ਹੈਦਰਾਬਾਦ (ਏਜੰਸੀ) : ਭਾਰਤੀ ਕ੍ਰਿਕਟ ਟੀਮ ਮਿਸ਼ਨ ਟੀ-20 ਵਿਸ਼ਵ ਕੱਪ (2020) ਦੀਆਂ ਤਿਆਰੀਆਂ ਨੂੰ ਲੈ ਕੇ ਆਪਣੀਆਂ ਰਣਨੀਤੀਆਂ ਤਿਆਰ ਕਰਨ ਵਿਚ ਲੱਗੀ ਹੈ। ਇਸ ਕੜੀ ਵਿਚ ਸ਼ੁੱਕਰਵਾਰ ਤੋਂ ਟੀਮ ਇੰਡੀਆ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਲੜੀ ਦਾ ਆਗਾਜ਼ ਕਰੇਗੀ ਤਾਂ ਉਸ ਦਾ ਟੀਚਾ ਅਗਲੇ ਸਾਲ ਅਕਤੂਬਰ ਵਿਚ ਆਸਟ੍ਰੇਲੀਆ ਵਿਚ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ 'ਤੇ ਹੀ ਹੋਵੇਗਾ। ਵਿਸ਼ਵ ਕੱਪ ਮਿਸ਼ਨ ਵਿਚ ਕੁੱਦਣ ਤੋਂ ਪਹਿਲਾਂ ਟੀਮ ਇੰਡੀਆ ਕੋਲ 11 ਟੀ-20 ਅੰਤਰਰਾਸ਼ਟਰੀ ਮੈਚ ਹੀ ਬਚੇ ਹਨ। ਅਜਿਹੇ ਵਿਚ ਕੁਝ ਸਵਾਲ ਹਨ, ਜਿਨ੍ਹਾਂ ਦਾ ਹੱਲ ਟੀਮ ਇੰਡੀਆ ਨੂੰ ਇਨ੍ਹਾਂ ਬਚੇ ਹੋਏ 11 ਮੈਚਾਂ ਵਿਚ ਲੱਭਣਾ ਹੈ।

ਵੱਡੇ ਟੀਚੇ ਦੇਣ ਹੋਣਗੇ

ਟੀ-20 ਕ੍ਰਿਕਟ ਵਿਚ ਟੀਮ ਇੰਡੀਆ ਟੀਚੇ ਦਾ ਪਿੱਛਾ ਕਰਨਾ ਜ਼ਿਆਦਾ ਪਸੰਦ ਕਰਦੀ ਹੈ। 2017 ਦੀ ਸ਼ੁਰੂਆਤ ਵਿਚ ਜਦ ਮਹਿੰਦਰ ਸਿੰਘ ਧੋਨੀ ਨੇ ਕਪਤਾਨੀ ਛੱਡੀ ਸੀ, ਉਦੋਂ ਤੋਂ ਲੈ ਕੇ ਹੁਣ ਤਕ ਭਾਰਤੀ ਟੀਮ ਨੇ ਇਸ ਸਭ ਤੋਂ ਛੋਟੀ ਵੰਨਗੀ ਵਿਚ 45 ਮੈਚ ਖੇਡੇ ਹਨ। ਇਨ੍ਹਾਂ ਵਿਚ ਟੀਮ ਇੰਡੀਆ ਨੂੰ 30 ਵਿਚ ਜਿੱਤ ਮਿਲੀ, ਜਦਕਿ 14 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ 14 ਹਾਰਾਂ ਵਿਚੋਂ 10 ਹਾਰਾਂ ਉਦੋਂ ਮਿਲੀਆਂ ਹਨ, ਜਦ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰੋਧੀ ਟੀਮ ਲਈ ਟੀਚਾ ਤੈਅ ਕੀਤਾ। ਅਜਿਹੇ ਵਿਚ ਟੀਮ ਨੂੰ ਇਸ ਪਾਸੇ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ।

