ਬੈਂਗਲੁਰੂ (ਏਜੰਸੀ) : ਸਟੀਵ ਸਮਿਥ ਦੇ 9ਵੇਂ ਇਕ ਰੋਜ਼ਾ ਸੈਂਕੜੇ ਮਗਰੋਂ ਭਾਰਤ ਨੇ ਆਖ਼ਰੀ 10 ਓਵਰਾਂ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਫ਼ੈਸਲਾਕੁੰਨ ਤੀਜੇ ਮੈਚ ਵਿਚ ਆਸਟ੍ਰੇਲੀਆ ਨੂੰ 9 ਵਿਕਟਾਂ 'ਤੇ 286 ਦੌੜਾਂ 'ਤੇ ਰੋਕ ਦਿੱਤਾ। ਸਮਿਥ ਨੇ ਲਗਪਗ ਤਿੰਨ ਸਾਲ ਮਗਰੋਂ ਇਕ ਰੋਜ਼ਾ ਮੈਚ ਵਿਚ ਸੈਂਕੜਾ ਲਗਾਇਆ ਹੈ। ਸਮਿਥ ਨੇ 132 ਗੇਂਦਾਂ ਵਿਚ 131 ਦੌੜਾਂ ਬਣਾਈਆਂ ਪਰ ਉਨ੍ਹਾਂ ਨੂੰ ਦੂਜੇ ਪਾਸੇ ਤੋਂ ਕੋਈ ਸਹਿਯੋਗ ਨਹੀਂ ਮਿਲ ਸਕਿਆ। ਉਨ੍ਹਾਂ ਤੋਂ ਇਲਾਵਾ ਮਾਰਨਸ ਲਾਬੂਸ਼ਾਨੇ ਨੇ 64 ਗੇਂਦਾਂ ਵਿਚ 54 ਦੌੜਾਂ ਬਣਾਈਆਂ। ਮੁਹੰਮਦ ਸ਼ੰਮੀ ਨੇ ਆਖ਼ਰੀ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਸੁੱਟੀਆਂ। ਉਨ੍ਹਾਂ ਨੇ 10 ਓਵਰਾਂ ਵਿਚ 63 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਆਸਟ੍ਰੇਲੀਆ ਨੇ ਆਖ਼ਰੀ 10 ਓਵਰਾਂ ਵਿਚ 63 ਦੌੜਾਂ ਦੇ ਅੰਦਰ ਪੰਜ ਵਿਕਟਾਂ ਗੁਆ ਦਿੱਤੀਆਂ, ਜਿਸ ਨਾਲ ਆਸਟ੍ਰੇਲੀਆਈ ਟੀਮ 3000 ਦੌੜਾਂ ਦੇ ਪਾਰ ਦਾ ਸਕੋਰ ਖੜ੍ਹਾ ਨਹੀਂ ਕਰ ਸਕੀ।

ਇਸ ਤੋਂ ਪਹਿਲਾਂ ਲਗਾਤਾਰ ਤੀਜੀ ਵਾਰ ਆਸਟ੍ਰੇਲੀਆ ਨੇ ਟਾਸ ਜਿੱਤਿਆ ਪਰ ਇਸ ਵਾਰ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਕੋਹਲੀ ਨੇ ਪਿਛਲਾ ਮੈਚ ਜਿੱਤਣ ਵਾਲੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ, ਹਾਲਾਂਕਿ ਰਿਸ਼ਭ ਪੰਤ ਚੋਣ ਲਈ ਮੁਹੱਈਆ ਸਨ। ਕੇਐੱਲ ਰਾਹੁਲ ਲਗਾਤਾਰ ਦੂਜੇ ਮੈਚ ਵਿਚ ਮਾਹਿਰ ਵਿਕਟਕੀਪਰ ਦੇ ਰੂਪ ਵਿਚ ਉਤਰੇ। ਆਸਟ੍ਰੇਲੀਆ ਨੇ ਫਾਰਮ ਵਿਚ ਚੱਲ ਰਹੇ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ (03) ਤੇ ਆਰੋਨ ਫਿੰਚ (19) ਦੀ ਵਿਕਟ ਜਲਦ ਗੁਆ ਦਿੱਤੀ। ਸ਼ੰਮੀ ਨੇ ਵਾਰਨਰ ਨੂੰ ਬਾਹਰ ਜਾਂਦੀ ਬਿਹਤਰੀਨ ਗੇਂਦ 'ਤੇ ਵਾਪਸ ਭੇਜਿਆ। ਦੂਜੇ ਪਾਸੇ ਫਿੰਚ ਦੇ ਰਨ ਆਊਟ ਲਈ ਸਮਿੱਥ ਕਸੂਰਵਾਰ ਰਹੇ, ਜਿਨ੍ਹਾਂ ਨੇ ਕਪਤਾਨ ਨੂੰ ਦੌੜਾਂ ਲੈਣ ਲਈ ਬੁਲਾਇਆ ਪਰ ਬਾਅਦ ਵਿਚ ਮਨ ਬਦਲ ਦਿੱਤਾ। ਆਮ ਤੌਰ 'ਤੇ ਸ਼ਾਂਤ ਰਹਿਣ ਵਾਲੇ ਫਿੰਚ ਗੁੱਸੇ ਵਿਚ ਬੋਲਦੇ ਹੋਏ ਡ੍ਰੈਸਿੰਗ ਰੂਮ ਵਲ ਚਲੇ ਗਏ।

