ਨਵੀਂ ਦਿੱਲੀ (ਪੀਟੀਆਈ) : ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ 'ਚ ਸੁਧਾਰ ਹੋਣ ਤੋਂ ਬਾਅਦ ਭਾਰਤ ਤੇ ਦੱਖਣੀ ਅਫਰੀਕਾ ਪਹਿਲਾਂ ਹੋਏ ਸਮਝੌਤੇ ਤਹਿਤ ਅਗਸਤ ਦੇ ਅਖੀਰ 'ਚ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡ ਸਕਦੇ ਹਨ।

ਹਾਲੇ ਇਸ ਸੀਰੀਜ਼ ਦਾ ਪ੍ਰਰੋਗਰਾਮ ਅਗਸਤ ਦੇ ਅਖੀਰ 'ਚ ਤੈਅ ਹੈ ਪਰ ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੇ ਮੁੱਖ ਕਾਰਜਕਾਰੀ ਜਾਕ ਫਾਲ ਨੇ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ ਤੇ ਸੀਐੱਸਏ ਨੂੰ ਬਾਅਦ ਦੀਆਂ ਤਰੀਕਾਂ 'ਚ ਇਸ ਸੀਰੀਜ਼ ਨੂੰ ਕਰਵਾਉਣ 'ਤੇ ਇਤਰਾਜ਼ ਨਹੀਂ ਹੈ। ਫਾਲ ਨੇ ਕਿਹਾ ਕਿ ਭਾਰਤ ਆਪਣੇ ਸਮਝੌਤੇ ਦਾ ਸਨਮਾਨ ਕਰਨਾ ਚਾਹੁੰਦਾ ਹੈ। ਜੇ ਇਹ ਸੀਰੀਜ਼ ਮੁਲਤਵੀ ਹੁੰਦੀ ਹੈ ਤਾਂ ਇਸ ਨੂੰ ਬਾਅਦ 'ਚ ਕਰਵਾਇਆ ਜਾ ਸਕਦਾ ਹੈ। ਸੀਐੱਸਏ ਅਧਿਕਾਰੀ ਨੇ ਕਿਹਾ ਕਿ ਸਾਡੀ ਬੀਸੀਸੀਆਈ ਨਾਲ ਗੱਲਬਾਤ ਬਹੁਤ ਚੰਗੀ ਰਹੀ। ਇਹ ਸੀਰੀਜ਼ ਭਾਰਤ ਤੇ ਦੱਖਣੀ ਅਫਰੀਕਾ ਦੋਵਾਂ ਦੇਸ਼ਾਂ ਦੀ ਸਰਕਾਰ ਦੀ ਮਨਜ਼ੂਰੀ 'ਤੇ ਨਿਰਭਰ ਕਰੇਗੀ। ਫਾਲ ਨੇ ਕਿਹਾ ਕਿ ਉਨ੍ਹਾਂ ਦੱਖਣੀ ਅਫਰੀਕੀ ਸਰਕਾਰ ਤੋਂ ਮਨਜ਼ੂਰੀ ਲੈਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਖਣੀ ਅਫਰੀਕੀ ਕ੍ਰਿਕਟ ਬੋਰਡ ਨੇ ਦੱਸਿਆ ਕਿ ਉਹ ਇਸ ਸੀਰੀਜ਼ ਲਈ ਨਵੀਆਂ ਤਰੀਕਾਂ ਤੈਅ ਕਰਨ 'ਚ ਲੱਗਾ ਹੈ। ਇਸ ਦੌਰੇ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਵੈਸਟਇੰਡੀਜ਼ ਦਾ ਦੌਰਾ ਕਰਨਾ ਹੈ। ਭਾਰਤ ਨਾਲ ਸੀਰੀਜ਼ ਲਈ ਉਸ ਨੂੰ ਵੈਸਟਇੰਡੀਜ਼ ਦੌਰੇ ਦੀਆਂ ਤਰੀਕਾ ਨਾਲ ਤਾਲਮੇਲ ਕਰਨਾ ਪਵੇਗਾ।


ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਨੂੰ ਵਨਡੇ ਸੀਰੀਜ਼ ਲਈ ਸ੍ਰੀਲੰਕਾ ਦਾ ਦੌਰਾ ਵੀ ਕਰਨਾ ਸੀ ਜਿਸ ਨੂੰ ਉਹ ਪਹਿਲਾਂ ਹੀ ਟਾਲ ਚੁੱਕਾ ਹੈ। ਦੱਖਣੀ ਅਫਰੀਕਾ ਕ੍ਰਿਕਟ ਬੋਰਡ ਦੇ ਨਿਰਦੇਸ਼ਕ ਗ੍ਰੀਮ ਸਮਿਥ ਨੇ ਦੱਸਿਆ ਕਿ ਅਫਰੀਕੀ ਕ੍ਰਿਕਟ ਬੋਰਡ ਇਸ ਸੀਰੀਜ਼ ਲਈ ਬੀਸੀਸੀਆਈ ਨਾਲ ਲਗਾਤਾਰ ਸੰਪਰਕ ਕਰ ਰਿਹਾ ਹੈ। ਸਮਿਥ ਨੇ ਦੱਸਿਆ ਕਿ ਅਸੀਂ ਉਨ੍ਹਾਂ ਨਾਲ ਗੱਲ ਕਰ ਚੁੱਕੇ ਹਾਂ ਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣ ਲਈ ਉਨ੍ਹਾਂ ਹਾਮੀ ਭਰੀ ਹੈ। ਸਾਬਕਾ ਦੱਖਣੀ ਅਫਰੀਕੀ ਕਪਤਾਨ ਨੇ ਕਿਹਾ ਕਿ ਇਸ ਟੂਰ ਬਾਰੇ ਥੋੜੀ-ਬਹੁਤ ਹਾਂ-ਨਾਂਹ ਦੀ ਸਥਿਤੀ ਰਹੇਗੀ ਕਿਉਂਕਿ ਕੋਈ ਨਹੀਂ ਜਾਣਦਾ ਕਿ ਅਗਸਤ ਤਕ ਹਾਲਾਤ ਕਿਹੋ ਜਿਹੇ ਹੋਣਗੇ।


ਦੂਜੇ ਪਾਸੇ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਸੀਰੀਜ਼ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ ਖਿਡਾਰੀਆਂ ਨੂੰ ਗ੍ਰੀਨ ਜ਼ੋਨ 'ਚ ਅਨੁਕੂਲ ਕੈਂਪ 'ਚ ਰੱਖਣਾ ਹੋਵੇਗਾ। ਪੱਕੇ ਤੌਰ 'ਤੇ ਜੇ ਚੀਜ਼ਾਂ ਸਹੀ ਰਸਤੇ 'ਤੇ ਅੱਗੇ ਵਧਦੀਆਂ ਹਨ ਤਾਂ ਅਸੀਂ ਦੱਖਣੀ ਅਫਰੀਕਾ 'ਚ ਖੇਡਾਂਗੇ। ਬੀਸੀਸੀਆਈ ਦਾ ਇਸ ਦੁਵੱਲੀ ਸੀਰੀਜ਼ 'ਤੇ ਸਹਿਮਤ ਹੋਣ ਦਾ ਮਤਲਬ ਹੈ ਕਿ ਜੇ ਅਕਤੂਬਰ-ਨਵੰਬਰ 'ਚ ਟੀ-20 ਵਿਸ਼ਵ ਕੱਪ ਦੀ ਬਜਾਏ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਨੂੰ ਸੀਐੱਸਏ ਦਾ ਸਮਰਥਨ ਮਿਲੇਗਾ।


