ਬੈਂਗਲੁਰੂ (ਪੀਟੀਆਈ) : ਵਿਦਰਭ ਦੇ ਆਫ ਸਪਿੰਨਰ ਅਕਸ਼ੇ ਵਖਾਰੇ ਦੀਆਂ ਪੰਜ ਵਿਕਟਾਂ ਦੀ ਬਦੌਲਤ ਇੰਡੀਆ ਰੈੱਡ ਨੇ ਇੱਥੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਖੇਡੇ ਗਏ ਦਲੀਪ ਟਰਾਫੀ ਫਾਈਨਲ ਦੇ ਚੌਥੇ ਦਿਨ ਸ਼ਨਿਚਰਵਾਰ ਨੂੰ ਇੰਡੀਆ ਗ੍ਰੀਨ ਨੂੰ ਪਾਰੀ ਤੇ 38 ਦੌੜਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਇੰਡੀਆ ਰੈੱਡ ਨੇ ਚੌਥੇ ਦਿਨ ਛੇ ਵਿਕਟਾਂ 'ਤੇ 345 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸ ਦੀ ਪਹਿਲੀ ਪਾਰੀ 388 ਦੌੜਾਂ 'ਤੇ ਸਮਾਪਤ ਹੋਈ ਜਿਸ ਨਾਲ ਉਸ ਨੂੰ ਇੰਡੀਆ ਗ੍ਰੀਨ 'ਤੇ ਪਹਿਲੀ ਪਾਰੀ ਦੇ ਆਧਾਰ 'ਤੇ 158 ਦੌੜਾਂ ਦੀ ਵੱਡੀ ਬੜ੍ਹਤ ਮਿਲੀ। ਇੰਡੀਆ ਗ੍ਰੀਨ ਨੇ ਪਹਿਲੀ ਪਾਰੀ ਵਿਚ 231 ਦੌੜਾਂ ਬਣਾਈਆਂ ਸਨ। ਉਸ ਦੀ ਟੀਮ ਆਪਣੀ ਦੂਜੀ ਪਾਰੀ ਵਿਚ 39.5 ਓਵਰਾਂ ਵਿਚ 119 ਦੌੜਾਂ 'ਤੇ ਸਿਮਟ ਗਈ। ਇੰਡੀਆ ਗ੍ਰੀਨ ਲਈ ਦੂਜੀ ਪਾਰੀ ਵਿਚ ਸਿੱਧੇਸ਼ ਲਾਡ ਨੇ ਸਭ ਤੋਂ ਜ਼ਿਆਦਾ 42, ਅਕਸ਼ੈ ਰੈੱਡੀ ਨੇ 33 ਤੇ ਕਪਤਾਨ ਫ਼ੈਜ਼ ਫ਼ਜ਼ਲ ਨੇ 10 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਦਹਾਈ ਦੇ ਅੰਕੜੇ ਤਕ ਨਹੀਂ ਪੁੱਜ ਸਕਿਆ। ਇੰਡੀਆ ਰੈੱਡ ਵੱਲੋਂ ਅਕਸ਼ੇ ਵਖਾਰੇ ਨੇ ਸਭ ਤੋਂ ਜ਼ਿਆਦਾ ਪੰਜ, ਆਵੇਸ਼ ਖ਼ਾਨ ਨੇ ਤਿੰਨ ਤੇ ਜੈਦੇਵ ਉਨਾਦਕਟ ਨੇ ਇਕ ਵਿਕਟ ਲਈ। ਇਸ ਤੋਂ ਪਹਿਲਾਂ ਸਵੇਰੇ ਇੰਡੀਆ ਰੇੱਡ ਵੱਲੋਂ ਆਦਿਤਿਆ ਸਰਵਟੇ ਨੇ 30 ਤੇ ਜੈਦੇਵ ਉਨਾਦਕਟ ਨੇ 10 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਸਰਵਟੇ 38 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਉਨਾਦਕਟ 30 ਦੌੜਾਂ ਬਣਾ ਕੇ ਅਜੇਤੂ ਮੁੜੇ। ਆਵੇਸ਼ ਖ਼ਾਨ ਨੇ 12 ਦੌੜਾਂ ਦਾ ਯੋਗਦਾਨ ਦਿੱਤਾ। ਇੰਡੀਆ ਗ੍ਰੀਨ ਵੱਲੋਂ ਅੰਕਿਤ ਰਾਜਪੂਤ ਤੇ ਧਰਮਿੰਦਰ ਸਿੰਘ ਜਡੇਜਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਤਨਵੀਰ ਉਲ ਹਕ ਨੂੰ ਦੋ ਤੇ ਮਯੰਕ ਮਾਰਕੰਡੇ ਤੇ ਧਰੁਵ ਸ਼ੌਰੀ ਨੂੰ ਇਕ ਇਕ ਵਿਕਟ ਮਿਲੀ।

ਅਭਿਮਨਿਊ ਬਣੇ ਮੈਨ ਆਫ ਦਾ ਮੈਚ

ਮੈਚ 'ਚ 153 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਇੰਡੀਆ ਰੈੱਡ ਦੇ ਬੱਲੇਬਾਜ਼ ਅਭਿਮਨਿਊ ਈਸ਼ਵਰਨ ਨੂੰ ਮੈਨ ਆਫ ਦਾ ਮੈਚ ਦਾ ਪੁਰਸਕਾਰ ਮਿਲਿਆ।