ਮੁੰਬਈ (ਪੀਟੀਆਈ) : ਕਹਿੰਦੇ ਹਨ ਕਿ ਚੰਗੀ ਚੱਲ ਰਹੀ ਚੀਜ਼ ਨਾਲ ਕਦੀ ਛੇੜਛਾੜ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਪੂਰੀ ਲੈਅ ਵਿਗੜ ਜਾਂਦੀ ਹੈ। ਕੁਝ ਅਜਿਹਾ ਹੀ ਹੋਇਆ ਮੰਗਲਵਾਰ ਨੂੰ ਭਾਰਤੀ ਟੀਮ ਨਾਲ ਜਿਸ ਦਾ ਆਪਣੇ ਚੋਟੀ ਦੇ ਬੱਲੇਬਾਜ਼ਾਂ ਦੇ ਨੰਬਰਾਂ ਨਾਲ ਛੇੜਛਾੜ ਕੀਤੀ ਤੇ ਅਜਿਹਾ ਕਰਨਾ ਉਸੇ 'ਤੇ ਭਾਰੀ ਪੈ ਗਿਆ।

ਵਾਨਖੇੜੇ ਸਟੇਡੀਅਮ ਦੀ ਜਿਸ ਵਿਕਟ 'ਤੇ ਭਾਰਤੀ ਬੱਲੇਬਾਜ਼ ਦੌੜਾਂ ਲਈ ਤਰਸਦੇ ਰਹੇ ਉਸੇ ਵਿਕਟ 'ਤੇ ਆਸਟ੍ਰੇਲੀਆਈ ਟੀਮ ਦੀ ਸਲਾਮੀ ਜੋੜੀ ਡੇਵਿਡ ਵਾਰਨਰ (ਅਜੇਤੂ 128) ਤੇ ਆਰੋਨ ਫਿੰਚ (ਅਜੇਤੂ 110) ਨੇ ਪਹਿਲੀ ਵਿਕਟ ਲਈ ਰਿਕਾਰਡ ਭਾਈਵਾਲੀ ਕਰ ਕੇ ਮੇਜ਼ਬਾਨ ਟੀਮ ਨੂੰ 15 ਸਾਲ ਬਾਅਦ ਵਨ ਡੇ ਵਿਚ 10 ਵਿਕਟਾਂ ਨਾਲ ਹਾਰਨ ਲਈ ਮਜਬੂਰ ਕਰ ਦਿੱਤਾ। ਆਸਟ੍ਰੇਲੀਆ ਦੇ ਕਪਤਾਨ ਫਿੰਚ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਲਈ ਬੁਲਾਇਆ।

ਸ਼ਿਖਰ ਧਵਨ (74) ਤੇ ਲੋਕੇਸ਼ ਰਾਹੁਲ (47) ਨੂੰ ਛੱਡ ਕੇ ਭਾਰਤੀ ਬੱਲੇਬਾਜ਼ ਆਸਟ੍ਰੇਲੀਆਈ ਗੇਂਦਬਾਜ਼ਾਂ ਦੇ ਸਾਹਮਣੇ ਜ਼ਿਆਦਾ ਕੁਝ ਨਹੀਂ ਕਰ ਸਕੇ ਤੇ 49.1 ਓਵਰਾਂ ਵਿਚ 255 ਦੌੜਾਂ 'ਤੇ ਢੇਰ ਹੋ ਗਏ। ਆਸਟ੍ਰੇਲੀਆ ਨੇ ਸੌਖੇ ਟੀਚੇ ਨੂੰ 37.4 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ।

ਵਨ ਡੇ 'ਚ ਸਿਰਫ਼ ਤੀਜਾ ਮੌਕਾ :

ਇਹ ਵਨ ਡੇ ਇਤਿਹਾਸ ਵਿਚ ਤੀਜਾ ਮੌਕਾ ਹੈ ਜਦ ਕੋਈ ਟੀਮ 250 ਜਾਂ ਉਸ ਤੋਂ ਜ਼ਿਆਦਾ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 10 ਵਿਕਟਾਂ ਨਾਲ ਜਿੱਤੀ ਹੈ। ਰੋਮਾਂਚਕ ਗੱਲ ਇਹ ਹੈ ਕਿ ਹਾਰਨ ਵਾਲੀਆਂ ਤਿੰਨੇ ਟੀਮਾਂ ਏਸ਼ਿਆਈ ਹਨ। ਇਸ ਤੋਂ ਪਹਿਲਾਂ ਬਿਨਾਂ ਕੋਈ ਵਿਕਟ ਗੁਆਏ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਵਾਲੀ ਇਕ ਟੀਮ ਦੱਖਣੀ ਅਫਰੀਕਾ ਸੀ ਜਿਸ ਨੇ 2017 ਵਿਚ ਕਿੰਬਰਲੇ ਵਿਚ 279 ਦੌੜਾਂ ਦੇ ਟੀਚੇ ਨੂੰ ਬੰਗਲਾਦੇਸ਼ ਖ਼ਿਲਾਫ਼ ਹਾਸਲ ਕੀਤਾ ਸੀ ਜਦਕਿ ਦੂਜੀ ਟੀਮ ਇੰਗਲੈਂਡ ਸੀ ਜਿਸ ਨੇ 2016 ਵਿਚ 255 ਦੌੜਾਂ ਦੇ ਟੀਚੇ ਨੂੰ ਸ੍ਰੀਲੰਕਾ ਖ਼ਿਲਾਫ਼ ਏਜਬੇਸਟਨ 'ਚ ਹਾਸਲ ਕੀਤਾ ਸੀ। ਭਾਰਤੀ ਟੀਮ ਆਪਣੇ ਘਰ ਵਿਚ ਦੂਜੀ ਵਾਰ ਜਦਕਿ ਕੁੱਲ ਮਿਲਾ ਕੇ ਪੰਜਵੀਂ ਵਾਰ ਵਨ ਡੇ ਵਿਚ 10 ਵਿਕਟਾਂ ਨਾਲ ਹਾਰੀ ਹੈ।