ਨਵੀਂ ਦਿੱਲੀ (ਪੀਟੀਆਈ) : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਇਕ ਸੁਝਾਅ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਕਰਵਾਈ ਜਾਣੀ ਚਾਹੀਦੀ ਹੈ ਤੇ ਇਸ ਨਾਲ ਜੋ ਫੰਡ ਇਕੱਠਾ ਹੋਵੇਗਾ ਉਸ ਦਾ ਇਸਤੇਮਾਲ ਦੋਵੇਂ ਦੇਸ਼ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਇਸਤੇਮਾਲ ਕਰ ਸਕਦੇ ਹਨ।

ਦੋਵਾਂ ਦੇਸ਼ਾਂ ਵਿਚਾਲੇ ਸਾਲ 2007 ਤੋਂ ਬਾਅਦ ਤੋਂ ਕੋਈ ਵੀ ਪੂਰੀ ਸੀਰੀਜ਼ ਨਹੀਂ ਕਰਵਾਈ ਗਈ ਹੈ। ਦੋਵੇਂ ਦੇਸ਼ ਸਿਰਫ਼ ਆਈਸੀਸੀ ਟੂਰਨਾਮੈਂਟ ਤੇ ਏਸ਼ੀਆ ਕੱਪ ਵਿਚ ਹੀ ਇਕ-ਦੂਜੇ ਖ਼ਿਲਾਫ਼ ਖੇਡਦੇ ਹਨ। ਸ਼ੋਇਬ ਅਖ਼ਤਰ ਨੇ ਕਿਹਾ ਕਿ ਇਸ ਮੁਸ਼ਕਲ ਹਾਲਾਤ ਵਿਚ ਮੈਂ ਤਿੰਨ ਮੈਚਾਂ ਦੀ ਸੀਰੀਜ਼ ਦਾ ਪ੍ਰਸਤਾਵ ਰੱਖਣਾ ਚਾਹੁੰਦਾ ਹਾਂ ਜਿਸ ਵਿਚ ਦੋਵਾਂ ਦੇਸ਼ਾਂ ਦੇ ਲੋਕ ਮੈਚ ਦੇ ਨਤੀਜੇ ਤੋਂ ਪਰੇਸ਼ਾਨ ਨਹੀਂ ਹੋਣਗੇ। ਜੇ ਵਿਰਾਟ ਸੈਂਕੜਾ ਲਾਉਂਦੇ ਹਨ ਤਾਂ ਅਸੀਂ ਖ਼ੁਸ਼ ਹੋਵਾਂਗੇ ਤੇ ਬਾਬਰ ਆਜ਼ਮ ਸੈਂਕੜੇ ਵਾਲੀ ਪਾਰੀ ਖੇਡਦੇ ਹਨ ਤਾਂ ਤੁਸੀਂ ਖ਼ੁਸ਼ ਹੋਵੋਗੇ। ਇਨ੍ਹਾਂ ਮੈਚਾਂ ਨਾਲ ਦੋਵੇਂ ਟੀਮਾਂ ਜੇਤੂ ਹੋਣਗੀਆਂ ਚਾਹੇ ਮੈਦਾਨ 'ਤੇ ਜੋ ਵੀ ਨਤੀਜਾ ਨਿਕਲੇ।

ਇਨ੍ਹਾਂ ਮੈਚਾਂ ਵਿਚ ਸਾਨੂੰ ਕਾਫੀ ਦਰਸ਼ਕ ਮਿਲਣਗੇ ਤੇ ਕਾਫੀ ਅਰਸੇ ਤੋਂ ਬਾਅਦ ਪਹਿਲੀ ਵਾਰ ਦੋਵੇਂ ਦੇਸ਼ ਇਕ ਦੂਜੇ ਖ਼ਿਲਾਫ਼ ਕੋਈ ਸੀਰੀਜ਼ ਖੇਡਣਗੇ। ਇਨ੍ਹਾਂ ਮੈਚਾਂ ਨਾਲ ਜੋ ਫੰਡ ਇਕੱਠਾ ਹੋਵੇਗਾ ਉਸ ਨੂੰ ਦੋਵਾਂ ਦੇਸ਼ਾਂ ਵਿਚ ਬਰਾਬਰ ਵੰਡਿਆ ਜਾ ਸਕਦਾ ਹੈ ਜਿਸ ਦਾ ਇਸਤੇਮਾਲ ਕੋਰੋੋਨਾ ਖ਼ਿਲਾਫ਼ ਲੜਾਈ ਵਿਚ ਕੀਤਾ ਜਾ ਸਕਦਾ ਹੈ। ਸ਼ੋਇਬ ਅਖ਼ਤਰ ਨੇ ਕਿਹਾ ਕਿ ਇਸ ਸਮੇਂ ਦੋਵਾਂ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦੇ ਹੋਏ ਲਾਕਡਾਊਨ ਹੈ ਤੇ ਇਹ ਸੀਰੀਜ਼ ਤਦ ਹੋਣੀ ਚਾਹੀਦੀ ਹੈ ਜਦ ਸਥਿਤੀ ਥੋੜ੍ਹੀ ਠੀਕ ਹੋ ਜਾਵੇ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜਿੰਨੀ ਜਲਦੀ ਇਸ ਨੂੰ ਕਰਵਾਇਆ ਜਾਵੇਗਾ ਓਨਾ ਹੀ ਚੰਗਾ ਹੋਵੇਗਾ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸ ਤਰ੍ਹਾਂ ਨਾਲ ਇਨ੍ਹਾਂ 'ਤੇ ਕੰਮ ਕੀਤਾ ਜਾਵੇਗਾ।

ਇਸ ਸਮੇਂ ਸਭ ਆਪੋ-ਆਪਣੇ ਘਰਾਂ ਵਿਚ ਹਨ ਤੇ ਇਸ ਕਾਰਨ ਇਸ ਨੂੰ ਕਾਫੀ ਗਿਣਤੀ ਵਿਚ ਲੋਕ ਦੇਖਣਗੇ। ਜਿਵੇਂ ਹੀ ਸਥਿਤੀ ਵਿਚ ਸੁਧਾਰ ਆਵੇ ਉਵੇਂ ਹੀ ਇਨ੍ਹਾਂ ਮੈਚਾਂ ਨੂੰ ਨਿਰਪੱਖ ਥਾਂ 'ਤੇ ਜਿਵੇਂ ਕਿ ਦੁਬਈ ਵਿਚ ਕਰਵਾਇਆ ਜਾ ਸਕਦਾ ਹੈ। ਇਸ ਲਈ ਚਾਰਟਰਡ ਫਲਾਈਟ ਦਾ ਇਸਤੇਮਾਲ ਕਰ ਕੇ ਮੈਚ ਕਰਵਾਇਆ ਜਾ ਸਕਦਾ ਹੈ।

ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਵੀ ਹੋਵੇਗਾ ਸੁਧਾਰ :

ਸ਼ੋਇਬ ਨੇ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਸੀਰੀਜ਼ ਹੋਣ ਦੀ ਸੰਭਾਵਨਾ ਵਧੇਗੀ ਤੇ ਸਬੰਧਾਂ ਵਿਚ ਵੀ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਲ ਹਾਲਾਤ ਵਿਚ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਮੈਂ ਆਪਣੇ ਵੱਲੋਂ ਸਿਰਫ਼ ਇਕ ਪ੍ਰਸਤਾਵ ਰੱਖਿਆ ਹੈ ਪਰ ਇਹ ਦੋਵਾਂ ਦੇਸ਼ਾਂ 'ਤੇ ਨਿਰਭਰ ਰਗਦਾ ਹੈ ਕਿ ਅਜਿਹਾ ਹੋ ਸਕੇਗਾ ਜਾਂ ਨਹੀਂ।