂ 'ਤੇ ਡਿੱਗਣ ਤੋਂ ਬਾਅਦ ਗਰੈਂਡਹੋਮ ਨੇ ਯੁਜਵਿੰਦਰ ਸਿੰਘ ਚਹਿਲ 'ਤੇ ਦੋ ਛੱਕੇ ਲਾਏ। ਉਹ ਖ਼ਤਰਨਾਕ ਹੁੰਦੇ ਦਿਖਾਈ ਦੇ ਰਹੇ ਸਨ ਪਰ ਕਵਰ ਵਿਚ ਰੋਹਿਤ ਨੂੰ ਕੈਚ ਦੇ ਕੇ ਆਊਟ ਹੋ ਗਏ। ਭਾਰਤੀ ਗੇਂਦਬਾਜ਼ਾਂ ਨੇ 35 ਡਾਟ ਗੇਂਦਾਂ ਸੁੱਟੀਆਂ। ਭੁਵਨੇਸ਼ਵਰ ਤੇ ਖਲੀਲ ਅਹਿਮਦ ਨੇ ਮਿਲ ਕੇ 18 ਡਾਟ ਗੇਂਦਾਂ ਸੁੱਟੀਆਂ। ਖਲੀਲ ਨੇ 27 ਦੌੜਾਂ ਦੇ ਕੇ ਅੰਤ ਵਿਚ ਦੋ ਵਿਕਟਾਂ ਹਾਸਲ ਕੀਤੀਆਂ।