ਨਵੀਂ ਦਿੱਲੀ (ਪੀਟੀਆਈ) : ਆਸਟ੍ਰੇਲੀਆ ਦੌਰੇ 'ਤੇ ਅਹਿਤਿਆਤ ਵਜੋਂ ਆਈਸੋਲੇਟ (ਵੱਖ-ਵੱਖ) ਕੀਤੇ ਗਏ ਪੰਜ ਭਾਰਤੀ ਖਿਡਾਰੀਆਂ ਦੇ ਨਾਲ ਪੂਰੀ ਟੀਮ ਸੀਰੀਜ਼ ਦੇ ਤੀਜੇ ਟੈਸਟ ਲਈ ਇਕੱਠੀ ਚਾਰਟਰਡ ਜਹਾਜ਼ ਰਾਹੀਂ ਸੋਮਵਾਰ ਨੂੰ ਮੈਲਬੌਰਨ ਤੋਂ ਸਿਡਨੀ ਰਵਾਨਾ ਹੋਵੇਗੀ। ਭਾਰਤੀ ਉੱਪ ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁਭਮਨ ਗਿੱਲ, ਪਿ੍ਰਥਵੀ ਸ਼ਾਅ ਤੇ ਨਵਦੀਪ ਸੈਣੀ ਖ਼ਿਲਾਫ਼ ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਇਆ ਗਿਆ ਸੁਰੱਖਿਅਤ ਮਾਹੌਲ) ਦੇ ਉਲੰਘਣ ਨੂੰ ਲੈ ਕੇ ਕਥਿਤ ਤੌਰ 'ਤੇ ਜਾਂਚ ਜਾਰੀ ਹੈ ਪਰ ਉਨ੍ਹਾਂ ਨੂੰ ਟੀਮ ਦੇ ਨਾਲ ਯਾਤਰਾ ਕਰਨ ਤੋਂ ਨਹੀਂ ਰੋਕਿਆ ਜਾਵੇਗਾ।

ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਐਤਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਬੀਸੀਸੀਆਈ ਦੇ ਨਾਲ ਮਿਲ ਕੇ ਕਰ ਰਿਹਾ ਹੈ। ਇਹ ਮਾਮਲਾ ਤਦ ਗਰਮਾ ਗਿਆ ਜਦ ਨਵਲਦੀਪ ਸਿੰਘ ਨਾਂ ਦੇ ਇਕ ਪ੍ਰਸ਼ੰਸਕ ਨੇ ਟਵਿੱਟਰ 'ਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਇਹ ਪੰਜ ਇਕ ਇੰਡੋਰ ਰੈਸਟੋਰੈਂਟ ਵਿਚ ਖਾਣਾ ਖਾ ਰਹੇ ਸਨ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਜੇ ਤੁਸੀਂ ਸੀਏ ਦੇ ਬਿਆਨ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਉਨ੍ਹਾਂ ਨੇ ਕਦੀ ਨਹੀਂ ਕਿਹਾ ਕਿ ਇਹ ਇਕ ਉਲੰਘਣ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਹ ਤੈਅ ਕਰਨਾ ਚਾਹੁੰਦੇ ਹਨ ਕਿ ਕੀ ਇਹ ਉਲੰਘਣ ਹੈ। ਇਸ ਲਈ ਟੀਮ ਦੇ ਨਾਲ ਸਿਡਨੀ ਜਾਣ ਵਾਲੇ ਇਨ੍ਹਾਂ ਪੰਜ ਖਿਡਾਰੀਆਂ 'ਤੇ ਕੋਈ ਪਾਬੰਦੀ ਨਹੀਂ ਹੈ। ਪੂਰੀ ਟੀਮ ਕੱਲ੍ਹ (ਸੋਮਵਾਰ) ਦੁਪਹਿਰ ਨੂੰ ਉਡਾਣ ਭਰ ਰਹੀ ਹੈ। ਇਹ ਪਤਾ ਲੱਗਾ ਹੈ ਕਿ ਸੀਏ ਦੇ ਇਸ ਮਸਲੇ ਨਾਲ ਨਜਿੱਠਣ ਦੇ ਤਰੀਕੇ ਨਾਲ ਭਾਰਤੀ ਟੀਮ ਖ਼ੁਸ਼ ਨਹੀਂ ਹੈ।

