ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਦਾ ਮੰਨਣਾ ਹੈ ਕਿ ਆਤਮਵਿਸ਼ਵਾਸ ਨਾਲ ਭਰੀ ਨਿਊਜ਼ੀਲੈਂਡ ਦੀ ਟੀਮ ਖ਼ਿਲਾਫ਼ ਡਬਲਯੂਟੀਸੀ ਫਾਈਨਲ ਲਈ ਭਾਰਤੀ ਟੀਮ ਕੋਲ ਬਦਲ ਦੀ ਕਮੀ ਨਹੀਂ ਹੈ ਅਤੇ ਉਸ ਨੇ ਸਾਰੀਆਂ ਖਾਮੀਆਂ ਨੂੰ ਦੂਰ ਕੀਤਾ ਹੈ। ਪ੍ਰਸਾਦ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਟੀਮ ਕੋਲ ਤੀਜਾ ਜਾਂ ਚੌਥਾ ਤੇਜ਼ ਗੇਂਦਬਾਜ਼ ਉਸ ਪੱਧਰ ਦਾ ਹੈ ਜਿਹੜਾ ਨਵੀਂ ਗੇਂਦ ਨਾਲ ਬਣਾਏ ਗਏ ਦਬਾਅ ਨੂੰ ਬਰਕਰਾਰ ਰੱਖ ਸਕਦਾ ਹੈ, ਜਦਕਿ ਹਰ ਹਾਲਾਤ ’ਚ ਲਗਪਗ 350 ਦੌੜਾਂ ਬਣਾਉਣ ਦੀ ਸਮਰੱਥਾ ਵਾਲੀ ਬੱਲੇਬਾਜ਼ੀ ਇਕਾਈ ਵੀ ਹੈ।

ਪ੍ਰਸਾਦ ਨੇ ਕਿਹਾ, ‘ਪਿੱਚ ਭਾਵੇਂ ਬੱਲੇਬਾਜ਼ੀ ਲਈ ਆਸਾਨ ਹੋਵੇ ਜਾਂ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਹੋਵੇ, ਭਾਰਤੀ ਟੀਮ ਕੋਲ ਦਬਦਬਾ ਬਣਾਉਣ ਦੀ ਸਮਰੱਥਾ ਹੈ। ਪਿਛਲੀ ਸਦੀ ਦੇ ਆਖ਼ਰੀ ਦਹਾਕੇ ਅਤੇ ਇਸ ਸਦੀ ਦੇ ਪਹਿਲੇ ਦਹਾਕੇ ਦੀ ਸ਼ੁਰੂਆਤ ਵਿਚ ਟੀਮ ਕੋਲ ਦੋ ਚੰਗੇ ਤੇਜ਼ ਗੇਂਦਬਾਜ਼ ਹੁੰਦੇ ਸਨ, ਪਰ ਤੀਜਾ ਜਾਂ ਚੌਥਾ ਬਦਲ ਓਨਾ ਮਜ਼ਬੂਤ ਨਹੀਂ ਹੁੰਦਾ ਸੀ। ਹੁਣ ਟੀਮ ਵਿਚ ਉਹ ਤਾਕਤ ਹੈ ਅਤੇ ਕੁਝ ਬਹੁਤ ਚੰਗੇ ਆਲਰਾਊਂਡਰ ਹਨ। ਸਾਡੇ ਕੋਲ ਹਮੇਸ਼ਾ ਵਿਸ਼ਵ ਪੱਧਰੀ ਸਪਿੰਨਰ ਰਹੇ ਹਨ, ਪਰ ਹੁਣ ਸਾਡੇ ਕੋਲ ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ੀ ਹਮਲਾ ਵੀ ਹੈ।’ ਪ੍ਰਸਾਦ ਨੇ ਗੇਂਦਬਾਜ਼ੀ ਦੇ ਬਾਰੇ ’ਚ ਕਿਹਾ, ‘ਅਸ਼ਵਿਨ ਤੇ ਜਡੇਜਾ ਨਾਲ ਤਿੰਨ ਤੇਜ਼ ਗੇਂਦਬਾਜ਼ਾਂ ਦਾ ਤਾਲਮੇਲ ਸਭ ਤੋਂ ਵਧੀਆ ਲੱਗਦਾ ਹੈ। ਬੁਮਰਾਹ, ਸ਼ਮੀ ਤੇ ਇਸ਼ਾਂਤ ਸ਼ਰਮਾ ਨੂੰ ਵੱਖ-ਵੱਖ ਹਾਲਾਤ ’ਚ ਖੇਡਣ ਦਾ ਤਜਰਬਾ ਹੈ, ਉਹ ਆਪਣੀਆਂ ਭੂਮਿਕਾਵਾਂ ਬਾਖੂਬੀ ਜਾਣਦੇ ਹਨ। ਰਣਨੀਤੀ ਬਹੁਤ ਸਰਲ ਹੈ। ਉਥੇ ਭਾਰਤੀ ਬੱਲੇਬਾਜ਼ੀ ਦੇ ਬਾਰੇ ਵਿਚ ਪ੍ਰਸਾਦ ਨੇ ਕਿਹਾ, ‘ਸਾਡੇ ਕੋਲ ਸਕੋਰ ਬੋਰਡ ’ਤੇ 350 ਦੌੜਾਂ ਬਣਾਉਣ ਵਾਲੀ ਬੱਲੇਬਾਜ਼ੀ ਵੀ ਹੈ। ਹੁਣ ਅਸੀਂ ਸਾਰੀਆਂ ਖਾਮੀਆਂ ਨੂੰ ਦੂਰ ਕਰ ਲਿਆ ਹੈ।

Posted By: Susheel Khanna