ਨਾਗਪੁਰ (ਪੀਟੀਆਈ) : ਬੰਗਲਾਦੇਸ਼ ਖ਼ਿਲਾਫ਼ ਐਤਵਾਰ ਨੂੰ ਵਿਦਰਭ ਕ੍ਰਿਕਟ ਸੰਘ ਸਟੇਡੀਅਮ (ਵੀਸੀਏ) ਵਿਚ ਖੇਡੇ ਜਾਣ ਵਾਲੇ ਸੀਰੀਜ਼ ਦੇ ਤੀਜੇ ਤੇ ਆਖ਼ਰੀ ਟੀ-20 ਮੈਚ ਵਿਚ ਭਾਰਤੀ ਟੀਮ ਦੀਆਂ ਨਜ਼ਰਾਂ ਇਸ ਸਾਲ ਘਰੇਲੂ ਜ਼ਮੀਨ 'ਤੇ ਸਭ ਤੋਂ ਛੋਟੇ ਫਾਰਮੈਟ ਦੀ ਪਹਿਲੀ ਸੀਰੀਜ਼ ਜਿੱਤਣ 'ਤੇ ਹੋਣਗੀਆਂ। ਇਸ ਨਾਲ ਦੋਵਾਂ ਟੀਮਾਂ ਕੋਲ ਸੀਰੀਜ਼ ਜਿੱਤਣ ਦਾ ਇਹ ਆਖ਼ਰੀ ਮੌਕਾ ਵੀ ਹੈ ਕਿਉਂਕਿ ਇਹ ਸੀਰੀਜ਼ ਅਜੇ 1-1 ਨਾਲ ਬਰਾਬਰੀ 'ਤੇ ਹੈ। ਕਪਤਾਨ ਵਿਰਾਟ ਕੋਹਲੀ ਸਮੇਤ ਕੁਝ ਹੋਰ ਸੀਨੀਅਰ ਖਿਡਾਰੀਆਂ ਦੀ ਗ਼ੈਰਮੌਜੂਦਗੀ ਵਿਚ ਭਾਰਤੀ ਟੀਮ ਸੀਰੀਜ਼ ਆਪਣੇ ਨਾਂ ਕਰਨ ਨਾਲ ਅਗਲੇ ਸਾਲ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਲਈ ਖਿਡਾਰੀਆਂ ਦੀ ਪਛਾਣ ਕਰਨਾ ਚਾਹੇਗੀ। ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿਚ ਹਾਲਾਂਕਿ ਇਸ ਮਾਮਲੇ ਵਿਚ ਲੈੱਗ ਸਪਿੰਨਰ ਯੁਜਵਿੰਦਰ ਸਿੰਘ ਚਹਿਲ ਦੀ ਟੀਮ ਵਿਚ ਕਾਮਯਾਬ ਵਾਪਸੀ ਤੋਂ ਇਲਾਵਾ ਜ਼ਿਆਦਾ ਫ਼ਾਇਦਾ ਨਹੀਂ ਹੋਇਆ ਹੈ। ਚਹਿਲ ਨੇ ਇਕ ਵਾਰ ਮੁੜ ਸਾਬਤ ਕੀਤਾ ਹੈ ਕਿ ਵਿਚਾਲੇ ਦੇ ਓਵਰਾਂ ਵਿਚ ਉਨ੍ਹਾਂ ਕੋਲ ਵਿਕਟ ਕੱਢਣ ਦੀ ਯੋਗਤਾ ਹੈ। ਰਾਜਕੋਟ ਵਿਚ ਖੇਡੇ ਗਏ ਦੂਜੇ ਟੀ-20 ਵਿਚ ਚਹਿਲ ਦੀ ਅਗਵਾਈ ਵਿਚ ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ ਛੇ ਵਿਕਟਾਂ 'ਤੇ 153 ਦੌੜਾਂ 'ਤੇ ਰੋਕ ਦਿੱਤਾ। ਫਿਰ ਰਹੀ ਸਹੀ ਕਸਰ ਕਪਤਾਨ ਰੋਹਿਤ ਸ਼ਰਮਾ ਨੇ ਨੇ 85 ਦੌੜਾਂ ਬਣਾ ਕੇ ਪੂਰੀ ਕਰ ਦਿੱਤੀ।

ਰਹਿਣਾ ਪਵੇਗਾ ਚੌਕਸ : ਭਾਰਤੀ ਟੀਮ ਜਿੱਤ ਦੀ ਦਾਅਵੇਦਾਰੀ ਹੋਵੇਗੀ ਪਰ ਤਮੀਮ ਇਕਬਾਲ ਤੇ ਸ਼ਾਕਿਬ ਅਲ ਹਸਨ ਵਰਗੇ ਸੀਨੀਅਰ ਖਿਡਾਰੀਆਂ ਦੀ ਗ਼ੈਰਮੌਜੂਦਗੀ ਵਿਚ ਬੰਗਲਾਦੇਸ਼ ਇਕ ਵਾਰ ਮੁੜ ਦਿੱਲੀ ਵਾਂਗ ਹੈਰਾਨ ਕਰ ਸਕਦੀ ਹੈ। ਰਾਜਕੋਟ ਵਿਚ ਦੂਜੇ ਟੀ-20 ਵਿਚ ਵੀ ਟੀਮ ਨੂੰ ਚੰਗੀ ਸ਼ੁਰੂਆਤ ਮਿਲੀ ਪਰ ਉਹ ਇਸ ਦਾ ਫ਼ਾਇਦਾ ਨਾ ਉਠਾ ਸਕੇ ਤੇ ਟੀਮ 20 ਓਵਰਾਂ ਵਿਚ ਸਿਰਫ਼ 153 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਲਈ 20 ਸਾਲ ਦੇ ਲੈੱਗ ਸਪਿੰਨਰ ਅਨਿਮੁਲ ਇਸਲਾਮ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਕਿਫ਼ਾਇਤੀ ਰਹਿੰਦੇ ਹੋਏ ਚਾਰ ਵਿਕਟਾਂ ਹਾਸਲ ਕੀਤੀਆਂ ਹਨ। ਬੰਗਲਾਦੇਸ਼ ਨੂੰ ਹਾਲਾਂਕਿ ਤੇਜ਼ ਗੇਂਦਬਾਜ਼ੀ ਵਿਚ ਸੁਧਾਰ ਕਰਨਾ ਪਵੇਗਾ ਖ਼ਾਸ ਕਰ ਕੇ ਟੀਮ ਦੇ ਮੁੱਖ ਗੇਂਦਬਾਜ਼ ਮੁਸਤਫਿਜੁਰ ਰਹਿਮਾਨ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਵਿਚ ਨਾਕਾਮ ਰਹੇ ਹਨ।

ਇਸ ਤਰ੍ਹਾਂ ਹਨ ਦੋਵੇਂ ਟੀਮਾਂ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਕਰੁਣਾਲ ਪਾਂਡਿਆ, ਯੁਜਵਿੰਦਰ ਸਿੰਘ ਚਹਿਲ, ਰਾਹੁਲ ਚਾਹਰ, ਦੀਪਕ ਚਾਹਰ, ਖਲੀਲ ਅਹਿਮਦ, ਸ਼ਿਵਮ ਦੂਬੇ, ਸ਼ਾਰਦੂਲ ਠਾਕੁਰ।

ਬੰਗਲਾਦੇਸ਼ : ਮਹਿਮੂਦ ਉੱਲ੍ਹਾ (ਕਪਤਾਨ), ਮੁਹੰਮਦ ਨਈਮ, ਅਫਿਫ ਹੁਸੈਨ, ਮੁਸੱਦਕ ਹੁਸੈਨ, ਅਨਿਮੁਲ ਇਸਲਾਮ, ਲਿਟਨ ਦਾਸ, ਮੁਸ਼ਫਿਕੁਰ ਰਹੀਮ, ਅਰਾਫਤ ਸਨੀ, ਅਲ ਅਮੀਨ ਹੁਸੈਨ, ਮੁਸਤਫਿਜੁਰ ਰਹਿਮਾਨ, ਸ਼ੈਫੁਲ ਇਸਲਾਮ, ਅਬੂ ਹੈਦਰ, ਮੁਹੰਮਦ ਮਿਥੁਨ, ਤੈਜੁਲ ਇਸਲਾਮ।

