ਇੰਦੌਰ (ਜੇਐੱਨਐੱਨ) : ਜਿਵੇਂ ਕਿ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਤੇ ਵਿਸ਼ਵ ਦੀ ਨੌਵੇਂ ਨੰਬਰ ਦੀ ਟੀਮ ਬੰਗਲਾਦੇਸ਼ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੀ ਜਾ ਰਹੀ ਇਸ ਸੀਰੀਜ਼ ਵਿਚ ਪਲੜਾ ਭਾਰਤ ਦਾ ਹੀ ਭਾਰੀ ਰਹੇਗਾ ਤੇ ਅਜਿਹਾ ਹੀ ਹੋਇਆ। ਹੋਲਕਰ ਸਟੇਡੀਅਮ ਵਿਚ ਪਹਿਲਾ ਟੈਸਟ ਪੂਰੇ ਤਿੰਨ ਦਿਨ ਵੀ ਨਹੀਂ ਚੱਲ ਸਕਿਆ ਤੇ ਬੰਗਲਾਦੇਸ਼ ਦੀ ਚੁਣੌਤੀ ਮੈਚ ਦੇ ਤੀਜੇ ਦਿਨ ਸ਼ਨਿਚਰਵਾਰ ਨੂੰ ਚਾਹ ਦੇ ਸਮੇਂ ਤੋਂ ਬਾਅਦ ਸਮਾਪਤ ਹੋ ਗਈ। ਇਸ ਤਰ੍ਹਾਂ ਭਾਰਤ ਨੇ ਪਹਿਲਾ ਟੈਸਟ ਪਾਰੀ ਤੇ 130 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਇਸ ਜਿੱਤ ਨਾਲ ਹੀ ਇੰਦੌਰ ਵਿਚ ਭਾਰਤੀ ਟੀਮ ਦੀ ਜਿੱਤ ਦਾ ਰਿਕਾਰਡ ਵੀ ਬਰਕਰਾਰ ਰਿਹਾ। ਟੀਮ ਇੰਡੀਆ ਨੇ ਹੋਲਕਰ ਸਟੇਡੀਅਮ ਵਿਚ ਇਕ ਵੀ ਮੈਚ ਨਹੀਂ ਗੁਆਇਆ ਹੈ। ਅਜੇ ਤਕ ਇੱਥੇ ਭਾਰਤ ਨੇ ਸਾਰੇ ਫਾਰਮੈਟਾਂ ਵਿਚ ਕੁੱਲ ਮਿਲਾ ਕੇ ਅੱਠ ਮੈਚ ਖੇਡੇ ਹਨ ਤੇ ਸਾਰਿਆਂ ਵਿਚ ਹੀ ਜਿੱਤ ਦਰਜ ਕੀਤੀ ਹੈ। ਇਨ੍ਹਾਂ ਵਿਚ ਦੋ ਟੈਸਟ ਸ਼ਾਮਲ ਹਨ। ਇਸ ਜਿੱਤ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਭਾਰਤ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਟੈਸਟ ਚੈਂਪੀਅਨਸ਼ਿਪ ਦੇ ਤਹਿਤ ਭਾਰਤ ਦੀ ਇਹ ਲਗਾਤਾਰ ਛੇਵੀਂ ਟੈਸਟ ਜਿੱਤ ਹੈ। ਇਸ ਮੈਚ ਦੇ ਜਿੱਤਣ ਤੋਂ ਬਾਅਦ ਉਸ ਨੂੰ 60 ਅੰਕ ਮਿਲੇ ਤੇ ਹੁਣ ਉਸ ਦੇ 300 ਅੰਕ ਹੋ ਗਏ ਹਨ। ਨਿਊਜ਼ੀਲੈਂਡ ਤੇ ਸ੍ਰੀਲੰਕਾ 60-60 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹਨ। ਸੀਰੀਜ਼ ਦਾ ਆਖ਼ਰੀ ਮੈਚ 22 ਨਵੰਬਰ ਤੋਂ ਸ਼ੁਰੂ ਹੋਵੇਗਾ।

ਮੁਹੰਮਦ ਸ਼ਮੀ ਨੇ ਲਈਆਂ ਸਭ ਤੋਂ ਜ਼ਿਆਦਾ ਚਾਰ ਵਿਕਟਾਂ

ਸ਼ਨਿਚਰਵਾਰ ਦੀ ਸਵੇਰ ਜਿਵੇਂ ਉਮੀਦ ਕੀਤੀ ਜਾ ਰਹੀ ਸੀ, ਭਾਰਤੀ ਟੀਮ ਨੇ ਦੂਜੇ ਦਿਨ ਦੇ ਸਕੋਰ 493/6 'ਤੇ ਹੀ ਆਪਣੀ ਪਹਿਲੀ ਪਾਰੀ ਦਾ ਐਲਾਨ ਕਰ ਦਿੱਤਾ। ਬੰਗਲਾਦੇਸ਼ ਦੀ ਪਹਿਲੀ ਪਾਰੀ 150 ਦੌੜਾਂ 'ਤੇ ਸਮਾਪਤ ਹੋਈ ਸੀ। ਇਸ ਤਰ੍ਹਾਂ ਭਾਰਤ ਨੂੰ 343 ਦੌੜਾਂ ਦੀ ਬੜ੍ਹਤ ਮਿਲੀ ਸੀ। ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਬੰਗਲਾਦੇਸ਼ ਬੱਲੇਬਾਜ਼ ਫਿਰ ਨਾਕਾਮ ਹੋਏ। ਹਾਲਾਂਕਿ ਮੁਸ਼ਫਿਕੁਰ ਰਹੀਮ ਨੇ ਹੇਠਲੇ ਨੰਬਰ ਦੇ ਨਾਲ ਮਿਲ ਕੇ ਟੀਮ ਦੀ ਹਾਰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਪੂਰੀ ਟੀਮ ਦੂਜੀ ਪਾਰੀ ਵਿਚ 213 ਦੌੜਾਂ ਬਣਾ ਕੇ ਮੈਚ ਗੁਆ ਬੈਠੀ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਦੂਜੀ ਪਾਰੀ ਵਿਚ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਲਈਆਂ।

ਸਵੇਰ ਦੇ ਹਾਲਾਤ ਦਾ ਲਿਆ ਚੰਗਾ ਫ਼ਾਇਦਾ

ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇਕ ਵਾਰ ਮੁੜ ਸਵੇਰ ਦੀ ਨਮੀ ਦਾ ਪੂਰਾ ਇਸਤੇਮਾਲ ਕੀਤਾ। ਉਮੇਸ਼ ਯਾਦਵ, ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ਮੀ ਦੀਆਂ ਤੇਜ਼ ਤੇ ਉਛਾਲ ਵਾਲੀਆਂ ਗੇਂਦਾਂ 'ਤੇ ਵਿਰੋਧੀ ਬੱਲੇਬਾਜ਼ ਸੰਘਰਸ਼ ਕਰਦੇ ਦਿਖਾਈ ਦਿੱਤੇ।