ਰਾਹੁਲ ਕੋਲ ਹੈ ਮੌਕਾ

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਕ ਰੋਜ਼ਾ ਕ੍ਰਿਕਟ ਵਿਚ ਸ਼ਿਖਰ ਧਵਨ ਬਤੌਰ ਓਪਨਰ ਇਕ ਮੈਚ ਜੇਤੂ ਖਿਡਾਰੀ ਹਨ ਪਰ ਟੀ-20 ਦੇ ਲਿਹਾਜ ਤੋਂ ਉਨ੍ਹਾਂ ਦੀ ਹੌਲੀ ਬੱਲੇਬਾਜ਼ੀ ਨੇ ਸਮੱਸਿਆ ਜ਼ਰੂਰ ਖੜ੍ਹੀ ਕੀਤੀ ਹੈ। ਉਹ ਸ਼ੁਰੂਆਤ ਵਿਚ ਜ਼ਿਆਦਾ ਖ਼ਾਲੀ ਗੇਂਦਾਂ ਕੱਢ ਰਹੇ ਹਨ ਅਤੇ ਬਾਅਦ ਵਿਚ ਵੀ ਇਸ ਦੀ ਭਰਪਾਈ ਵੀ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਦੀ ਖੇਡ ਰੋਹਿਤ ਸ਼ਰਮਾ ਵਰਗੀ ਨਹੀਂ ਹੈ ਤੇ ਨਾ ਹੀ ਉਹ ਵਿਰਾਟ ਕੋਹਲੀ ਦੀ ਤਰ੍ਹਾਂ ਤੇਜ਼ੀ ਨਾਲ ਇਕ-ਦੋ ਦੌੜਾਂ ਦੌੜਦੇ ਹਨ। ਸ਼ਿਖਰ ਇਸ ਲੜੀ ਵਿਚ ਸੱਟ ਕਾਰਨ ਮੌਜੂਦ ਨਹੀਂ ਹੋਣਗੇ ਅਤੇ ਅਜਿਹੇ ਵਿਚ ਕੇਐੱਲ ਰਾਹੁਲ ਕੋਲ ਇਸ ਥਾਂ 'ਤੇ ਕਬਜ਼ਾ ਕਰਨ ਦਾ ਸ਼ਾਨਦਾਰ ਮੌਕਾ ਹੈ। ਕਰਨਾਟਕ ਦੇ ਇਸ ਖਿਡਾਰੀ ਨੇ ਹਾਲ ਹੀ ਵਿਚ ਸੰਪੰਨ ਹੋਈ ਸਈਅਦ ਮੁਸ਼ਤਾਲ ਅਲੀ ਟੀ-20 ਟ੍ਰਾਫੀ ਵਿਚ ਕਾਫੀ ਦੌੜਾਂ ਬਣਾਈਆਂ ਹਨ।

ਸਪਿਨਰ ਹੋਣਗੇ ਅਹਿਮ

ਆਸਟ੍ਰੇਲੀਆ ਦੇ ਲਿਹਾਜ ਤੋਂ ਦੇਖਿਆ ਜਾਵੇ, ਜਿਥੇ ਵਿਕਟ ਦੀ ਸਤਹ ਠੋਸ ਰਹਿੰਦੀ ਹੈ, ਉਥੇ ਉਂਗਲੀ ਦੇ ਸਪਿਨਰਾਂ ਦੇ ਨਾਲ ਖੇਡਣਾ ਇਕ ਚੁਣੌਤੀ ਹੋ ਸਕਦਾ ਹੈ। ਇਸੇ ਕਾਰਨ ਵਿਰਾਟ ਦੀ ਅਗਵਾਈ ਵਾਲੀ ਟੀਮ ਇੰਡੀਆ ਸਫੈਦ ਗੇਂਦ ਵਾਲੀ ਵੰਨਗੀ ਵਿਚ ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਦੇ ਸਥਾਨ 'ਤੇ ਚਾਈਨਾਮੈਨ ਕੁਲਦੀਪ ਯਾਦਵ ਤੇ ਲੈਗ ਸਪਿਨਰ ਯੁਜਵਿੰਦਰਾ ਸਿੰਘ ਚਾਹਲ ਨੂੰ ਤਰਜ਼ੀਹ ਦੇ ਰਹੀ ਹੈ। ਗੇਂਦਬਾਜ਼ੀ ਵਿਚ ਤਾਂ ਇਹ ਬਦਲਾਅ ਕਾਰਗਰ ਸਾਬਤ ਹੋਇਆ ਹੈ ਪਰ ਇਸ ਨਾਲ ਟੀਮ ਦਾ ਬੱਲੇਬਾਜ਼ੀ ਸੰਤੁਲਨ ਵੀ ਪ੍ਰਭਾਵਿਤ ਹੋਇਆ ਹੈ। ਕੋਹਲੀ ਟੀ-20 ਵੰਨਗੀ ਵਿਚ ਟੀਮ ਦੀ ਬੱਲੇਬਾਜ਼ੀ ਵਿਚ ਜ਼ਿਆਦਾ ਡੂੰਘਾਈ ਵਿਚ ਵਿਸ਼ਵਾਸ ਦਿਖਾ ਰਹੇ ਹਨ। ਇਸ ਮਕਸਦ ਨਾਲ ਟੀਮ ਇੰਡੀਆ ਨੇ ਕਰੁਣਾਲ ਪਾਂਡਿਆ ਤੇ ਵਾਸ਼ਿੰਗਟਨ ਸੁੰਦਰ ਨੂੰ ਅਜਮਾਇਆ ਹੈ। ਸੁੰਦਰ ਪਾਵਰ ਪਲੇਅ ਦੌਰਾਨ ਵੀ ਚੰਗੀ ਗੇਂਦਬਾਜ਼ੀ ਕਰਦੇ ਹਨ ਅਤੇ ਕਰੁਣਾਲ ਲੰਮੇ-ਲੰਮੇ ਹਿੱਟ ਲਗਾ ਸਕਦੇ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਦੋਵੇਂ ਖਿਡਾਰੀ ਆਸਟ੍ਰੇਲੀਆ ਪਿੱਚਾਂ 'ਤੇ ਇਖ ਮੈਚ ਵਿਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕਰ ਸਕਦੇ ਹਨ।

