ਕੋਲਕਾਤਾ (ਜੇਐੱਨਐੱਨ) : ਭਾਰਤ ਪਹਿਲੀ ਵਾਰ ਡੇ-ਨਾਈਟ ਟੈਸਟ ਮੈਚ ਦਾ ਗਵਾਹ ਬਣਨ ਜਾ ਰਿਹਾ ਹੈ ਪਰ ਇਸ ਇਤਿਹਾਸਕ ਟੈਸਟ ਤੋਂ ਪਹਿਲਾਂ ਹਰ ਪਾਸੇ ਗ਼ੁਲਾਬੀ ਗੇਂਦ ਕਾਰਨ ਤਣਾਅ ਫ਼ੈਲਿਆ ਹੋਇਆ ਹੈ ਤੇ ਇਹ ਲਾਜ਼ਮੀ ਵੀ ਹੈ ਕਿਉਂਕਿ ਇਸ ਤੋਂ ਪਹਿਲਾਂ ਭਾਰਤ ਨੇ ਕਦੀ ਵੀ ਗ਼ੁਲਾਬੀ ਗੇਂਦ ਨਾਲ ਦੁੱਧ ਚਿੱਟੀ ਰੋਸ਼ਨੀ ਵਿਚ ਟੈਸਟ ਮੈਚ ਦੀ ਮੇਜ਼ਬਾਨੀ ਨਹੀਂ ਕੀਤੀ ਹੈ ਤੇ ਨਾ ਹੀ ਵਿਰਾਟ ਕੋਹਲੀ ਤੇ ਮੋਮੀਨੁਲ ਹਕ ਦੀਆਂ ਟੀਮਾਂ ਨੇ ਇਸ ਤੋਂ ਪਹਿਲਾਂ ਕਦੀ ਡੇ-ਨਾਈਟ ਟੈਸਟ ਮੈਚ ਖੇਡਿਆ ਹੈ। ਦੁਨੀਆ ਦੀ ਨੰਬਰ-ਨੌਂ ਟੈਸਟ ਟੀਮ ਬੰਗਲਾਦੇਸ਼ ਦੂਜੇ ਦੇਸ਼ ਵਿਚ ਡੇ-ਨਾਈਟ ਟੈਸਟ ਖੇਡ ਰਹੀ ਹੈ। ਇਸ ਕਾਰਨ ਉਸ ਦਾ ਤਣਾਅ ਵਿਚ ਹੋਣਾ ਲਾਜ਼ਮੀ ਹੈ ਪਰ ਇਸ ਖੇਡ ਦਾ ਆਲਮ ਇਹ ਹੈ ਕਿ ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਆਪਣੇ ਦੇਸ਼ ਵਿਚ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਤਣਾਅ ਵਿਚ ਹੈ। ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਤਾਂ ਛੱਡ ਦਿਓ ਇਸ ਮੈਚ ਦੀਆਂ ਤਿਆਰੀਆਂ ਵਿਚ ਰੁੱਝੇ ਬੰਗਾਲ ਕ੍ਰਿਕਟ ਸੰਘ (ਸੀਏਬੀ) ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਅਧਿਕਾਰੀਆਂ, ਈਡਨ ਗਾਰਡਨਜ਼ ਦੇ ਕਿਊਰੇਟਰ, ਮੈਦਾਨੀ ਕਰਮਚਾਰੀ, ਟਿਕਟ ਭਾਲਦੇ ਦਰਸ਼ਕ ਤੇ ਗ਼ੁਲਾਬੀ ਗੇਂਦ ਦੇ ਨਿਰਮਾਤਾ ਵੀ ਇਹ ਦੇਖਣਾ ਚਾਹੁੰਦੇ ਹਨ ਕਿ 22 ਤੋਂ 26 ਦਸੰਬਰ ਦੌਰਾਨ ਕੀ ਹੋਵੇਗਾ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਉੱਪ ਕਪਤਾਨ ਅਜਿੰਕੇ ਰਹਾਣੇ ਮੰਗਲਵਾਰ ਦੀ ਸਵੇਰ ਕੋਲਕਾਤਾ ਪੁੱਜੇ। ਬਾਕੀ ਟੀਮ ਮੰਗਲਵਾਰ ਦੀ ਰਾਤ ਨੂੰ ਇੱਥੇ ਪੁੱਜੀ। ਮੁਹੰਮਦ ਸ਼ਮੀ ਤੇ ਉਮੇਸ਼ ਯਾਦਵ ਬੁੱਧਵਾਰ ਨੂੰ ਕੋਲਕਾਤਾ ਪੁੱਜਣਗੇ। ਬੰਗਲਾਦੇਸ਼ ਦੀ ਪੂਰੀ ਟੀਮ ਮੰਗਲਵਾਰ ਨੂੰ ਇੱਥੇ ਪੁੱਜ ਚੁੱਕੀ ਹੈ। ਹਾਲਾਂਕਿ ਦੋਵਾਂ ਹੀ ਟੀਮਾਂ ਨੇ ਕੋਈ ਅਭਿਆਸ ਨਹੀਂ ਕੀਤਾ ਪਰ ਬੁੱਧਵਾਰ ਨੂੰ ਦੋਵੇਂ ਟੀਮਾਂ ਅਭਿਆਸ ਕਰਨਗੀਆਂ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਆਪਣੇ ਸੂਬਾਈ ਸੰਘਾਂ ਦੇ ਨਾਲ ਮਿਲ ਕੇ ਸੈਂਕੜੇ ਰਾਸ਼ਟਰੀ, ਅੰਤਰਰਾਸ਼ਟਰੀ ਤੇ ਆਈਪੀਐੱਲ ਦੇ ਮੈਚ ਕਰਵਾਏ ਹਨ ਤੇ ਇਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਹੁੰਦਾ ਹੈ ਪਰ ਗ਼ੁਲਾਬੀ ਗੇਂਦ ਨਾਲ ਪਹਿਲੀ ਵਾਰ ਅਸੀਂ ਮੈਚ ਕਰਵਾ ਰਹੇ ਹਾਂ। ਇਹ ਸਾਡੇ ਸਾਰਿਆਂ ਲਈ ਨਵਾਂ ਹੈ ਤੇ ਸੌਰਵ ਗਾਂਗੁਲੀ ਦੇ ਪ੍ਰਧਾਨ ਬਣਨ ਤੋਂ ਤੁਰੰਤ ਬਾਅਦ ਇਸ 'ਤੇ ਫ਼ੈਸਲਾ ਲਿਆ ਗਿਆ। ਇਹ ਪਹਿਲਾਂ ਤੋਂ ਤੈਅ ਨਹੀਂ ਸੀ ਤੇ ਅਸੀਂ ਬਹੁਤ ਤੇਜ਼ੀ ਨਾਲ ਇਸ 'ਤੇ ਕੰਮ ਕੀਤਾ ਹੈ। ਚਾਹੇ ਕਿਊਰੇਟਰ ਹੋਣ ਜਾਂ ਮੈਦਾਨੀ ਕਾਮੇ, ਖਿਡਾਰੀ ਹੋਣ ਜਾਂ ਗ਼ੁਲਾਬੀ ਗੇਂਦ ਬਣਾਉਣ ਵਾਲੀ ਕੰਪਨੀ ਐੱਸਜੀ ਸਭ ਨੇ ਆਪਣੇ ਵੱਲੋਂ ਪੂਰਾ ਯੋਗਦਾਨ ਦਿੱਤਾ ਹੈ। ਇਹ ਸਭ ਲਈ ਨਵਾਂ ਹੈ। ਦੋਵਾਂ ਟੀਮਾਂ ਦੇ ਖਿਡਾਰੀ ਅਜੇ ਦੋ ਦਿਨ ਅਭਿਆਸ ਕਰਨਗੇ। ਉਨ੍ਹਾਂ ਨੇ ਇੰਦੌਰ ਵਿਚ ਵੀ ਗ਼ੁਲਾਬੀ ਗੇਂਦ ਨਾਲ ਅਭਿਆਸ ਕੀਤਾ ਸੀ ਤੇ ਉਸ ਤੋਂ ਬਾਅਦ ਸ਼ੁੱਕਰਵਾਰ ਤੋਂ ਮੈਚ ਸ਼ੁਰੂ ਹੋਵੇਗਾ। ਸਭ ਦੀ ਮਿਹਨਤ ਦਾ ਨਤੀਜਾ ਸਾਹਮਣੇ ਆ ਜਾਵੇਗਾ।

