ਨਵੀਂ ਦਿੱਲੀ (ਜੇਐੱਨਐੱਨ) : ਮੇਜ਼ਬਾਨ ਸ੍ਰੀਲੰਕਾ ਦੇ ਬੱਲੇਬਾਜ਼ਾਂ ਨੇ ਕੋਲੰਬੋ ਵਿਚ ਭਾਰਤ ਖ਼ਿਲਾਫ਼ ਦੂਜੇ ਵਨ ਡੇ ਮੈਚ ਵਿਚ ਕੁਝ ਬਿਹਤਰ ਪ੍ਰਦਰਸ਼ਨ ਕੀਤਾ ਪਰ ਇਸ ਦੇ ਬਾਵਜੂਦ ਉਸ ਦੀ ਟੀਮ ਪਿਛਲੇ ਮੈਚ ਦੀ ਤੁਲਨਾ ਵਿਚ ਸਿਰਫ਼ 13 ਦੌੜਾਂ ਦੀ ਵੱਧ ਬਣਾ ਸਕੀ। ਸ੍ਰੀਲੰਕਾ ਵੱਲੋਂ ਚਰਿਤ ਅਸਲੰਕਾ ਤੇ ਸਲਾਮੀ ਬੱਲੇਬਾਜ਼ ਅਵਿਸ਼ਕਾ ਫਰਨਾਂਡੋ ਨੇ ਅਰਧ ਸੈਂਕੜੇ ਲਾ ਕੇ ਆਪਣੀ ਟੀਮ ਨੂੰ 50 ਓਵਰਾਂ ਵਿਚ ਨੌਂ ਵਿਕਟਾਂ 'ਤੇ 275 ਦੌੜਾਂ ਦੇ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ। ਜਵਾਬ ਵਿਚ ਇਕ ਸਮੇਂ 160 ਦੌੜਾਂ 'ਤੇ ਛੇ ਵਿਕਟਾਂ ਗੁਆ ਕੇ ਮੁਸ਼ਕਲ 'ਚ ਨਜ਼ਰ ਆ ਰਹੀ ਭਾਰਤੀ ਟੀਮ ਨੂੰ ਮੈਨ ਆਫ ਦ ਮੈਚ ਦੀਪਕ ਚਾਹਰ ਨੇ 82 ਗੇਂਦਾਂ 'ਤੇ 69 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਤਿੰਨ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ। ਉਨ੍ਹਾਂ ਦਾ ਚੰਗਾ ਸਾਥ ਭੁਵਨੇਸ਼ਵਰ ਕੁਮਾਰ (ਅਜੇਤੂ 19) ਨੇ ਦਿੱਤਾ। ਭਾਰਤ ਨੇ ਪੰਜ ਗੇਂਦਾਂ ਬਾਕੀ ਰਹਿੰਦੇ ਹੀ ਟੀਚਾ ਹਾਸਲ ਕਰ ਲਿਆ ਤੇ ਇਸ ਨਾਲ ਤਿੰਨ ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਕਬਜ਼ੇ 'ਚ ਕਰ ਲਈ। ਇਸ ਤੋਂ ਪਹਿਲਾਂ ਮੱਧ ਕ੍ਰਮ ਦੇ ਬੱਲੇਬਾਜ਼ ਅਸਲੰਕਾ ਨੇ 68 ਗੇਂਦਾਂ ਵਿਚ ਛੇ ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾ ਕੇ ਆਪਣੇ ਕਰੀਅਰ ਦੀ ਸਰਬੋਤਮ ਪਾਰੀ ਖੇਡੀ ਜਦਕਿ ਫਰਨਾਂਡੋ ਨੇ 71 ਗੇਂਦਾਂ ਵਿਚ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਹੇਠਲੇ ਨੰਬਰ ਵਿਚ ਚਮਿਕਾ ਕਰੁਣਾਰਤਨੇ (ਅਜੇਤੂ 44, 33 ਗੇਂਦਾਂ, ਪੰਜ ਚੌਕੇ) ਨੇ ਤੇਜ਼ ਪਾਰੀ ਖੇਡੀ ਜਿਸ ਨਾਲ ਟੀਮ ਆਖ਼ਰੀ

16 ਓਵਰਾਂ ਵਿਚ 79 ਦੌੜਾਂ ਜੋੜਨ ਵਿਚ ਕਾਮਯਾਬ ਰਹੀ। ਭਾਰਤ ਵੱਲੋਂ ਲੈੱਗ ਸਪਿੰਨਰ ਯੁਜਵਿੰਦਰ ਸਿੰਘ ਚਹਿਲ ਨੇ 50 ਦੌੜਾਂ ਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ 54 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਲਈਆਂ। ਦੀਪਕ ਚਾਹਰ ਨੇ 53 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਹਾਰਦਿਕ ਨੇ ਆਪਣੇ ਚਾਰ ਓਵਰਾਂ ਵਿਚ 20 ਦੌੜਾਂ ਦਿੱਤੀਆਂ ਤੇ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ ਜਦਕਿ ਕੁਲਦੀਪ ਵੀ 10 ਓਵਰਾਂ ਵਿਚ 55 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਕਰਨ ਵਿਚ ਨਾਕਾਮ ਰਹੇ।