ਮੈਲਬੌਰਨ (ਪੀਟੀਆਈ) : ਸਾਬਕਾ ਕਪਤਾਨ ਮਾਰਕ ਟੇਲਰ ਨੇ ਕਿਹਾ ਹੈ ਕਿ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬਾਕਸਿੰਗ-ਡੇ ਟੈਸਟ ਵਰਗਾ ਕੋਈ ਵੀ ਵੱਡਾ ਮੈਚ ਦਰਸ਼ਕਾਂ ਨਾਲ ਪੂਰੇ ਭਰੇ ਸਟੇਡੀਅਮ ਵਿਚ ਖੇਡਿਆ ਜਾਣਾ ਚਾਹੀਦਾ ਹੈ ਤੇ ਵਿਕਟੋਰੀਆ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਮੈਚ ਨੂੰ ਮੈਲਬੌਰਨ ਕ੍ਰਿਕਟ ਕਲੱਬ (ਐੱਮਸੀਜੀ) ਤੋਂ ਹਟਾਉਣ ਵਿਚ ਝਿਜਕਣਾ ਨਹੀਂ ਚਾਹੀਦਾ। ਟੇਲਰ ਨੇ ਕਿਹਾ ਕਿ ਪਰਥ ਦਾ ਆਪਟਸ ਸਟੇਡੀਅਮ ਤੇ ਐਡੀਲੇਡ ਓਵਲ, ਜਿੱਥੇ ਹਾਲਾਤ ਕੰਟਰੋਲ ਵਿਚ ਹਨ, ਇਸ ਵੱਕਾਰੀ ਟੈਸਟ ਮੈਚ ਦੀ ਮੇਜ਼ਬਾਨੀ ਦਾ ਅਧਿਕਾਰ ਹਾਸਲ ਕਰਨ ਦੀ ਦੌੜ ਵਿਚ ਸ਼ਾਮਲ ਹਨ। ਪਿਛਲੇ ਕੁਝ ਦਿਨਾਂ ਵਿਚ ਵਿਕਟੋਰੀਆ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ ਜਿਸ ਨਾਲ ਮੈਲਬੌਰਨ ਦੇ ਕੁਝ ਹਿੱਸਿਆਂ ਵਿਚ ਲਾਕਡਾਊਨ ਲਾਗੂ ਕੀਤਾ ਜਾ ਸਕਦਾ ਹੈ। ਟੇਲਰ ਨੇ ਕਿਹਾ ਕਿ ਕੀ ਇਸ ਨੂੰ ਦੂਜੀ ਥਾਂ ਨਹੀਂ ਕਰਵਾਇਆ ਜਾ ਸਕਦਾ? ਬੇਸ਼ੱਕ, ਆਸਟ੍ਰੇਲੀਆ ਵਿਚ ਜੋ ਹੋ ਰਿਹਾ ਹੈ ਉਸ ਨੂੰ ਦੇਖਦੇ ਹੋਏ ਕ੍ਰਿਸਮਸ ਤਕ ਸ਼ਾਇਦ ਐੱਮਸੀਜੀ ਵਿਚ 10 ਜਾਂ 20 ਹਜ਼ਾਰ ਲੋਕਾਂ ਦੀ ਹੀ ਮੇਜ਼ਬਾਨੀ ਹੋ ਸਕੇ, ਜੋ ਆਸਟ੍ਰੇਲੀਆ ਤੇ ਭਾਰਤ ਵਰਗੇ ਵੱਡੇ ਟੈਸਟ ਲਈ ਕਾਫੀ ਚੰਗਾ ਨਹੀਂ ਲੱਗੇਗਾ। ਤੁਸੀਂ ਪਰਥ ਵਿਚ ਆਪਟਸ ਸਟੇਡੀਅਮ ਵਿਚ ਮੈਚ ਕਰਵਾ ਸਕਦੇ ਹੋ ਜਾਂ ਪੂਰੇ ਦਰਸ਼ਕਾਂ ਲਈ ਐਡੀਲੇਡ ਓਵਲ ਜਾ ਸਕਦੇ ਹੋ। ਐਡੀਲੇਡ ਦੇ ਲੋਕਾਂ ਨੂੰ ਭਾਰਤੀਆਂ ਨੂੰ ਖੇਡਦੇ ਹੋਏ ਦੇਖਣਾ ਪਸੰਦ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਦੇ ਮੈਚ ਦੇ ਟਿਕਟ 52 ਮਿੰਟ ਦੇ ਆਲੇ ਦੁਆਲੇ ਹੀ ਵਿਕ ਗਏ ਸਨ।

ਕ੍ਰਿਸਟੀਨਾ ਮੈਥਿਊਜ਼ ਨੇ ਕੀਤੀ ਸੀ ਨਿੰਦਾ : ਪੱਛਮੀ ਆਸਟ੍ਰੇਲੀਆ ਕ੍ਰਿਕਟ ਸੰਘ (ਵਾਕਾ) ਦੀ ਮੁਖੀ ਕ੍ਰਿਸਟੀਨਾ ਮੈਥਿਊਜ਼ ਨੇ ਇਸ ਹਾਈ ਪ੍ਰਰੋਫਾਈਲ ਟੈਸਟ ਸੀਰੀਜ਼ ਨੂੰ ਕਰਵਾਉਣ ਦੀ ਥਾਂ ਦੇ ਰੂਪ ਵਿਚ ਪਰਥ 'ਤੇ ਬਿ੍ਸਬਨ ਨੂੰ ਤਰਜੀਹ ਦੇਣ ਲਈ ਪਿਛਲੇ ਮਹੀਨੇ ਕ੍ਰਿਕਟ ਆਸਟ੍ਰੇਲੀਆ 'ਤੇ ਨਿਸ਼ਾਨਾ ਲਾਇਆ ਸੀ। ਟੇਲਰ ਦਾ ਮੰਨਣਾ ਹੈ ਕਿ ਵਾਕਾ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ ਦੀ ਮੇਜ਼ਬਾਨੀ ਦਾ ਮੌਕਾ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਆਪਟਸ ਸਟੇਡੀਅਮ ਵਿਚ 60 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਯੋਗਤਾ ਹੈ ਤੇ ਐੱਮਸੀਜੀ ਤੋਂ ਬਾਅਦ ਇਸ ਨੂੰ ਆਸਟੇਲੀਆ ਵਿਚ ਸਰਬੋਤਮ ਥਾਂ ਮੰਨਿਆ ਜਾਂਦਾ ਹੈ।