ਦੁਬਈ (ਏਜੰਸੀ) : ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਸੀਸੀ ਵਨ-ਡੇ ਰੈਂਕਿੰਗ 'ਚ ਵਿਅਕਤੀਗਤ ਸੂਚੀ 'ਚ ਟਾਪ 'ਤੇ ਕਾਇਮ ਹੈ, ਪਰ ਭਾਰਤ ਜੇਕਰ ਆਪਣੇ ਅਗਲੇ ਅੱਠ ਵਨ-ਡੇ ਮੁਕਾਬਲੇ ਜਿੱਤ ਲੈਂਦਾ ਹੈ ਤਾਂ ਉਹ ਟੀਮ ਰੈਂਕਿੰਗ ਦੇ ਪਹਿਲੇ ਥਾਂ 'ਤੇ ਚੱਲ ਰਹੇ ਇੰਗਲੈਂਡ ਤੋਂ ਮਹਿਜ ਇਕ ਅੰਕ ਪਿੱਛੇ ਰਹਿ ਜਾਵੇਗਾ।

ਭਾਰਤ ਨੂੰ ਆਸਟ੍ਰੇਲੀਆ ਖ਼ਿਲਾਫ਼ ਤਿੰਨ ਤੇ ਨਿਊਜ਼ੀਲੈਂਡ ਖ਼ਿਲਾਫ਼ ਪੰਜ ਵਨ-ਡੇ ਮੈਚ ਖੇਡਣੇ ਹਨ, ਜਿਸ ਨਾਲ ਉਹ 125 ਅੰਕ 'ਤੇ ਪੁੱਜ ਜਾਵੇਗਾ ਤੇ ਇੰਗਲੈਂਡ ਤੋਂ ਸਿਰਫ ਇਕ ਅੰਕ ਪਿੱਛੇ ਰਹੇਗਾ, ਪਰ ਅਜਿਹਾ ਤਾਂ ਹੀ ਹੋਵੇਗਾ ਜਦੋਂ ਉਹ ਆਪਣੇ ਸਾਰੇ ਅੱਠ ਮੈਚਾਂ 'ਚ ਜਿੱਤ ਹਾਸਲ ਕਰ ਲਵੇਗਾ, ਜਦਕਿ ਪਾਕਿਸਤਾਨ ਨੂੰ ਉਨ੍ਹਾਂ ਨੂੰ ਪਛਾੜਣ ਲਈ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾਉਣਾ ਹੋਵੇਗਾ।

ਇੰਗਲੈਂਡ ਦੀ ਟੀਮ ਤਾਲਿਕਾ 'ਚ 126 ਅੰਕ ਲੈ ਕੇ ਟਾਪ 'ਤੇ ਚੱਲ ਰਹੀ ਹੈ, ਜਦਕਿ ਇਸ ਸਮੇਂ ਭਾਰਤੀ ਟੀਮ 121 ਅੰਕ ਲੈ ਕੇ ਦੂਜੇ ਥਾਂ 'ਤੇ ਚੱਲ ਰਹੀ ਹੈ। ਬੱਲੇਬਾਜ਼ੀ ਸੂਚੀ 'ਚ ਕੋਹਲੀ (ਇਕ) ਤੇ ਰੋਹਿਤ ਸ਼ਰਮਾ (ਦੋ) ਨੇ ਆਪਣਾ ਥਾਂ ਕਾਇਮ ਰੱਖਿਆ ਹੈ, ਜਦਕਿ ਬੁਮਰਾਹ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਅਫ਼ਗਾਨਿਸਤਾਨ ਦੇ ਰਾਸ਼ਿਦ ਖਾਨ (ਦੂਜੇ) ਤੇ ਟੀਮ ਦੇ ਆਪਣੇ ਸਾਥੀ ਕੁਲਦੀਪ ਯਾਦਵ (ਤੀਜੇ) ਤੋਂ ਕਾਫੀ ਅੱਗੇ ਹਨ।

ਹੋਰਨਾਂ ਭਾਰਤੀਆਂ 'ਚ ਬੱਲੇਬਾਜ਼ ਸ਼ਿਖਰ ਧਵਨ ਨੌਵੇਂ ਥਾਂ 'ਤੇ ਹਨ, ਜਦਕਿ ਲੈਗ ਸਪਿਨਰ ਯੁਜਵੇਂਦਰਾ ਸਿੰਘ ਚਹਿਲ ਇੰਗਲੈਂਡ ਦੇ ਆਦਿਲ ਰਾਸ਼ਿਦ ਨਾਲ ਸੰਯੁਕਤ ਛੇਵੇਂ ਥਾਂ 'ਤੇ ਹਨ।

ਵਨ-ਡੇ ਟੀਮ ਰੈਂਕਿੰਗ 'ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਹਾਰ ਦੇ ਕੇ ਆਪਣਾ ਤੀਜਾ ਥਾਂ ਕਾਇਮ ਰੱਖਿਆ ਹੈ। ਉਸ ਨੇ ਇਕ ਅੰਕ ਹਾਸਲ ਕੀਤਾ, ਜਿਸ ਨਾਲ ਉਸ ਦੇ 113 ਅੰਕ ਹੋ ਗਏ, ਜਦਕਿ ਸ੍ਰੀਲੰਕਾ ਆਪਣੇ ਅੱਠਵੇਂ ਥਾਂ 'ਤੇ ਬਣਿਆ ਹੋਇਆ ਹੈ, ਪਰ ਉਹ ਇਕ ਅੰਕ ਗੁਆ ਚੁੱਕਿਆ ਹੈ, ਜਿਸ ਨਾਲ ਉਸ ਦੇ 78 ਅੰਕ ਹਨ।