ਮਾਨਸੂਨ ਤੋਂ ਬਾਅਦ ਹੀ ਸ਼ੁਰੂ ਹੋਵੇਗੀ ਕ੍ਰਿਕਟ : ਜੌਹਰੀ


ਨਵੀਂ ਦਿੱਲੀ : ਬੀਸੀਸੀਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਨੇ ਕਿਹਾ ਕਿ ਗੰਭੀਰ ਕ੍ਰਿਕਟ ਸਰਗਰਮੀਆਂ ਮਾਨਸੂਨ ਤੋਂ ਬਾਅਦ ਹੀ ਸ਼ੁਰੂ ਹੋ ਸਕਣਗੀਆਂ ਪਰ ਉਹ ਇਸ ਸਾਲ ਆਈਪੀਐੱਲ ਪ੍ਰਤੀ ਕਾਫੀ ਆਸਵੰਦ ਹਨ। ਜੌਹਰੀ ਨੇ ਕਿਹਾ ਕਿ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਤੇ ਕੋਵਿਡ-19 ਮਹਾਮਾਰੀ ਕਾਰਨ ਇਹ ਫ਼ੈਸਲਾ ਨਿੱਜੀ ਤੌਰ 'ਤੇ ਖਿਡਾਰੀਆਂ 'ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਸਰਬੋਤਮ ਕੀ ਹੈ।


ਜੌਹਰੀ ਨੇ ਕਿਹਾ ਕਿਹਾ ਕਿ ਹਰ ਵਿਅਕਤੀ ਦਾ ਆਪਣੀ ਸੁਰੱਖਿਆ 'ਤੇ ਫੈਸਲਾ ਕਰਨ ਦਾ ਅਧਿਕਾਰ ਹੈ ਤੇ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ। ਉੁਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਭਾਰਤੀ ਸਰਕਾਰ ਸਾਡਾ ਮਾਰਗਦਰਸ਼ਨ ਕਰੇਗੀ ਤੇ ਅਸੀਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਾਂਗੇ। ਵਿਵਹਾਰਕ ਤੌਰ 'ਤੇ ਗੰਭੀਰ ਕ੍ਰਿਕਟ ਸਰਗਰਮੀਆਂ ਮਾਨਸੂਨ ਤੋਂ ਬਾਅਦ ਹੀ ਸ਼ੁਰੂ ਹੋ ਸਕਣਗੀਆਂ। ਭਾਰਤ 'ਚ ਮਾਨਸੂਨ ਜੂਨ ਤੋਂ ਸਤੰਬਰ ਤਕ ਰਹਿੰਦਾ ਹੈ। ਇਸ ਤਰ੍ਹਾਂ ਦੀਆਂ ਅਟਕਲਾਂ ਹਨ ਕਿ ਜੇ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਲ ਨੂੰ ਮੁਲਤਵੀ ਕੀਤਾ ਜਾਂਦਾ ਹੈ ਤਾਂ ਆਈਪੀਐੱਲ ਅਕਤੂਬਰ-ਨਵੰਬਰ 'ਚ ਕਰਵਾਇਆ ਜਾ ਸਕਦਾ ਹੈ। ਜੌਹਰੀ ਨੇ ਕਿਹਾ ਕਿ ਉਮੀਦ ਹੈ ਕਿ ਚੀਜ਼ਾਂ 'ਚ ਸੁਧਾਰ ਹੋਵੇਗਾ ਤੇ ਅਸੀਂ ਹਾਲਾਤ ਮੁਤਾਬਕ ਫ਼ੈਸਲਾ ਕਰਾਂਗੇ।


ਆਈਪੀਐੱਲ ਦੇ ਸਬੰਧ 'ਚ ਜੌਹਰੀ ਨੇ ਕਿਹਾ ਕਿ ਉਹ ਸਿਰਫ ਭਾਰਤੀ ਖਿਡਾਰੀਆਂ ਨਾਲ ਟੂਰਨਾਮੈਂਟ ਕਰਵਾਉਣ ਦੇ ਹੱਕ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਆਈਪੀਐੱਲ ਦਾ ਮਜ਼ਾ ਦੁਨੀਆ ਭਰ ਦੇ ਸਰਬੋਤਮ ਖਿਡਾਰੀਆਂ ਦੇ ਇੱਥੇ ਖੇਡਣ 'ਚ ਹੈ ਤੇ ਸਾਰੇ ਇਸ ਅਹਿਮੀਅਤ ਪ੍ਰਤੀ ਵਚਨਬੱਧ ਹਨ।

Posted By: Rajnish Kaur