ਅਭਿਸ਼ੇਕ ਤਿ੍ਪਾਠੀ, ਨਵੀਂ ਦਿੱਲੀ : ਆਈਪੀਐੱਲ ਦੇ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਤੋਂ ਬਾਅਦ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਭਾਰਤ ਦੀ ਥਾਂ ਯੂਏਈ 'ਚ ਬਾਇਓ-ਬਬਲ ਵਿਚ ਕਰਵਾਇਆ ਜਾ ਸਕਦਾ ਹੈ। ਆਈਪੀਐੱਲ 'ਚ ਜਿਸ ਤਰ੍ਹਾਂ ਦੋ ਦਿਨਾਂ ਵਿਚ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਨਾਲ ਬੀਸੀਸੀਆਈ ਦੇ ਸਾਹਮਣੇ ਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਭਾਰਤ ਵਿਚ ਕਰਵਾਉਣ ਦੀ ਚੁਣੌਤੀ ਖੜ੍ਹੀ ਹੋ ਗਈ ਹੈ। ਟੀ-20 ਵਿਸ਼ਵ ਕੱਪ ਵਿਚ 16 ਟੀਮਾਂ ਨੇ ਹਿੱਸਾ ਲੈਣਾ ਹੈ ਤੇ ਇਸ ਕਾਰਨ ਵਿਦੇਸ਼ੀ ਟੀਮਾਂ ਆਪਣੇ ਖਿਡਾਰੀਆਂ ਨੂੰ ਭਾਰਤ ਵਿਚ ਭੇਜਣ ਤੋਂ ਮਨ੍ਹਾ ਕਰ ਸਕਦੀਆਂ ਹਨ। ਹਾਲਾਂਕਿ ਆਈਪੀਐੱਲ ਵਿਚ ਵੀ ਵਿਦੇਸ਼ੀ ਖਿਡਾਰੀ ਖੇਡ ਰਹੇ ਸਨ ਪਰ ਟੀ-20 ਵਿਸ਼ਵ ਕੱਪ ਦੀ ਤੁਲਨਾ ਵਿਚ ਉਨ੍ਹਾਂ ਦੀ ਗਿਣਤੀ ਕਾਫੀ ਘੱਟ ਸੀ। ਆਈਪੀਐੱਲ 'ਚ ਸਾਰੀਆਂ ਅੱਠ ਟੀਮਾਂ ਭਾਰਤੀ ਫਰੈਂਚਾਈਜ਼ੀਆਂ ਦੀਆਂ ਸਨ ਤੇ ਉਨ੍ਹਾਂ ਦੇ ਲਗਭਗ 60 ਫ਼ੀਸਦੀ ਖਿਡਾਰੀ ਭਾਰਤੀ ਸਨ ਜਦਕਿ ਲਗਭਗ 40 ਫ਼ੀਸਦੀ ਖਿਡਾਰੀ ਵਿਦੇਸ਼ੀ ਸਨ। ਇਸ ਕਾਰਨ ਜੇ ਉਸ ਸਮੇਂ ਭਾਰਤ ਵਿਚ ਕੋਰੋਨਾ ਨਾਲ ਹਾਲਾਤ ਖ਼ਰਾਬ ਹੁੰਦੇ ਹਨ ਤਾਂ ਹੋਰ ਦੇਸ਼ਾਂ ਦੇ ਕ੍ਰਿਕਟ ਬੋਰਡ ਜਾਂ ਉਨ੍ਹਾਂ ਦੇ ਦੇਸ਼ ਦੀਆਂ ਸਰਕਾਰਾਂ ਆਪਣੀਆਂ ਟੀਮਾਂ ਨੂੰ ਭਾਰਤ ਭੇਜਣ ਤੋਂ ਮਨ੍ਹਾ ਕਰ ਸਕਦੀਆਂ ਹਨ। ਉਥੇ ਸਿਹਤ ਮਾਹਿਰਾਂ ਨੇ ਵੀ ਸਤੰਬਰ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦੀ ਚਿਤਾਵਨੀ ਦਿੱਤੀ ਹੈ। ਭਾਰਤ ਵਿਚ ਅਜੇ ਵੀ ਸਥਿਤੀ ਗੰਭੀਰ ਬਣੀ ਹੋਈ ਹੈ ਤੇ ਪਿਛਲੇ ਕੁਝ ਸਮੇਂ ਤੋਂ ਹਰ ਦਿਨ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨਾਲ ਜ਼ਿਆਦਾਤਰ ਕ੍ਰਿਕਟ ਬੋਰਡ ਚਿੰਤਤ ਹਨ ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਅਜਿਹੀ ਸਥਿਤੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਟੀਮਾਂ ਦੀ ਸੁਰੱਖਿਆ ਨੂੰ ਲੈ ਕੇ ਜੋਖ਼ਮ ਨਹੀਂ ਉਠਾਏਗਾ। ਜੂਨ ਵਿਚ ਆਈਸੀਸੀ ਦੀ ਮੀਟਿੰਗ ਹੋਣੀ ਹੈ ਜਿਸ ਵਿਚ ਆਖ਼ਰੀ ਫ਼ੈਸਲਾ ਕੀਤਾ ਜਾਵੇਗਾ ਪਰ ਆਈਪੀਐੱਲ ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ ਭਾਰਤ ਵਿਚ ਟੂਰਨਾਮੈਂਟ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਵੈਸੇ ਵੀ ਯੂਏਈ ਨੂੰ ਸ਼ੁਰੂ ਤੋਂ ਹੀ ਟੀ-20 ਵਿਸ਼ਵ ਕੱਪ ਲਈ ਬਦਲ ਵਜੋਂ ਰੱਖਿਆ ਗਿਆ ਹੈ ਇਸ ਲਈ ਬੀਸੀਸੀਆਈ ਆਪਣੀ ਮੇਜ਼ਬਾਨੀ ਵਿਚ ਯੂਏਈ ਵਿਚ ਬਾਇਓ-ਬਬਲ ਵਿਚ ਇਸ ਨੂੰ ਸਫ਼ਲ ਤਰੀਕੇ ਨਾਲ ਕਰਵਾਉਣਾ ਚਾਹੇਗਾ। ਹਾਲਾਂਕਿ ਬੀਸੀਸੀਆਈ ਅਜੇ ਇਸ ਗੱਲ 'ਤੇ ਵਚਨਬੱਧ ਹੈ ਕਿ ਟੀ-20 ਵਿਸ਼ਵ ਕੱਪ ਨੂੰ ਭਾਰਤ ਵਿਚ ਕਰਵਾਇਆ ਜਾਵੇ ਪਰ ਇਸ ਬਾਰੇ ਆਖ਼ਰੀ ਫ਼ੈਸਲਾ ਇਕ ਮਹੀਨੇ ਵਿਚ ਲਿਆ ਜਾਵੇਗਾ।

ਬੀਸੀਸੀਆਈ ਦੀਆਂ ਚਿੰਤਾਵਾਂ 'ਚ ਵਾਧਾ :

ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਇਲਾਵਾ ਹੁਣ ਬੀਸੀਸੀਆਈ ਦੇ ਸਾਹਮਣੇ ਆਈਪੀਐੱਲ ਦੇ ਬਾਕੀ ਸੈਸ਼ਨ ਨੂੰ ਕਰਵਾਉਣ ਦੀ ਮੁਸ਼ਕਲ ਵੀ ਖੜ੍ਹੀ ਹੋ ਗਈ ਹੈ। ਹੁਣ ਤਕ ਕਾਮਯਾਬੀ ਨਾਲ ਚੱਲ ਰਹੇ ਆਈਪੀਐੱਲ ਦੇ ਅਚਾਨਕ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਨਾਲ ਬੀਸੀਸੀਆਈ ਦੀਆਂ ਚਿੰਤਾਵਾਂ ਵਧ ਗਈਆਂ ਹਨ। ਹਾਲਾਂਕਿ ਬੀਸੀਸੀਆਈ ਹੁਣ ਆਈਪੀਐੱਲ ਦੇ ਬਾਕੀ ਸੈਸ਼ਨ ਨੂੰ ਕਰਵਾਉਣ ਲਈ ਵਿੰਡੋ ਭਾਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਜਾਂ ਬਾਅਦ ਵਿਚ ਆਈਪੀਐੱਲ ਦੇ ਬਾਕੇ ਸੈਸ਼ਨ ਨੂੰ ਕਰਵਾ ਸਕਦੀ ਹੈ।