ਮੈਲਬੌਰਨ (ਪੀਟੀਆਈ) : ਪਹਿਲੇ ਦੋ ਮੈਚਾਂ ਵਿਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਤੇ ਬੰਗਲਾਦੇਸ਼ 'ਤੇ ਜਿੱਤ ਨਾਲ ਉਤਸ਼ਾਹ ਨਾਲ ਭਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਵੀਰਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਆਪਣੇ ਅਗਲੇ ਮੈਚ ਵਿਚ ਜਿੱਤ ਦੀ ਹੈਟਿ੍ਕ ਪੂਰੀ ਕਰ ਕੇ ਸੈਮੀਫਾਈਨਲ ਦੇ ਨੇੜੇ ਪੁੱਜਣ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ ਨੂੰ ਆਸਟ੍ਰੇਲੀਆ 'ਤੇ 17 ਦੌੜਾਂ ਤੇ ਬੰਗਲਾਦੇਸ਼ 'ਤੇ 18 ਦੌੜਾਂ ਨਾਲ ਜਿੱਤ ਦਰਜ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਭਾਰਤ ਅਜੇ ਪੰਜ ਟੀਮਾਂ ਦੇ ਗਰੁੱਪ-ਏ ਵਿਚ ਦੋ ਮੈਚਾਂ 'ਚ ਚਾਰ ਅੰਕ ਲੈ ਕੇ ਚੋਟੀ 'ਤੇ ਹੈ। ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਨਾਲ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਸੈਮੀਫਾਈਨਲ ਦੇ ਨੇੜੇ ਪੁੱਜ ਜਾਵੇਗੀ ਜੋ ਗਰੁੱਪ-ਏ ਤੇ ਗਰੁੱਪ-ਬੀ 'ਚ ਚੋਟੀ 'ਤੇ ਰਹਿਣ ਵਾਲੀਆਂ ਦੋ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਪਹਿਲੇ ਦੋ ਮੈਚਾਂ ਵਿਚ ਭਾਰਤ ਨੇ ਗੇਂਦਬਾਜ਼ੀ ਵਿਚ ਚੰਗਾ ਪ੍ਰਦਸ਼ਨ ਕੀਤਾ ਪਰ ਬੱਲੇਬਾਜ਼ੀ ਵਿਚ ਹਰਮਨਪ੍ਰਰੀਤ ਕੌਰ ਤੇ ਸਮਿ੍ਤੀ ਮੰਧਾਨਾ ਤੋਂ ਵੱਡੇ ਸਕੋਰ ਦੀ ਉਮੀਦ ਹੈ। 16 ਸਾਲਾ ਸ਼ੇਫਾਲੀ ਵਰਮਾ ਨੇ ਹੁਣ ਤਕ ਆਪਣੇ ਹਮਲਾਵਰ ਤੇਵਰਾਂ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ ਹੈ। ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ 29 ਦੌੜਾਂ ਬਣਾਉਣ ਤੋਂ ਇਲਾਵਾ ਬੰਗਲਾਦੇਸ਼ ਖ਼ਿਲਾਫ਼ 17 ਗੇਂਦਾਂ 'ਤੇ 39 ਦੌੜਾਂ ਦੀ ਪਾਰੀ ਖੇਡੀ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੀ ਜੇਮੀਮਾ ਰਾਡਰਿਗਜ਼ ਨੇ ਵੀ 26 ਤੇ 34 ਦੌੜਾਂ ਦੀਆਂ ਦੋ ਸ਼ਾਨਦਾਰ ਪਾਰੀਆਂ ਖੇਡੀਆਂ ਪਰ ਕਪਤਾਨ ਹਰਮਨਪ੍ਰੀਤ ਵੱਡਾ ਸਕੋਰ ਨਹੀਂ ਬਣਾ ਸਕੀ ਤੇ ਟੀਮ ਨੂੰ ਉਨ੍ਹਾਂ ਤੋਂ ਵੱਡੀ ਪਾਰੀ ਦੀ ਉਮੀਦ ਰਹੇਗੀ। ਭਾਰਤੀ ਟੀਮ ਵਿਚ ਤਜਰਬੇਕਾਰ ਮੰਧਾਨਾ ਦੀ ਵਾਪਸੀ ਹੋਣ ਦੀ ਸੰਭਾਵਨਾ ਹੈ ਜੋ ਬੁਖ਼ਾਰ ਕਾਰਨ ਬੰਗਲਾਦੇਸ਼ ਖ਼ਿਲਾਫ਼ ਨਹੀਂ ਖੇਡ ਸਕੀ ਸੀ। ਮੱਧ ਕ੍ਰਮ ਵਿਚ ਦੀਪਤੀ ਸ਼ਰਮਾ ਨੇ ਆਸਟ੍ਰੇਲੀਆ ਖ਼ਿਲਾਫ਼ ਅਜੇਤੂ 49 ਦੌੜਾਂ ਬਣਾ ਕੇ ਉਪਯੋਗੀ ਯੋਗਦਾਨ ਦਿੱਤਾ ਸੀ ਜਦਕਿ ਬੰਗਲਾਦੇਸ਼ ਖ਼ਿਲਾਫ਼ ਵੇਦਾ ਕ੍ਰਿਸ਼ਣਾਮੂਰਤੀ ਨੇ 11 ਗੇਂਦਾਂ 'ਤੇ ਅਜੇਤੂ 20 ਦੌੜਾਂ ਦੀ ਪਾਰੀ ਖੇਡੀ ਸੀ। ਗੇਂਦਬਾਜ਼ੀ ਵਿਭਾਗ ਵਿਚ ਪੂਨਮ ਯਾਦਵ ਨੇ ਦੋਵਾਂ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੁਣ ਤਕ ਸੱਤ ਵਿਕਟਾਂ ਲਈਆਂ ਹਨ। ਉਥੇ ਮੱਧ ਰਫ਼ਤਾਰ ਦੀ ਗੇਂਦਬਾਜ਼ ਸ਼ਿਖਾ ਪਾਂਡੇ ਤੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਿਆ। ਸ਼ਿਖਾ ਨੇ ਹੁਣ ਤਕ ਪੰਜ ਵਿਕਟਾਂ ਹਾਸਲ ਕੀਤੀਆਂ ਹਨ।