ਮੱਧ ਕ੍ਰਮ ਵੀ ਸਮੱਸਿਆ

ਭਾਰਤੀ ਟੀਮ ਜਦ 2019 ਵਿਸ਼ਵ ਕੱਪ ਦੀ ਤਿਆਰੀਆਂ ਕਰ ਰਹੀ ਸੀ ਉਦੋਂ ਤੋਂ ਹੀ ਉਹ ਨੰਬਰ ਚਾਰ 'ਤੇ ਕਿਸੇ ਬੱਲੇਬਾਜ਼ ਨੂੰ ਸਥਾਪਤ ਨਹੀਂ ਕਰ ਸਕੀ। ਇਕ ਰੋਜ਼ਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਟੀਮ ਲਈ ਇਹ ਘਾਤਕ ਵੀ ਸਾਬਤ ਹੋਇਆ ਅਤੇ ਨਿਊਜ਼ੀਲੈਂਡ ਖਿਲਾਫ਼ ਟੀਮ ਨੂੰ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ। ਵਿਰਾਟ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰਨਗੇ, ਇਹ ਤੈਅ ਹੈ ਅਤੇ ਨੰਬਰ ਚਾਰ ਲਈ ਭਾਰਤੀ ਟੀਮ ਕੋਲ ਮਨੀਸ਼ ਪਾਂਡੇ, ਸ਼ੇ੍ਅਸ ਅਈਅਰ ਤੇ ਰਿਸ਼ਭ ਪੰਤ ਦੇ ਰੂਪ ਵਿਚ ਬਦਲ ਮੌਜੂਦ ਹਨ ਅਤੇ ਇਸ ਸਥਾਨ ਲਈ ਇੰਨੇ ਸਾਰੇ ਬਦਲ ਭਾਰਤੀ ਟੀਮ ਪ੍ਰਬੰਧਨ ਲਈ ਭੰਬਲਭੂਸਾ ਪੈਦਾ ਕਰਨਗੇ। ਬੰਗਲਾਦੇਸ਼ ਖ਼ਿਲਾਫ਼ ਅਈਅਰ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਪਾਂਡੇ ਵੀ ਵੱਡੇ-ਵੱਡੇ ਸਟ੍ਰੋਕਸ ਖੇਡਣ ਲਈ ਜਾਣੇ ਜਾਂਦੇ ਹਨ। ਇਹ ਪੰਤ 'ਤੇ ਆਪਣੀ ਥਾਂ ਨੂੰ ਲੈ ਕੇ ਖ਼ਤਰਾ ਮੰਡਰਾ ਰਿਹਾ ਹੈ ਕਿਉਂਕਿ ਜੇ ਉਹ ਇਥੇ ਫਲਾਪ ਹੋਏ ਤਾਂ ਫਿਰ ਉਨ੍ਹਾਂ ਦੇ ਬਦਲ ਦੇ ਤੌਰ 'ਤੇ ਸੰਜੂ ਸੈਮਸਨ ਵੀ ਬੈਠੇ ਹਨ।