ਤਿੰਨ ਦਿਨ ਦਾ ਸ਼ੋਅ ਹਾਊਸਫੁੱਲ

ਕੋਲਾਕਾਤਾ : ਜਿੱਥੇ ਇਹ ਕਿਹਾ ਜਾਣ ਲੱਗਾ ਸੀ ਕਿ ਟੈਸਟ ਨੂੰ ਦਰਸ਼ਕ ਨਹੀਂ ਮਿਲਦੇ ਉਥੇ ਕੋਲਕਾਤਾ ਵਿਚ ਹੋਣ ਵਾਲੇ ਡੇ-ਨਾਈਟ ਟੈਸਟ ਮੈਚ ਦੇ ਸ਼ੁਰੂਆਤੀ ਤਿੰਨ ਦਿਨਾਂ ਦੇ ਸਾਰੇ ਟਿਕਟ ਵਿਕ ਚੁੱਕੇ ਹਨ। ਕੁੱਲ ਮਿਲਾ ਕੇ ਟੈਸਟ ਮੈਚ ਪ੍ਰਤੀ ਅਜਿਹੀ ਦੀਵਾਨਗੀ ਦੇਖ ਕੇ ਬੀਸੀਸੀਆਈ ਤੇ ਸੀਏਬੀ ਦੇ ਚਿਹਰੇ ਖਿੜੇ ਹੋਏ ਹਨ।

'ਈਡਨ ਗਾਰਡਨਜ਼ 'ਤੇ ਗੇਂਦਬਾਜ਼ਾਂ ਨੂੰ ਵਿਕਟਾਂ 'ਤੇ ਨਜ਼ਰਾਂ ਬਣਾਈ ਰੱਖਣੀਆਂ ਪੈਣਗੀਆਂ। ਪਿੱਚ ਧੀਮੀ ਹੋਣ 'ਤੇ ਮੈਨੂੰ ਵਾਧੂ ਕੋਸ਼ਿਸ਼ ਕਰਨੀ ਪਵੇਗੀ ਤੇ ਜਦ ਬੱਲੇਬਾਜ਼ ਅਸਹਿਜ ਨਜ਼ਰ ਆਵੇ ਤਾਂ ਦਬਾਅ ਬਣਾਉਣਾ ਪਵੇਗਾ। ਲੈਂਥ 'ਚ ਤਬਦੀਲੀ ਲਗਾਤਾਰ ਕਰਨੀ ਪਵੇਗੀ।

-ਮੁਹੰਮਦ ਸ਼ਮੀ

ਮਯੰਕ ਅਗਰਵਾਲ ਟੈਸਟ ਕ੍ਰਿਕਟ ਦਾ ਮਜ਼ਾ ਲੈ ਰਿਹਾ ਹੈ। ਇਹ ਉਸ ਦਾ ਪਹਿਲਾ ਸਲਾਲ ਹੈ ਤੇ ਉਮੀਦ ਹੈ ਕਿ ਉਹ ਅਗਲੇ ਸੈਸ਼ਨ ਵਿਚ ਵੀ ਲੈਅ ਕਾਇਮ ਰੱਖੇਗਾ ਪਰ ਹੁਣ ਵਿਰੋਧੀ ਟੀਮ ਉਸ ਖ਼ਿਲਾਫ਼ ਵੱਧ ਤਿਆਰੀ ਨਾਲ ਉਤਰੇਗੀ। ਉਸ ਨੂੰ ਚੌਕਸ ਰਹਿਣਾ ਪਵੇਗਾ।

-ਸੁਨੀਲ ਗਾਵਸਕਰ

ਕੁਝ ਟੀਮਾਂ ਕੋਲ ਚੰਗੇ ਤੇਜ਼ ਗੇਂਦਬਾਜ਼ ਤੇ ਕੁਝ ਕੋਲ ਚੰਗੇ ਸਪਿੰਨਰ ਹਨ, ਪਰ ਭਾਰਤ ਕੋਲ ਦੋ ਚੰਗੇ ਸਪਿੰਨਰ ਤੇ ਤਿੰਨ ਚੰਗੇ ਤੇਜ਼ ਗੇਂਦਬਾਜ਼ ਹਨ। ਜਸਪ੍ਰਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਤਾਂ ਖੇਡ ਵੀ ਨਹੀਂ ਰਹੇ ਹਨ, ਮਤਲਬ ਕਿ ਭਾਰਤ ਕੋਲ ਕੁੱਲ ਮਿਲਾ ਕੇ ਅੱਠ ਚੰਗੇ ਗੇਂਦਬਾਜ਼ ਹਨ ਤੇ ਇਹੀ ਕਾਰਨ ਹੈ ਕਿ ਪਿਛਲੇ ਦੋ ਸਾਲ 'ਚ ਭਾਰਤ ਨੇ ਕਈ ਵਾਰ ਟੀਮਾਂ ਨੂੰ ਆਲ ਆਊਟ ਕੀਤਾ ਹੈ।

-ਗੌਤਮ ਗੰਭੀਰ