ਪਹਿਲੇ ਪਾਵਰਪਲੇਅ ਵਿਚ ਆਸਟ੍ਰੇਲੀਆ ਨੇ ਦੋ ਵਿਕਟਾਂ 'ਤੇ 56 ਦੌੜਾਂ ਬਣਾਈਆਂ, ਜਦ ਸਮਿੱਥ ਤੇ ਲਾਬੂਸ਼ਾਨੇ ਮੈਦਾਨ 'ਤੇ ਸਨ। ਦੋਵਾਂ ਨੇ 127 ਦੌੜਾਂ ਦੀ ਭਾਈਵਾਲੀ ਵਿਚ ਸ਼ਾਨਦਾਰ ਤਰੀਕੇ ਨਾਲ ਆਪਸੀ ਤਾਲਮੇਲ ਤੋਂ ਜਾਣੂ ਕਰਵਾਇਆ। ਰਾਜਕੋਟ ਇਕ ਰੋਜ਼ਾ ਮੈਚ ਵਿਚ 46 ਦੌੜਾਂ ਬਣਾਉਣ ਵਾਲੇ ਲਾਬੂਸ਼ਾਨੇ ਨੇ ਇਥੋਂ ਨੀਮ ਸੈਂਕੜਾ ਲਗਾਇਆ। ਉਹ ਵੱਡੀ ਪਾਰੀ ਵੱਲ ਵਧ ਰਹੇ ਸਨ ਪਰ ਕੋਹਲੀ ਨੇ ਉਨ੍ਹਾਂ ਦਾ ਸ਼ਾਨਦਾਰ ਕੈਚ ਫੜਿ੍ਹਆ। ਰਵਿੰਦਰ ਜਡੇਜਾ ਨੇ ਇਸੇ ਓਵਰ ਵਿਚ ਦੂਜੀ ਵਿਕਟ ਲਈ, ਜਦ ਐਲੇਕਸ ਕੈਰੀ ਤੋਂ ਪਹਿਲਾਂ ਭੇਜੇ ਗਏ ਮਿਸ਼ੇਲ ਸਟਾਰਕ ਨੇ ਡੀਪ ਮਿਡ ਵਿਕਟ ਵਿਚ ਕੈਚ ਲਿਆ। ਆਸਟ੍ਰੇਲੀਆ ਦਾ ਸਕੋਰ ਇਸ ਸਮੇਂ 32 ਓਵਰਾਂ ਵਿਚ ਚਾਰ ਵਿਕਟਾਂ 'ਤੇ 173 ਦੌੜਾਂ ਸੀ। ਦੂਜੇ ਪਾਸੇ ਸਮਿੱਥ ਚੰਗਾ ਖੇਡ ਰਹੇ ਸਨ ਪਰ 300 ਦੌੜਾਂ ਪਾਰ ਕਰਨ ਲਈ ਆਸਟ੍ਰੇਲੀਆ ਨੂੰ ਚੰਗੀ ਭਾਈਵਾਲੀ ਦੀ ਲੋੜ ਸੀ। ਸਮਿੱਥ ਅਤੇ ਕੈਰੀ (35) ਨੇ ਪੰਜਵੀਂ ਵਿਕਟ ਲਈ 58 ਦੌੜਾਂ ਜੋੜੀਆਂ ਪਰ ਕੈਰੀ ਜ਼ਿਆਦਾ ਦੇਰ ਟਿਕ ਨਹੀਂ ਸਕੇ।

