ਮੁੰਬਈ (ਪੀਟੀਆਈ) : ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੇ ਕਿਹਾ ਹੈ ਕਿ ਕੋਚ ਐਂਡਰਿਊ ਮੈਕਡੋਨਾਲਡ ਨੇ ਇਹ ਜਾਣਨ ਲਈ ਸ਼ਨਿਚਰਵਾਰ ਰਾਤ ਨੂੰ ਵਾਨਖੇੜੇ ਸਟੇਡੀਅਮ ਦੇ ਬਾਹਰ ਕੈਂਪ ਲਾਇਆ ਕਿ ਤਰੇਲ ਕਿਸ ਸਮੇਂ ਪੈਂਦੀ ਹੈ। ਇਹੀ ਨਹੀਂ, ਟੀਮ ਨੇ ਐਤਵਾਰ ਨੂੰ ਗਿੱਲੀ ਗੇਂਦ ਨਾਲ ਗੇਂਦਬਾਜ਼ੀ ਦਾ ਅਭਿਆਸ ਵੀ ਕੀਤਾ। ਰਿਚਰਡਸਨ ਨੇ ਕਿਹਾ ਕਿ ਐਂਡਰਿਊ ਮੈਕਡੋਨਾਲਡ ਨੇ ਇੱਥੇ ਬੀਤੀ ਰਾਤ ਕੈਂਪ ਲਾਇਆ ਤਾਂਕਿ ਉਹ ਜਾਣ ਸਕਣ ਕਿ ਕਿਸ ਸਮੇਂ ਤਰੇਲ ਪੈਂਦੀ ਹੈ ਤੇ ਹਰ ਕੋਈ ਬਸ ਅੰਦਾਜ਼ਾ ਲਾ ਰਿਹਾ ਹੈ। ਮੈਨੂੰ ਲਗਦਾ ਹੈ ਕਿ ਹਰ ਕੋਈ ਤਿਆਰ ਹੈ। ਸਾਨੂੰ ਮੈਚ ਦੇ ਦਿਨ ਦੀ ਉਡੀਕ ਕਰਨੀ ਪਵੇਗੀ ਤੇ ਦੇਖਣਾ ਪਵੇਗਾ। ਇਹ ਨਵੀਂ ਨਹੀਂ ਹੈ, ਸਾਡੇ ਘਰੇਲੂ ਮੈਦਾਨਾਂ 'ਤੇ ਵੀ ਤਰੇਲ ਪੈਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਸੀਰੀਜ਼ ਵਿਚ ਘਰੇਲੂ ਮੈਦਾਨ 'ਤੇ ਮੁੱਖ ਦਾਅਵੇਦਾਰ ਹੈ ਪਰ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਵੀ ਘੱਟ ਨਹੀਂ ਸਮਿਝਆ ਜਾ ਸਕਦਾ। ਦੂਜਾ ਵਨ ਡੇ ਰਾਜਕੋਟ (17 ਜਨਵਰੀ ) ਤੇ ਤੀਜਾ (19 ਜਨਵਰੀ) ਬੈਂਗਲੁਰੂ ਵਿਚ ਖੇਡਿਆ ਜਾਵੇਗਾ। ਰਿਚਰਡਸਨ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਘਰੇਲੂ ਟੀਮ ਹਮੇਸ਼ਾ ਮਜ਼ਬੂਤ ਦਾਅਵੇਦਾਰ ਹੁੰਦੀ ਹੈ। ਫਿੰਚ ਨੇ ਕਿਹਾ ਸੀ ਕਿ ਕਿਸੇ ਵੀ ਟੀਮ ਨੇ ਇੱਥੇ ਲਗਾਤਾਰ ਸੀਰੀਜ਼ਾਂ ਨਹੀਂ ਜਿੱਤੀਆਂ ਹਨ ਤਾਂ ਇਹ ਮੁਸ਼ਕਲ ਹੋਣ ਵਾਲਾ ਹੈ। ਪਿਛਲੇ ਸਾਲ ਆਸਟ੍ਰੇਲੀਆ ਨੇ ਭਾਰਤ ਵਿਚ ਸੀਮਤ ਓਵਰਾਂ ਦੀ ਸੀਰੀਜ਼ ਵਿਚ 0-2 ਨਾਲ ਪੱਛੜ ਕੇ ਵਾਪਸੀ ਕਰਦੇ ਹੋਏ 3-2 ਨਾਲ ਜਿੱਤ ਹਾਸਲ ਕੀਤੀ ਸੀ।

