ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਇੰਗਲੈਂਡ ਖ਼ਿਲਾਫ਼ ਪਿਛਲੀ ਸੀਰੀਜ਼ ਦੇ ਦੁਬਾਰਾ ਤੈਅ ਕੀਤੇ ਪੰਜਵੇਂ ਟੈਸਟ ਤੋਂ ਪਹਿਲਾਂ ਲੈਸਟਰ ਵਿਚ ਵੀਰਵਾਰ ਤੋਂ ਲੈਸਟਰਸ਼ਾਇਰ ਕਾਊਂਟੀ ਖ਼ਿਲਾਫ਼ ਸ਼ੁਰੂ ਇੱਕੋ-ਇਕ ਅਭਿਆਸ ਮੈਚ ਦੇ ਪਹਿਲੇ ਦਿਨ ਭਾਰਤੀ ਬੱਲੇਬਾਜ਼ਾਂ ਦੀ ਤਿਆਰੀ ਦੀ ਪੋਲ ਖੁੱਲ੍ਹ ਗਈ ਹੈ। ਭਾਰਤ ਨੇ ਬਾਰਿਸ਼ ਨਾਲ ਪ੍ਰਭਾਵਿਤ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ 60.2 ਓਵਰਾਂ ਵਿਚ ਅੱਠ ਵਿਕਟਾਂ 'ਤੇ 246 ਦੌੜਾਂ ਬਣਾਈਆਂ। ਉਸ ਸਮੇਂ ਸ਼੍ਰੀਕਰ ਭਰਤ 111 ਗੇਂਦਾਂ ਵਿਚ ਅੱਠ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 70 ਦੌੜਾਂ ਬਣਾ ਕੇ ਖੇਡ ਰਹੇ ਸਨ ਜਦਕਿ ਮੁਹੰਮਦ ਸ਼ਮੀ 18 ਦੌੜਾਂ ਬਣਾ ਕੇ ਉਨ੍ਹਾਂ ਦਾ ਸਾਥ ਨਿਭਾਅ ਰਹੇ ਸਨ। ਲੈਸਟਰਸ਼ਾਇਰ ਵੱਲੋਂ ਤੇਜ਼ ਗੇਂਦਬਾਜ਼ ਰੋਮਨ ਵਾਕਰ ਨੇ 24 ਦੌੜਾਂ ਦੇ ਕੇ ਪੰਜ ਵਿਕਟਾਂ ਆਪਣੇ ਨਾਂ ਕੀਤੀਆਂ।

ਭਾਰਤੀ ਟੀਮ ਦੇ ਸਟਾਰ ਖਿਡਾਰੀ ਚੇਤੇਸ਼ਵਰ ਪੁਜਾਰਾ, ਰਿਸ਼ਭ ਪੰਤ, ਜਸਪ੍ਰਰੀਤ ਬੁਮਰਾਹ ਤੇ ਪ੍ਰਸਿੱਧ ਕ੍ਰਿਸ਼ਨਾ ਇਸ ਮੈਚ ਵਿਚ ਲੈਸਟਰਸ਼ਾਇਰ ਵੱਲੋਂ ਖੇਡਣ ਉਤਰੇ। ਲੈਸਟਰ ਕਾਊਂਟੀ, ਬੀਸੀਸੀਆਈ ਤੇ ਇੰਗਲੈਂਡ ਬੋਰਡ ਨੇ ਇਨ੍ਹਾਂ ਚਾਰ ਖਿਡਾਰੀਆਂ ਨੂੰ ਲੈਸਟਰਸ਼ਾਇਰ ਦੀ ਟੀਮ ਦਾ ਹਿੱਸਾ ਬਣਨ ਦੀ ਇਜਾਜ਼ਤ ਦੇ ਦਿੱਤੀ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਕਪਤਾਨ ਰੋਹਿਤ ਸ਼ਰਮਾ (25) ਤੇ ਸ਼ੁਭਮਨ ਗਿੱਲ (21) ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ ਦਿਵਾਈ।