ਦੂਜੇ ਇਕ ਰੋਜ਼ਾ ਮੈਚ ਵਿਚ ਸੈਂਕੜਾ ਬਣਾਉਣ ਲਈ ਦੋ ਦੌੜਾਂ ਤੋਂ ਵਾਂਝੇ ਰਹੇ ਸਮਿੱਥ ਨੇ ਥਰਡਮੈਨ 'ਤੇ ਇਕ ਦੌੜ ਲੈ ਕੇ ਸੈਂਕੜਾ ਲਗਾਇਆ। ਉਨ੍ਹਾਂ ਨੇ 46ਵੇਂ ਓਵਰਾਂ ਵਿਚ ਨਵਦੀਪ ਸੈਣੀ ਨੂੰ ਇਕ ਛੱਕਾ ਤੇ ਇਕ ਚੌਕਾ ਲਗਾਇਆ। ਇਸ ਮਗਰੋਂ ਬੁਮਰਾਹ ਨੂੰ ਲਗਾਤਾਰ ਦੋ ਚੌਕੇ ਲਗਾਏ। ਉਹ ਸ਼੍ਰੇਅਸ ਅਈਅਰ ਨੂੰ ਕੈਚ ਦੇ ਬੈਠੇ। ਸ਼ੰਮੀ ਨੇ ਆਖਰੀ ਓਵਰਾਂ ਵਿਚ ਕਮਿੰਸ ਤੇ ਐਡਮ ਜਾਂਪਾ ਨੂੰ ਬੋਲਡ ਕੀਤਾ।

ਧਵਨ ਦੇ ਮੋਢੇ ਦੀ ਹੋਵੇਗੀ ਸਕੈਨ

ਬੈਂਗਲੁਰੂ : ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਇਥੇ ਆਸਟ੍ਰੇਲੀਆ ਖ਼ਿਲਾਫ਼ ਤੀਜੇ ਇਕ ਰੋਜ਼ਾ ਮੈਚ ਵਿਚ ਜ਼ਖ਼ਮੀ ਹੋ ਗਏ। ਫੀਲਡਿੰਗ ਦੌਰਾਨ ਉਨ੍ਹਾਂ ਦੇ ਖੱਬੇ ਮੋਢੇ 'ਤੇ ਸੱਟ ਲੱਗ ਗਈ। ਬੀਸੀਸੀਆਈ ਵੱਲੋਂ ਜਾਰੀ ਬਿਆਨ ਵਿਚ ਕਿਹਾ ਕਿ ਮੈਚ ਵਿਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਫ਼ੈਸਲਾ ਉਨ੍ਹਾਂ ਦੀ ਸੱਟ ਦੇਖਣ ਤੋਂ ਬਾਅਦ ਕੀਤਾ ਜਾਵੇਗਾ।

ਆਸਟ੍ਰੇਲੀਆ ਪਾਰੀ ਦੇ ਪੰਜਵੇਂ ਓਵਰ ਵਿਚ ਧਵਨ ਕਵਰ ਖੇਤਰ ਵਿਚ ਫੀਲਡਿੰਗ ਕਰ ਰਹੇ ਸਨ ਤੇ ਉਨ੍ਹਾਂ ਨੇ ਆਰੋਨ ਫਿੰਚ ਦੇ ਸ਼ਾਟ ਨੂੰ ਰੋਕਣ ਲਈ ਛਾਲ ਮਾਰੀ, ਜਿਸ ਨਾਲ ਉਨ੍ਹਾਂ ਦਾ ਖੱਬਾ ਮੋਢਾ ਜ਼ਖ਼ਮੀ ਹੋ ਗਿਆ। ਬੀਸੀਸੀਆਈ ਨੇ ਕਿਹਾ ਕਿ ਧਵਨ ਨੂੰ ਐਕਸਰੇ ਲਈ ਲੈ ਜਾਇਆ ਗਿਆ। ਮੈਚ ਵਿਚ ਉਨ੍ਹਾਂ ਦੀ ਸ਼ਮੂਲੀਅਤ 'ਤੇ ਫ਼ੈਸਲਾ ਵਾਪਸ ਆਉਣ ਤੋਂ ਬਾਅਦ ਲਿਆ ਜਾਵੇਗਾ।