ਚਾਹਰ ਦਾ ਇਸਤੇਮਾਲ

ਆਈਪੀਐੱਲ ਵਿਚ ਧੋਨੀ ਦੀਪਕ ਚਾਹਰ ਦੇ ਚਾਰ ਓਵਰਾਂ ਨੂੰ ਪਾਵਰ ਪਲੇਅ ਵਿਚ ਹੀ ਇਸਤੇਮਾਲ ਕਰਦੇ ਰਹੇ ਹਨ। ਚੇਨਈ ਸੁਪਰਕਿੰਗਸ (ਸੀਐੱਸਕੇ) ਲਈ ਆਈਪੀਐੱਲ ਖੇਡਣ ਵਾਲੇ ਇਸ ਖਿਡਾਰੀ ਨੇ ਬੰਗਲਾਦੇਸ਼ ਖਿਲਾਫ਼ ਕਾਫੀ ਪ੍ਰਭਾਵਿਤ ਕੀਤਾ। ਉਦੋਂ ਕਪਤਾਨ ਰੋਹਿਤ ਸ਼ਰਮਾ ਨੇ ਚਾਹਰ ਦੀ ਵਰਤੋਂ ਫਿਨਿਸ਼ਰ ਦੇ ਤੌਰ 'ਤੇ ਵੀ ਕੀਤੀ। ਬੰਗਲਾਦੇਸ਼ ਖਿਲਾਫ਼ ਇਕ ਮੈਚ ਵਿਚ ਸੱਤ ਦੌੜਾਂ ਦੇ ਕੇ ਛੇ ਵਿਕਟਾਂ ਲੈ ਕੇ ਪ੍ਰਦਰਸ਼ਨ ਕਰਨ ਤੋਂ ਬਾਅਦ ਇਸ ਨੌਜਵਾਨ ਤੇਜ਼ ਗੇਂਦਬਾਜ਼ ਨੇ ਕਿਹਾ ਸੀ ਕਿ ਬੁਮਰਾਹ ਦੀ ਹੀ ਤਰ੍ਹਾਂ ਮੇਰੀ ਵਰਤੋਂ ਹੋਵੇਗੀ। ਕੀ ਉਹ ਵਿੰਡੀਜ਼ ਦੇ ਸਾਹਮਣੇ ਵੀ ਅਜਿਹਾ ਪ੍ਰਦਰਸ਼ਨ ਕਰ ਸਕਦੇ ਹਨ? ਟੀਮ ਇੰਡੀਆ ਕੋਲ ਵੈਸੇ ਤਾਂ ਵਿਸ਼ਵ ਕੱਪ ਮਿਸ਼ਨ ਲਈ ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ ਤੇ ਜਸਪ੍ਰਰੀਤ ਬੁਮਰਾਹ ਮੌਜੂਦ ਹਨ ਪਰ ਬੁਮਰਾਹ ਫਿਲਹਾਲ ਸੱਟ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਨੂੰ ਤੰਦਰੁਸਤ ਹੋਣ 'ਚ ਸਮਾਂ ਲੱਗ ਸਕਦਾ ਹੈ। ਖਲੀਲ ਨੂੰ ਮਹਿੰਗਾ ਸਾਬਤ ਹੋਣਾ ਵੀ ਟੀਮ ਲਈ ਚੁਣੌਤੀ ਹੈ ਅਤੇ ਅਜਿਹੇ ਵਿਚ ਬੁਮਰਾਹ ਦੇ ਬਦਲ ਦੇ ਤੌਰ 'ਤੇ ਚਾਹਰ ਨੂੰ ਤਿਆਰ ਕਰਨਾ ਚਾਹੇਗੀ।

ਟੀਮਾਂ

ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼੍ਮਾ, ਕੇਐੱਲ ਰਾਹੁਲ, ਸ਼ਿਖਰ ਧਵਨ, ਰਿਸ਼ਭ ਪੰਤ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵਿੰਦਰਾ ਸਿੰਘ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ।

ਵੈਸਟਇੰਡੀਜ਼ : ਕੀਰੋਨ ਪੋਲਾਰਡ (ਕਪਤਾਨ), ਫੈਬਿਆਨ ਐਲੇਨ, ਬ੍ਰੇਂਡਨ ਕਿੰਗ, ਦਿਨੇਸ਼ ਰਾਮਦੀਨ, ਸ਼ੇਲਡਨ ਕਾਟਰੇਲ, ਇਵਨ ਲੁਇਸ, ਸ਼ੇਰਫੇਨ, ਰਦਰਫਾਰਡ, ਸ਼ਿਮਰੋਨ, ਹੈਟਮਾਇਰ, ਖਾਰੇ ਪਿਯਰੇ, ਲੇਂਡਲ ਸਿੰਮਸ, ਜੇਸਨ ਹੋਲਡਰ, ਹੇਡਨ ਵਾਲਸ਼ ਜੂਨੀਅਰ, ਕੀਮੋ ਪਾਲ, ਕੈਸਰਿਕ ਵਿਲੀਅਮਸ।