ਝੂਠ ਬੋਲਣ ਕਾਰਨ ਹੀ ਮਾਮਲਾ ਹੋਇਆ ਵੱਡਾ

ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਜੇ ਪ੍ਰਸ਼ੰਸਕ ਨੇ ਇੰਟਰਨੈੱਟ ਮੀਡੀਆ 'ਤੇ ਖਿਡਾਰੀ (ਪੰਤ) ਨੂੰ ਗ਼ਲੇ ਲਾਉਣ ਨੂੰ ਲੈ ਕੇ ਝੂਠ ਨਾ ਬੋਲਿਆ ਹੁੰਦਾ ਤਾਂ ਇਹ ਮਾਮਲਾ ਵੱਡਾ ਨਾ ਹੁੰਦਾ। ਖਿਡਾਰੀ ਅੰਦਰ ਇਸ ਲਈ ਗਏ ਕਿਉਂਕਿ ਉਥੇ ਹਲਕਾ-ਹਲਕਾ ਮੀਂਹ ਪੈ ਰਿਹਾ ਸੀ। ਉਸ ਨੇ ਬਿਨਾਂ ਇਜਾਜ਼ਤ ਵੀਡੀਓ ਬਣਾਇਆ ਤੇ ਫਿਰ ਬਿਨਾਂ ਕਿਸੇ ਦੇ ਕਹੇ ਹੀ ਪ੍ਰਸਿੱਧੀ ਲਈ ਬਿੱਲ ਦੀ ਅਦਾਇਗੀ ਕਰ ਕੇ ਉਸ ਨੂੰ ਇੰਟਰਨੈੱਟ ਮੀਡੀਆ 'ਤੇ ਪਾ ਦਿੱਤਾ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸੀਏ ਅਜਿਹੇ ਵਿਅਕਤੀ ਦੇ ਵੀਡੀਓ ਦੇ ਆਧਾਰ 'ਤੇ ਫ਼ੈਸਲਾ ਲਵੇਗਾ ਜਿਸ ਨੇ ਪਹਿਲਾਂ ਝੂਠ ਬੋਲਿਆ ਤੇ ਫਿਰ ਆਪਣੇ ਬਿਆਨ ਤੋਂ ਮੁਕਰ ਗਿਆ।

ਨਿਯਮਾਂ ਦੇ ਪਾਲਣ ਦੀ ਜ਼ਿੰਮੇਵਾਰੀ ਪੇਸ਼ੇਵਰ ਟੀਮ ਦੀ

ਇਸ ਪੂਰੇ ਮਾਮਲੇ ਤੋਂ ਬਾਅਦ ਟੀਮ ਦੇ ਪ੍ਰਸ਼ਾਸਨਿਕ ਮੈਨੇਜਰ ਗਿਰੀਸ਼ ਡੋਂਗਰੇ ਦੀ ਕਾਰਜ ਪ੍ਰਣਾਲੀ 'ਤੇ ਵੀ ਸਵਾਲ ਉੱਠ ਰਿਹਾ ਹੈ। ਬੀਸੀਸੀਆਈ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਡੋਂਗਰੇ ਬੀਸੀਸੀਆਈ ਦੇ ਮੁਲਾਜ਼ਮ ਹਨ ਤੇ ਉਨ੍ਹਾਂ ਨੂੰ ਕੋਵਿਡ 19 ਪ੍ਰਰੋਟੋਕਾਲ ਨੂੰ ਲੈ ਕੇ ਟੀਮ ਨੂੰ ਸੰਭਾਲਣ ਲਈ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਲਈ ਪ੍ਰਰੋਟੋਕਾਲ ਦੀ ਹਰ ਗੱਲ ਯਾਦ ਰੱਖਣਾ ਜ਼ਰੂਰੀ ਨਹੀਂ ਹੈ। ਇਸ ਕੰਮ ਲਈ ਇਕ ਪੇਸ਼ੇਵਰ ਟੀਮ ਹੈ ਜਿਨ੍ਹਾਂ ਨੇ ਇਹ ਯਕੀਨੀ ਬਣਾਉਣਾ ਹੈ ਕਿ ਹਰ ਨਿਯਮ ਦਾ ਪਾਲਣ ਕੀਤਾ ਜਾਵੇ। ਇਹ ਯਕੀਨੀ ਬਣਾਉਣ ਲਈ ਡੋਂਗਰੇ ਦਾ ਫ਼ਰਜ਼ ਸੀ ਕਿ ਖਿਡਾਰੀਆਂ ਨੂੰ ਦੱਸਿਆ ਜਾਵੇ ਕਿ ਉਹ ਇਕ ਇੰਡੋਰ ਖੇਤਰ ਵਿਚ ਨਹੀਂ ਜਾ ਸਕਦੇ।