ਉਨ੍ਹਾਂ ਨੇ ਕਿਹਾ ਕਿ ਭਾਰਤ ਖ਼ਿਲਾਫ਼ ਉਨ੍ਹਾਂ ਦੀ ਜ਼ਮੀਨ 'ਤੇ ਖੇਡਣਾ ਹਮੇਸ਼ਾ ਹੀ ਵੱਡੀ ਚੁਣੌਤੀ ਹੈ ਤੇ ਪਿਛਲੇ ਸਾਲ ਜੋ ਹੋਇਆ ਉਹ ਇਸ ਲਈ ਤਿਆਰ ਹੋਣਗੇ। ਮਨੋਬਲ ਵਧਿਆ ਹੋਇਆ ਹੈ ਪਰ ਘਰੇਲੂ ਟੀਮ ਹਮੇਸ਼ਾ ਮੁੱਖ ਦਾਅਵੇਦਾਰ ਹੁੰਦੀ ਹੈ। ਅਸੀਂ ਛੁਪੇ ਰੁਸਤਮ ਹਾਂ। ਅਸੀਂ ਇਸ ਬਾਰੇ ਕਾਫੀ ਗੱਲ ਕੀਤੀ ਹੈ। ਮੈਨੂੰ ਲਗਦਾ ਹੈ ਕਿ ਟੀਮ ਦਾ ਹਰੇਕ ਮੈਂਬਰ ਇੱਥੇ ਪਹਿਲਾਂ ਖੇਡ ਚੁੱਕਾ ਹੈ। ਇਹ ਨਵਾਂ ਨਹੀਂ ਹੈ। ਸਾਡੀ ਰਣਨੀਤੀ ਉਨ੍ਹਾਂ ਦੇ ਕੁਝ ਬੱਲੇਬਾਜ਼ਾਂ ਨੂੰ ਰੋਕਣ ਦੀ ਹੋਵੇਗੀ। ਸਾਡੇ ਵਿਚਾਲੇ ਵੱਡੇ ਸਕੋਰ ਦੇ ਮੁਕਾਬਲੇ ਜ਼ਰੂਰ ਹੋਣਗੇ।

ਟੀਮ 'ਚ ਥਾਂ ਮਿਲਣ 'ਤੇ ਰਿਚਰਡਸਨ ਦੀ ਨਜ਼ਰ

ਆਸਟ੍ਰੇਲੀਆਈ ਟੀਮ ਵਿਚ ਚਾਰ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ, ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਰਿਚਰਡਸਨ ਹਨ। ਰਿਚਰਡਸਨ ਨੇ ਕਿਹਾ ਕਿ ਤਿੰਨਾਂ ਦੇ ਨਾਲ ਮੈਦਾਨ 'ਤੇ ਰਹਿਣਾ ਕਾਫੀ ਚੰਗਾ ਹੈ। ਮੈਨੂੰ ਨਹੀਂ ਪਤਾ ਕਿ ਕੌਣ ਆਖ਼ਰੀ 11 'ਚ ਥਾਂ ਬਣਾਏਗਾ। ਜੇ ਮੈਂ ਉਨ੍ਹਾਂ ਦੇ ਨਾਲ ਮੈਦਾਨ 'ਤੇ ਥਾਂ ਬਣਾਈ ਤਾਂ ਇਸ ਨਾਲ ਮੈਨੂੰ ਕਾਫੀ ਆਤਮਵਿਸ਼ਵਾਸ ਮਿਲੇਗਾ। ਮੈਨੂੰ ਉਮੀਦ ਹੈ ਕਿ ਜਦ ਮੈਂ ਗੇਂਦਬਾਜ਼ੀ ਕਰਨ ਆਵਾਂਗਾ ਤਾਂ ਭਾਰਤ ਦੀਆਂ ਦੋ ਜਾਂ ਤਿੰਨ ਵਿਕਟਾਂ ਡਿੱਗ ਚੁੱਕੀਆਂ ਹੋਣਗੀਆਂ। ਵਿਸ਼ਵ ਕੱਪ ਵਿਚ ਰਿਚਰਡਸਨ ਆਖ਼ਰੀ-11 'ਚੋਂ ਅੰਦਰ ਬਾਹਰ ਹੁੰਦੇ ਰਹੇ ਸਨ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕਰ ਕੇ ਟੀਮ ਵਿਚ ਥਾਂ ਬਣਾਈ ਸੀ।