ਇੰਦੌਰ (ਜੇਐੱਨਐੱਨ) : ਸੱਤ ਮੈਚ ਤੇ ਇਨ੍ਹਾਂ ਸਾਰੇ ਸੱਤ ਮੈਚਾਂ ਵਿਚ ਟੀਮ ਇੰਡੀਆ ਦਾ ਜਿੱਤਾਂ ਦਾ ਰਿਕਾਰਡ ਸੌ ਫ਼ੀਸਦੀ। ਇਹ ਰਿਕਾਰਡ ਹੈ ਟੀਮ ਇੰਡੀਆ ਦਾ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡੇ ਗਏ ਹੁਣ ਤਕ ਦੇ ਸਾਰੇ ਫਾਰਮੈਟਾਂ ਦੇ ਮੈਚਾਂ ਦਾ। ਭਾਰਤੀ ਟੀਮ ਨੂੰ ਇੱਥੇ ਇਕ ਵੀ ਹਾਰ ਨਹੀਂ ਮਿਲੀ ਹੈ ਤੇ ਜਦ ਬੰਗਲਾਦੇਸ਼ ਖ਼ਿਲਾਫ਼ ਭਾਰਤੀ ਟੀਮ ਵੀਰਵਾਰ ਨੂੰ ਇੱਥੇ ਦੋ ਮੈਚਾਂ ਦੀ ਸੀਰੀਜ਼ ਦਾ ਪਹਿਲਾ ਕ੍ਰਿਕਟ ਟੈਸਟ ਖੇਡਣ ਲਈ ਮੈਦਾਨ 'ਚ ਉਤਰੇਗੀ ਤਾਂ ਉਹ ਇੱਥੇ ਯਕੀਨੀ ਤੌਰ 'ਤੇ ਆਪਣਾ ਰਿਕਾਰਡ ਕਾਇਮ ਰੱਖਣਾ ਚਾਹੇਗੀ। ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿਚ ਇਸ ਸਮੇਂ ਚੋਟੀ 'ਤੇ ਚੱਲ ਰਹੀ ਟੀਮ ਇੰਡੀਆ ਇਸ ਸੀਰੀਜ਼ ਦੇ ਸਹਾਰੇ ਆਪਣੀ ਨੰਬਰ ਇਕ ਦੀ ਕੁਰਸੀ ਨੂੰ ਹੋਰ ਮਜ਼ਬੂਤ ਕਰਨਾ ਚਾਹੇਗੀ। ਭਾਰਤੀ ਟੀਮ ਦਾ ਇਸ ਸੀਰੀਜ਼ ਵਿਚ ਪਲੜਾ ਪਹਿਲਾਂ ਤੋਂ ਹੀ ਭਾਰੀ ਮੰਨਿਆ ਜਾ ਰਿਹਾ ਹੈ। ਉਸ ਨੇ ਘਰ ਵਿਚ ਪਿਛਲੀਆਂ ਟੈਸਟ ਸੀਰੀਜ਼ਾਂ ਵਿਚ ਦੱਖਣੀ ਅਫਰੀਕੀ ਟੀਮ ਦਾ ਸਫ਼ਾਇਆ ਕੀਤਾ ਸੀ ਜਦਕਿ ਬੰਗਲਾਦੇਸ਼ ਖ਼ਿਲਾਫ਼ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਦਾ ਮਨੋਬਲ ਉੱਚਾ ਹੋਵੇਗਾ। ਉਥੇ ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ ਪਹਿਲਾਂ ਹੀ ਰੈਗੂਲਰ ਕਪਤਾਨ ਸ਼ਾਕਿਬ ਅਲ ਹਸਨ ਤੇ ਤਜਰਬੇਕਾਰ ਤਮੀਮ ਇਕਬਾਲ ਤੋਂ ਬਿਨਾਂ ਖੇਡ ਰਹੀ ਹੈ। ਇਸ ਕਾਰਨ ਇੱਕੋ ਇਕ ਤਜਰਬੇਕਾਰ ਬੱਲੇਬਾਜ਼ ਵਜੋਂ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਹੀ ਹਨ ਤੇ ਉਨ੍ਹਾਂ 'ਤੇ ਸਾਰਿਆਂ ਦੀਆਂ ਉਮੀਦਾਂ ਰਹਿਣਗੀਆਂ। ਬੰਗਲਾਦੇਸ਼ ਨੂੰ ਪਿਛਲੀ ਟੈਸਟ ਸੀਰੀਜ਼ ਦੇ ਤਹਿਤ ਇਕੋ ਇਕ ਟੈਸਟ ਵਿਚ ਅਫ਼ਗਾਨਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਉੱਪ ਕਪਤਾਨ ਅਜਿੰਕੇ ਰਹਾਣੇ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਟੈਸਟ ਚੈਂਪੀਅਨਸ਼ਿਪ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਵਰਤਣਗੇ ਤੇ ਬੰਗਲਾਦੇਸ਼ ਨੂੰ ਕਮਜ਼ੋਰ ਨਹੀਂ ਮੰਨ ਰਹੇ ਹਨ।

ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ :

ਵਿਰਾਟ ਕੋਹਲੀ (ਕਪਤਾਨ), ਅਜਿੰਕੇ ਰਹਾਣੇ, ਚੇਤੇਸ਼ਵਰ ਪੁਜਾਰਾ, ਹਨੂਮਾ ਵਿਹਾਰੀ, ਮਯੰਕ ਅੱਗਰਵਾਲ, ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਰਵਿੰਦਰ ਜਡੇਜਾ, ਰਿੱਧੀਮਾਨ ਸਾਹਾ, ਰਿਸ਼ਭ ਪੰਤ, ਇਸ਼ਾਂਤ ਸ਼ਰਮਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ।

ਬੰਗਲਾਦੇਸ਼ :

ਮੋਮੀਨੁਲ ਹਕ (ਕਪਤਾਨ), ਇਮਰੂਲ ਕਾਏਸ, ਮੁਸੱਦਕ ਹੁਸੈਨ, ਸੈਫ ਹੁਸੈਨ, ਸ਼ਾਦਮਾਨ ਇਸਲਾਮ, ਮਹਮਿੂਦੁੱਲ੍ਹਾ, ਮੇਹਦੀ ਹਸਨ ਮਿਰਾਜ, ਲਿਟਨ ਦਾਸ, ਮੁਹੰਮਦ ਮਿਥੁਨ, ਮੁਸ਼ਫਿਕੁਰ ਰਹੀਮ, ਅਬੂ ਜਾਏਦ, ਅਲ ਅਮੀਨ ਹੁਸੈਨ, ਇਬਾਦਤ ਹੁਸੈਨ, ਮੁਸਤਫਿਜੁਰ ਰਹਿਮਾਨ, ਨਈਮ ਹਸਨ, ਤੈਜੁਲ ਇਸਲਾਮ।