ਉਨ੍ਹਾਂ ਦੇ ਬਾਹਰ ਜਾਣ ਤੋਂ ਬਾਅਦ ਯੁਜਵਿੰਦਰਾ ਸਿੰਘ ਚਾਹਲ ਮੈਦਾਨ 'ਤੇ ਫੀਲਡਿੰਗ ਕਰ ਰਹੇ ਸਨ। 34 ਸਾਲ ਦਾ ਇਹ ਖਿਡਾਰੀ ਦੂਜੇ ਇਕ ਰੋਜ਼ਾ ਮੈਚ ਵਿਚ ਬੱਲੇਬਾਜ਼ੀ ਦੌਰਾਨ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਬਾਊਂਸਰ ਪਸਲੀ 'ਤੇ ਲੱਗਣ ਮਗਰੋਂ ਫੀਲਡਿੰਗ ਦੌਰਾਨ ਮੈਦਾਨ ਤੋਂ ਬਾਹਰ ਸਨ।

ਨਾਦਕਰਨੀ ਦੇ ਸਨਮਾਨ 'ਚ ਕਾਲੀ ਪੱਟੀ ਬੰਨ੍ਹ ਕੇ ਖੇਡੀ ਭਾਰਤੀ ਟੀਮ

ਬੈਂਗਲੁਰੂ (ਏਜੰਸੀ) : ਭਾਰਤੀ ਟੀਮ ਐਤਵਾਰ ਨੂੰ ਇਥੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਆਸਟ੍ਰੇਲੀਆ ਖ਼ਿਲਾਫ਼ ਤੀਜੇ ਅਤੇ ਫ਼ੈਸਲਾ ਇਕ ਰੋਜ਼ਾ ਮੈਚ ਵਿਚ ਸਵ. ਬਾਪੂ ਨਾਦਕਰਨੀ ਦੇ ਸਨਮਾਨ ਵਿਚ ਆਪਣੀਆਂ ਬਾਂਹਾਂ 'ਤੇ ਕਾਲੀ ਪੱਟੀ ਬੰਨ੍ਹ ਕੇ ਮੈਚ ਖੇਡਣ ਲਈ ਮੈਦਾਨ 'ਤੇ ਉਤਰੀ। ਸਾਬਕਾ ਭਾਰਤੀ ਹਰਫਨਮੌਲਾ ਬਾਪੂ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ। ਉਹ 86 ਸਾਲ ਦੇ ਸਨ।

ਕੋਹਲੀ ਨੇ ਸ਼ਾਨਦਾਰ ਕੈਚ ਫੜਿਆ

ਬੈਂਗਲੁਰੂ : ਮੈਚ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਕੈਚ ਫੜਿਆ। ਆਸਟ੍ਰੇਲੀਆ ਦੀ ਪਾਰੀ ਦਾ 32ਵਾਂ ਓਵਰ ਚੱਲ ਰਿਹਾ ਸੀ ਜਦ ਰਵਿੰਦਰ ਜਡੇਜਾ ਦੀ ਗੇਂਦ 'ਤੇ ਮਾਰਨਸ ਲਾਬੂਸ਼ਾਨੇ ਨੇ ਕਵਰ ਡਰਾਈਵ ਖੇਡਿਆ। ਗੇਂਦ ਦੀ ਰਫ਼ਤਾਰ ਕਾਫੀ ਤੇਜ਼ ਸੀ ਅਤੇ ਲਾਬੂਸ਼ਾਨੇ ਗੇਂਦ 'ਤੇ ਕੰਟਰੋਲ ਨਹੀਂ ਕਰ ਪਾਏ। ਕੋਹਲੀ ਨੇ ਤੇਜ਼ੀ ਨਾਲ ਇਸ ਕੈਚ ਨੂੰ ਫੜ ਲਿਆ। ਇਸ ਮਗਰੋਂ ਕੋਹਲੀ ਨੇ ਟੋਪੀ ਉਤਾਰ ਕੇ ਦਰਸ਼ਕਾਂ ਦਾ ਸ਼ੁਕਰੀਆ ਕੀਤਾ। ਮਨੀਸ਼ ਪਾਂਡੇ ਨੇ ਡੇਵਿਡ ਵਾਰਨਰ ਦਾ ਵੀ ਇਕ ਹੱਥ ਨਾਲ ਸ਼ਾਨਦਾਰ ਕੈਚ ਫੜਿਆ ਸੀ।