ਚੰਗਾ ਹੈ ਭਾਰਤ ਖ਼ਿਲਾਫ਼ ਨਿਊਜ਼ੀਲੈਂਡ ਦਾ ਰਿਕਾਰਡ :

ਨਿਊਜ਼ੀਲੈਂਡ ਦਾ ਹਾਲਾਂਕਿ ਪਿਛਲੇ ਦਿਨਾਂ ਵਿਚ ਭਾਰਤ ਖ਼ਿਲਾਫ਼ ਰਿਕਾਰਡ ਚੰਗਾ ਰਿਹਾ ਹੈ। ਉਸ ਨੇ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਪਿਛਲੇ ਤਿੰਨ ਮੈਚ ਜਿੱਤੇ ਸਨ। ਠੀਕ ਇਕ ਸਾਲ ਪਹਿਲਾਂ ਉਸ ਨੇ ਤਿੰਨ ਟੀ-20 ਮੈਚਾਂ ਦੀ ਘਰੇਲੂ ਸੀਰੀਜ਼ ਵਿਚ ਭਾਰਤੀ ਟੀਮ ਨੂੰ 3-0 ਨਾਲ ਹਰਾਇਆ ਸੀ। ਭਾਰਤ ਹਾਲਾਂਕਿ ਵੈਸਟਇੰਡੀਜ਼ ਵਿਚ 2018 ਵਿਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਖ਼ਿਲਾਫ਼ 34 ਦੌੜਾਂ ਦੀ ਵੱਡੀ ਜਿੱਤ ਤੋਂ ਪ੍ਰੇਰਣਾ ਲੈਣਾ ਚਾਹੇਗਾ। ਹਰਮਨਪ੍ਰਰੀਤ ਨੇ ਉਸ ਮੈਚ ਵਿਚ 103 ਦੌੜਾਂ ਦੀ ਯਾਦਗਾਰ ਪਾਰੀ ਖੇਡੀ ਸੀ। ਨਿਊਜ਼ੀਲੈਂਡ ਕੋਲ ਕਪਤਾਨ ਸੋਫੀ ਡਿਵਾਈਨ, ਸੂਜੀ ਬੇਟਸ, ਲੀ ਤਾਹੁਹੂ ਤੇ ਅਮੇਲੀਆ ਕੇਰ ਦੇ ਰੂਪ ਵਿਚ ਕੁਝ ਚੋਟੀ ਦੇ ਪੱਧਰ ਦੀਆਂ ਖਿਡਾਰਨਾਂ ਹਨ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰਨਾਂ :

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਤੀ ਮੰਧਾਨਾ, ਜੇਮੀਮਾ ਰਾਡਰਿਗਜ਼, ਦੀਪਤੀ ਸ਼ਰਮਾ, ਸ਼ੇਫਾਲੀ ਵਰਮਾ, ਪੂਨਮ ਯਾਦਵ, ਰਾਧਾ ਯਾਦਵ, ਤਾਨਿਆ ਭਾਟੀਆ (ਵਿਕਟਕੀਪਰ), ਹਰਲੀਨ ਦਿਓਲ, ਰਾਜੇਸ਼ਵਰੀ ਗਾਇਕਵਾੜ, ਰਿਚਾ ਘੋਸ਼, ਵੇਦਾ ਕ੍ਰਿਸ਼ਣਾਮੂਰਤੀ, ਸ਼ਿਖਾ ਪਾਂਡੇ, ਅਰੁੰਧਤੀ ਰੈੱਡੀ, ਪੂਜਾ ਵਸਤਰਾਕਰ।

ਨਿਊਜ਼ੀਲੈਂਡ : ਸੋਫੀ ਡਿਵਾਈਨ (ਕਪਤਾਨ), ਰੋਜਮੇਰੀ ਮੇਅਰ, ਅਮੇਲੀਆ ਕੇਰ, ਸੂਜੀ ਬੇਟਸ, ਲਾਰੇਨ ਡਾਊਨ, ਮੈਡੀ ਗਰੀਨ, ਹੋਲੀ ਹਡਲਸਟਨ, ਹੇਲੇ ਜੇਂਸੇਨ, ਲੀਗ ਕਾਸਪੇਰੇਕ, ਜੇਸ ਕੇਰ, ਕੇਟੀ ਮਾਰਟਿਨ (ਵਿਕਟਕੀਪਰ), ਕੇਟੀ ਪਰਕਿੰਸ, ਅੰਨਾ ਪੀਟਰਸਨ, ਰੇਚੇਲ ਪ੍ਰਰੀਸਟ, ਲੀ ਤਾਹੁਹੂ।