-400 ਛੱਕੇ ਅੰਤਰਰਾਸ਼ਟਰੀ ਕਰੀਅਰ ਵਿਚ ਪੂਰੇ ਕਰਨ ਤੋਂ ਦੋ ਛੱਕੇ ਦੂਰ ਹਨ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ। ਵਨ ਡੇ ਵਿਚ ਰੋਹਿਤ ਨੇ 232, ਟੈਸਟ ਵਿਚ 51 ਤੇ ਟੀ-20 ਵਿਚ 115 ਛੱਕੇ ਲਾਏ ਹਨ। ਅਜੇ ਤਕ ਸਿਰਫ਼ ਦੋ ਖਿਡਾਰੀ ਹੀ ਅੰਤਰਰਾਸ਼ਟਰੀ ਪੱਧਰ 'ਤੇ 400 ਛੱਕੇ ਲਾ ਸਕੇ ਹਨ ਜਿਸ ਵਿਚ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਸ਼ਾਮਲ ਹਨ।

-01 ਵਿਕਟ ਲੈਂਦੇ ਹੀ ਭਾਰਤ ਦੇ ਗੁੱਟ ਦੇ ਸਪਿੰਨਰ ਯੁਜਵਿੰਦਰ ਸਿੰਘ ਚਹਿਲ ਅੰਤਰਰਾਸ਼ਟਰੀ ਟੀ-20 ਵਿਚ 50 ਵਿਕਟਾਂ ਪੂਰੀਆਂ ਕਰ ਲੈਣਗੇ। ਅਜੇ ਉਨ੍ਹਾਂ ਨੇ 33 ਟੀ-20 ਮੈਚ ਖੇਡੇ ਹਨ ਜਿਸ ਵਿਚ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ 25 ਦੌੜਾਂ ਦੇ ਕੇ ਛੇ ਵਿਕਟਾਂ ਹੈ।

-2017 ਵਿਚ ਭਾਰਤ ਨੇ ਨਾਗਪੁਰ ਵਿਚ ਆਪਣਾ ਪਿਛਲਾ ਟੀ-20 ਮੈਚ ਖੇਡਿਆ ਸੀ। ਭਾਰਤੀ ਟੀਮ ਨੇ ਇਸ ਮੈਚ ਵਿਚ ਇੰਗਲੈਂਡ ਨੂੰ ਪੰਜ ਦੌੜਾਂ ਨਾਲ ਹਰਾਇਆ ਸੀ।

-03 ਟੀ-20 ਅੰਤਰਰਾਸ਼ਟਰੀ ਮੈਚ ਭਾਰਤੀ ਟੀਮ ਨੇ ਨਾਗਪੁਰ ਦੇ ਵਿਦਰਭ ਕ੍ਰਿਕਟ ਸੰਘ ਸਟੇਡੀਅਮ ਵਿਚ ਖੇਡੇ ਹਨ। ਭਾਰਤ ਨੂੰ ਇਸ ਮੈਦਾਨ 'ਤੇ ਤਿੰਨ ਵਿਚੋਂ ਦੋ ਮੈਚਾਂ ਵਿਚ ਮਾਤ ਦਾ ਸਾਹਮਣਾ ਕਰਨਾ ਪਿਆ ਹੈ।

-15 ਟੀ-20 ਦੁਵੱਲੀਆਂ ਲੜੀਆਂ ਘਰ 'ਚੋਂ ਬਾਹਰ ਖੇਡੀਆਂ ਹਨ ਬੰਗਲਾਦੇਸ਼ ਨੇ ਇਸ ਵਿਚੋਂ ਉਸ ਨੂੰ ਸਿਰਫ਼ ਦੋ ਵਿਚ ਜਿੱਤ ਮਿਲੀ ਹੈ।