ਹਾਲਾਂਕਿ ਗਿੱਲ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਪਰ ਆਫ ਸਟੰਪ ਤੋਂ ਬਾਹਰ ਜਾਂਦੀਆਂ ਗੇਂਦਾਂ 'ਤੇ ਮੁਸ਼ਕਲ 'ਚ ਨਜ਼ਰ ਆਏ। ਉਹ ਵਿਲ ਡੇਵਿਸ ਦੀ ਗੇਂਦ 'ਤੇ ਇਕ ਖ਼ਰਾਬ ਸ਼ਾਟ ਖੇਡ ਕੇ ਆਊਟ ਹੋਏ। ਰੋਹਿਤ ਨੇ ਕੁਝ ਚੰਗੇ ਸ਼ਾਟ ਲਾਏ। ਲੱਗ ਰਿਹਾ ਸੀ ਕਿ ਉਹ ਵੱਡੀ ਪਾਰੀ ਖੇਡਣਗੇ ਪਰ ਉਹ ਵਾਕਰ ਦੀ ਉਛਾਲ ਲੈਂਦੀ ਗੇਂਦ 'ਤੇ ਪੁੱਲ ਸ਼ਾਟ ਖੇਡਦੇ ਹੋਏ ਬਾਊਂਡਰੀ 'ਤੇ ਆਪਣਾ ਕੈਚ ਦੇ ਬੈਠੇ। ਹਨੂਮਾ ਵਿਹਾਰੀ (03), ਸ਼੍ਰੇਅਸ ਅਈਅਰ (00) ਤੇ ਰਵਿੰਦਰ ਜਡੇਜਾ (13) ਦੇ ਜਲਦੀ ਆਊਟ ਹੋਣ ਨਾਲ ਭਾਰਤ ਦਾ ਸਕੋਰ ਪੰਜ ਵਿਕਟਾਂ 'ਤੇ 81 ਦੌੜਾਂ ਹੋ ਗਿਆ। ਹਨੂਮਾ ਤੇ ਜਡੇਜਾ ਨੂੰ ਵਾਕਰ ਨੇ ਪਵੇਲੀਅਨ ਭੇਜਿਆ ਜਦਕਿ ਸ਼੍ਰੇਅਸ ਨੂੰ ਪ੍ਰਸਿੱਧ ਨੇ ਆਊਟ ਕੀਤਾ। ਵਿਰਾਟ ਕੋਹਲੀ ਨੇ ਸ਼੍ਰੀਕਰ ਭਰਤ ਦੇ ਨਾਲ ਮਿਲ ਕੇ ਸਕੋਰ ਨੂੰ ਪੰਜ ਵਿਕਟਾਂ 'ਤੇ 133 ਦੌੜਾਂ ਤਕ ਪਹੁੰਚਾਇਆ ਸੀ ਕਿ ਤਦ ਬਾਰਿਸ਼ ਆ ਗਈ ਤੇ ਮੈਚ ਰੋਕਣਾ ਪਿਆ। ਬਾਰਿਸ਼ ਰੁਕਣ ਤੋਂ ਬਾਅਦ ਜਦ ਦੁਬਾਰਾ ਮੈਚ ਸ਼ੁਰੂ ਹੋਇਆ ਤਾਂ ਵਾਕਰ ਨੇ ਕੋਹਲੀ ਨੂੰ ਪਵੇਲੀਅਨ ਭੇਜ ਕੇ ਭਾਰਤ ਨੂੰ ਜ਼ੋਰਦਾਰ ਝਟਕਾ ਦਿੱਤਾ।

ਕੋਹਲੀ 69 ਗੇਂਦਾਂ 'ਤੇ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 33 ਦੌੜਾਂ ਬਣਾ ਕੇ ਆਊਟ ਹੋਏ। ਕੁਝ ਦੇਰ ਬਾਅਦ ਵਾਕਰ ਨੇ ਸ਼ਾਰਦੁਲ ਠਾਕੁਰ (06) ਨੂੰ ਬੋਲਡ ਕਰ ਕੇ ਆਪਣਾ ਪੰਜਵੀਂ ਵਿਕਟ ਲਈ। ਸ਼੍ਰੀਕਰ ਨੇ ਉਮੇਸ਼ ਯਾਦਵ ਨਾਲ ਅੱਠਵੀਂ ਵਿਕਟ ਲਈ 66 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਨੂੰ ਡੇਵਿਸ ਨੇ ਉਮੇਸ਼ ਨੂੰ ਆਊਟ ਕਰ ਕੇ ਤੋੜਿਆ। ਇਸ ਤੋਂ ਬਾਅਦ ਸ਼੍ਰੀਕਰ ਤੇ ਸ਼ਮੀ ਵਿਚਾਲੇ ਇਕ ਚੰਗੀ ਭਾਈਵਾਲੀ ਬਣ ਰਹੀ ਸੀ ਪਰ ਬਾਰਿਸ਼ ਨੇ ਖੇਡ ਰੋਕ ਦਿੱਤੀ ਤੇ ਉਸ ਤੋਂ ਬਾਅਦ ਖੇਡ ਦੁਬਾਰਾ ਸ਼ੁਰੂ ਨਹੀਂ ਹੋ ਸਕੀ।

Posted By: Gurinder Singh