ਨਵੀਂ ਦਿੱਲੀ (ਪੀਟੀਆਈ) : ਨੈਸ਼ਨਲ ਕਿ੍ਕਟ ਅਕਾਦਮੀ (ਐੱਨਸੀਏ) ਦੇ ਮੁਖੀ ਵੀਵੀਐੱਸ ਲਕਸ਼ਮਣ ਆਇਰਲੈਂਡ ਵਿਚ ਦੋ ਮੈਚਾਂ ਦੀ ਟੀ-20 ਸੀਰੀਜ਼ ਵਿਚ ਭਾਰਤੀ ਟੀਮ ਨੂੰ ਕੋਚਿੰਗ ਦੇ ਸਕਦੇ ਹਨ ਕਿਉਂਕਿ ਇਸ ਦੌਰਾਨ ਟੈਸਟ ਟੀਮ ਇੰਗਲੈਂਡ ਵਿਚ ਇਕੋ-ਇਕ ਟੈਸਟ ਦੀ ਤਿਆਰੀ ਕਰ ਰਹੀ ਹੈ। ਮੁੱਖ ਕੋਚ ਰਾਹੁਲ ਦ੍ਰਾਵਿੜ 1 ਜੁਲਾਈ ਤੋਂ ਇਕੋ-ਇਕ ਟੈਸਟ ਨਾਲ ਸ਼ੁਰੂ ਹੋਣ ਵਾਲੇ ਦੌਰੇ ਤੋਂ ਪਹਿਲਾਂ ਟੈਸਟ ਟੀਮ ਦੇ ਨਾਲ ਇੰਗਲੈਂਡ 'ਚ ਹੋਣਗੇ।

ਟੈਸਟ ਤੋਂ ਪਹਿਲਾਂ 24 ਤੋਂ 27 ਜੂਨ ਤਕ ਲੈਸਟਰ ਖਿਲਾਫ ਚਾਰ ਦਿਨਾ ਅਭਿਆਸ ਮੈਚ ਖੇਡਿਆ ਜਾਵੇਗਾ, ਜਦਕਿ 26 ਅਤੇ 28 ਜੂਨ ਨੂੰ ਆਇਰਲੈਂਡ 'ਚ ਦੋ ਟੀ-20 ਮੈਚ ਖੇਡੇ ਜਾਣਗੇ। ਬੀਸੀਸੀਆਈ ਦੇ ਇਕ ਸੂਤਰ ਨੇ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਲਕਸ਼ਮਣ ਆਇਰਲੈਂਡ ਵਿਚ ਟੀ-20 ਟੀਮ ਦੇ ਨਾਲ ਹੋਣਗੇ ਕਿਉਂਕਿ ਦ੍ਰਾਵਿੜ ਇੰਗਲੈਂਡ ਵਿਚ ਟੈਸਟ ਟੀਮ ਵਿਚ ਵਿਅਸਤ ਹੋਣਗੇ।

ਇਸੇ ਤਰ੍ਹਾਂ ਦੀ ਸਥਿਤੀ ਪਿਛਲੇ ਸਾਲ ਪੈਦਾ ਹੋਈ ਸੀ ਜਦੋਂ ਮੁੱਖ ਕੋਚ ਰਵੀ ਸ਼ਾਸਤਰੀ ਇੰਗਲੈਂਡ ਵਿਚ ਟੈਸਟ ਟੀਮ ਦੇ ਨਾਲ ਸਨ ਅਤੇ ਉਦੋਂ ਐਨਸੀਏ ਮੁਖੀ ਦ੍ਰਾਵਿੜ ਸੀਮਤ ਓਵਰਾਂ ਦੀ ਟੀਮ ਨਾਲ ਸ੍ਰੀਲੰਕਾ ਗਏ ਸਨ। ਐਨਸੀਏ ਵਿਚ ਦ੍ਰਾਵਿੜ ਦੀ ਥਾਂ ਲੈਣ ਵਾਲੇ ਲਕਸ਼ਮਣ ਇਸ ਸਾਲ ਭਾਰਤ ਦੀ ਅੰਡਰ-19 ਵਿਸ਼ਵ ਕੱਪ ਟੀਮ ਦੇ ਨਾਲ ਕੈਰੇਬੀਅਨ ਗਏ ਸਨ, ਜਿੱਥੇ ਟੀਮ ਨੇ ਖ਼ਿਤਾਬ ਜਿੱਤਿਆ ਸੀ। ਨਾਲ ਹੀ ਸੰਭਾਵਨਾ ਹੈ ਕਿ ਚੋਣਕਰਤਾ ਇੰਗਲੈਂਡ ਅਤੇ ਆਇਰਲੈਂਡ 'ਚ ਹੋਣ ਵਾਲੀ ਸੀਰੀਜ਼ ਲਈ ਵੱਖਰੀ ਟੀਮ ਚੁਣ ਸਕਦੇ ਹਨ। ਸਾਰੇ ਪ੍ਰਮੁੱਖ ਖਿਡਾਰੀਆਂ ਨੂੰ ਇੰਗਲੈਂਡ ਦੌਰੇ ਲਈ ਇਕ ਟੈਸਟ, ਤਿੰਨ ਟੀ-20 ਅਤੇ ਤਿੰਨ ਇਕ ਰੋਜ਼ਾ ਮੈਚਾਂ ਲਈ ਟੀਮ ਵਿਚ ਚੁਣੇ ਜਾਣ ਦੀ ਉਮੀਦ ਹੈ।

ਭਾਰਤ ਆਈਪੀਐਲ ਫਾਈਨਲ ਦੇ ਇਕ ਹਫ਼ਤੇ ਬਾਅਦ, 9 ਜੂਨ ਤੋਂ ਦੱਖਣੀ ਅਫਰੀਕਾ ਵਿਰੁੱਧ ਪੰਜ ਟੀ-20 ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਸ ਸੀਰੀਜ਼ ਲਈ ਟੀਮ 22 ਮਈ ਨੂੰ ਚੁਣੇ ਜਾਣ ਦੀ ਉਮੀਦ ਹੈ ਅਤੇ ਸਾਰੇ ਫਾਰਮੈਟ ਖੇਡਣ ਵਾਲੇ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰਰੀਤ ਬੁਮਰਾਹ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ।