ਵੇਲਿੰਗਟਨ (ਪੀਟੀਆਈ) : ਭਾਰਤ ਰੁੱਝੇ ਹੋਏ ਪ੍ਰੋਗਰਾਮ ਤੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਕਾਰਨ ਇਸ ਸਾਲ ਨਿਊਜ਼ੀਲੈਂਡ ਦਾ ਦੌਰਾ ਨਹੀਂ ਕਰੇਗਾ ਤੇ ਇਹ ਦੌਰਾ 2022 ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤ ਨੇ ਜੇ ਨਿਊਜ਼ੀਲੈਂਡ ’ਚ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੋਣਾ ਹੈ ਤਾਂ ਉਸ ਨੂੰ ਤਿੰਨ ਮੈਚਾਂ ਦੀ ਇਕ ਵਨ ਡੇ ਸੀਰੀਜ਼ ਖੇਡਣੀ ਪਵੇਗੀ ਪਰ ਇਸ ਲਈ ਉਸ ਨੂੰ 14 ਦਿਨ ਦੇ ਕੁਆਰੰਟਾਈਨ ’ਚ ਰਹਿਣਾ ਪਵੇਗਾ। ਨਿਊਜ਼ੀਲੈਂਡ ਕ੍ਰਿਕਟ (ਐੱਨਜ਼ੈੱਡਸੀ) ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਭਾਰਤ ਖ਼ਿਲਾਫ਼ ਮੈਚ ਆਸਟ੍ਰੇਲੀਆ ਵਿਚ ਅਗਲੇ ਸਾਲ ਟੀ-20 ਵਿਸ਼ਵ ਕੱਪ ਤੋਂ ਬਾਅਦ ਖੇਡੇ ਜਾਣਗੇ। ਨਿਊਜ਼ੀਲੈਂਡ ਨੇ ਇਸ ਸਾਲ ਨਵੰਬਰ ਵਿਚ ਦੋ ਟੈਸਟ ਤੇ ਤਿੰਨ ਟੀ-20 ਮੈਚਾਂ ਲਈ ਭਾਰਤ ਦਾ ਦੌਰਾ ਕਰਨਾ ਹੈ। ਨਿਊਜ਼ੀਲੈਂਡ ਗਰਮੀਆਂ ਵਿਚ ਬੰਗਲਾਦੇਸ਼, ਨੀਦਰਲੈਂਡ ਤੇ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਕਰੇਗਾ ਜਦਕਿ ਮਾਰਚ-ਅਪ੍ਰੈਲ ਵਿਚ ਦੇਸ਼ ਵਿਚ ਮਹਿਲਾ ਵਿਸ਼ਵ ਕੱਪ ਕਰਵਾਇਆ ਜਾਣਾ ਹੈ। ਬੰਗਲਾਦੇਸ਼ ਤੇ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹਨ। ਐੱਨਜ਼ੈੱਡਸੀ ਦੇ ਮੁੱਖ ਕਾਰਜਕਾਰੀ ਡੇਵਿਡ ਵਾਈਟ ਨੇ ਕਿਹਾ ਕਿ ਸਾਨੂੰ ਧਿਆਨ ਰੱਖਣਾ ਪਵੇਗਾ ਕਿ ਖਿਡਾਰੀ ਲੰਬੀਆਂ ਸਰਦੀਆਂ ਤੋਂ ਬਾਅਦ ਵਾਪਸ ਮੁੜਨਗੇ ਤੇ ਸਾਨੂੰ ਉਨ੍ਹਾਂ ਨੂੰ ਘਰ ਵਿਚ ਵੀ ਸਮਾਂ ਬਿਤਾਉਣ ਦਾ ਮੌਕਾ ਦੇਣਾ ਪਵੇਗਾ। ਕ੍ਰਿਸਮਸ ਤੋਂ ਠੀਕ ਪਹਿਲਾਂ ਭਾਰਤ ਤੋਂ ਮੁੜਨ ’ਤੇ ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ 14 ਦਿਨ ਦੇ ਕੁਆਰੰਟਾਈਨ ’ਚ ਰਹਿਣਾ ਪਵੇਗਾ। ਇਸ ਕਾਰਨ ਨਿਊਜ਼ੀਲੈਂਡ 26 ਦਸੰਬਰ ਤੋਂ ਬਾਕਸਿੰਗ ਡੇ ਟੈਸਟ ਦੀ ਮੇਜ਼ਬਾਨੀ ਨਹੀਂ ਕਰ ਸਕੇਗਾ ਤੇ ਬੰਗਲਾਦੇਸ਼ ਖ਼ਿਲਾਫ਼ ਪਹਿਲਾ ਮੁਕਾਬਲਾ 28 ਦਸੰਬਰ ਜਾਂ ਉਸ ਤੋਂ ਬਾਅਦ ਖੇਡਿਆ ਜਾਵੇਗਾ।

Posted By: Jatinder Singh